ਚੰਡੀਗੜ੍ਹ, 15 ਜੁਲਾਈ 2023 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਦੀਆਂ ਸਿਫ਼ਾਰਸ਼ਾਂ ਦੇ ਉਲਟ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਹੁਣ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਾਈਸ-ਚਾਂਸਲਰ (ਵੀਸੀ) ਡਾ: ਸੁਸ਼ੀਲ ਮਿੱਤਲ ਨੂੰ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ, ਗੁਰਦਾਸਪੁਰ ਦੇ ਵੀਸੀ ਦਾ ਵਾਧੂ ਚਾਰਜ ਦੇ ਦਿੱਤਾ ਹੈ। ਇਹ ਹੁਕਮ ਸਰਕਾਰ ਵੱਲੋਂ ਰਾਜ ਦੀਆਂ ਯੂਨੀਵਰਸਿਟੀਆਂ ਦੇ ਵੀਸੀ ਦੇ ਅਹੁਦੇ ਤੋਂ ਗਵਰਨਰਾਂ ਨੂੰ ਹਟਾਉਣ ਲਈ ਮੁੱਖ ਮੰਤਰੀ ਨੂੰ ਸ਼ਕਤੀਆਂ ਸੌਂਪਣ ਲਈ ਇੱਕ ਬਿੱਲ ਭੇਜੇ ਜਾਣ ਤੋਂ ਦੋ ਹਫ਼ਤੇ ਬਾਅਦ ਆਇਆ ਹੈ।
ਜ਼ਿਕਰਯੋਗ ਹੈ ਕਿ ਵਿਧਾਨ ਸਭਾ ਨੇ 20 ਜੂਨ ਨੂੰ ਪੰਜਾਬ ਯੂਨੀਵਰਸਿਟੀ ਕਾਨੂੰਨ (ਸੋਧ) ਬਿੱਲ, 2023 ਪਾਸ ਕੀਤਾ ਸੀ। ਜਿਸ ਦੀ ਕਾਨੂੰਨੀ ਪ੍ਰਕਿਰਿਆ ‘ਤੇ ਬਾਅਦ ਵਿਚ ਰਾਜਪਾਲ ਨੇ ਸਵਾਲ ਉਠਾਏ ਸਨ। ਜਿਵੇਂ ਕਿ ਬਿੱਲ ਨੂੰ ਰਾਜਪਾਲ ਦੀ ਮਨਜ਼ੂਰੀ ਦੀ ਉਡੀਕ ਹੈ, ਉਹ ਰਾਜ ਦੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਬਣੇ ਰਹਿਣਗੇ। ਇਸ ਤੋਂ ਪਹਿਲਾਂ ਵੀ ਪੰਜਾਬ ਦੀਆਂ ਦੋ ਵੱਡੀਆਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਨੂੰ ਲੈ ਕੇ ਗੰਵਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਆਹਮੋ-ਸਾਹਮਣੇ ਆ ਚੁੱਕੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ ਵਿਭਾਗ ਦੇ ਸਕੱਤਰ ਨੂੰ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਦਾ ਵਾਧੂ ਚਾਰਜ ਦੇਣ ਲਈ ਪੱਤਰ ਲਿਖਿਆ ਸੀ। ਜਿਸ ਨੂੰ ਰਾਜਪਾਲ ਨੇ ਰੱਦ ਕਰ ਦਿੱਤਾ ਹੈ। ਰਾਜਪਾਲ ਨੇ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਦੀ ਧਾਰਾ 9(5) ਦਾ ਹਵਾਲਾ ਦਿੱਤਾ ਅਤੇ ਡਾ. ਮਿੱਤਲ ਨੂੰ ਵਾਧੂ ਚਾਰਜ ਦਿੱਤਾ ਗਿਆ।