ਪੰਜਾਬ

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਸੂਬੇ ਦੀ ਈ.ਸੀ.ਸੀ.ਈ. ਨੀਤੀ ਵਿੱਚ ਲੋੜੀਂਦੀਆਂ ਤਬਦੀਲੀਆਂ ਕਰਨ ਲਈ ਸਿੱਖਿਆ ਵਿਭਾਗ ਨਾਲ ਕੀਤੀ ਅਹਿਮ ਮੀਟਿੰਗ

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਸੂਬੇ ਦੀ ਈ.ਸੀ.ਸੀ.ਈ. ਨੀਤੀ ਵਿੱਚ ਲੋੜੀਂਦੀਆਂ ਤਬਦੀਲੀਆਂ ਕਰਨ ਲਈ ਸਿੱਖਿਆ ਵਿਭਾਗ ਨਾਲ ਕੀਤੀ ਅਹਿਮ ਮੀਟਿੰਗ
  • PublishedJuly 6, 2023

ਕਿਹਾ, ਹਰੇਕ ਬੱਚੇ ਨੂੰ ਵਿਕਾਸ ਲਈ ਦੇਖਭਾਲ ਅਤੇ ਸਹੀ ਵਾਤਾਵਰਨ ਦੀ ਲੋੜ

ਚੰਡੀਗੜ੍ਹ, 6 ਜੁਲਾਈ 2023 (ਦੀ ਪੰਜਾਬ ਵਾਇਰ)। ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਦੀ ਪ੍ਰਧਾਨਗੀ ਹੇਠ ਸੂਬੇ ਵਿੱਚ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ (ਈ.ਸੀ.ਸੀ.ਈ.) ਨੀਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸਿੱਖਿਆ ਵਿਭਾਗ ਨਾਲ ਅੱਜ ਆਪਣੇ ਦਫ਼ਤਰ ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ ਅਹਿਮ ਮੀਟਿੰਗ ਕੀਤੀ ਗਈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ 0-6 ਸਾਲ ਦਾ ਸਮਾਂ ਹਰੇਕ ਬੱਚੇ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ ਜਦੋਂ ਉਸ ਨੂੰ ਸਰੀਰਕ, ਭਾਵਨਾਤਮਕ, ਮਨੋਵਿਗਿਆਨਕ ਅਤੇ ਸਮਾਜਿਕ ਸਹਾਇਤਾ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਕਿਉਂਕਿ ਇਹ ਉਨ੍ਹਾਂ ਦੇ ਭਵਿੱਖ ਦੀ ਨੀਂਹ ਰੱਖਦਾ ਹੈ। ਇਸ ਸੰਦਰਭ ਵਿੱਚ, ਈ.ਸੀ.ਸੀ.ਈ. ਇੱਕ ਸੁਰੱਖਿਆਤਮਕ ਵਾਤਾਵਰਣ ਵਿੱਚ ਸਿਹਤ ਸੰਭਾਲ, ਪੋਸ਼ਣ, ਪਲੇ ਵੇਅ ਅਤੇ ਸ਼ੁਰੂਆਤੀ ਸਿੱਖਣ ਦੇ ਪਹਿਲੂਆਂ ‘ਤੇ ਜ਼ੋਰ ਦਿੰਦਾ ਹੈ ਜੋ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬੇਹੱਦ ਲਾਹੇਵੰਦ ਹੈ।

ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ, 2020 ਦੇ ਮੱਦੇਨਜ਼ਰ ਰਾਜ ਦੀ ਈਸੀਸੀਈ ਨੀਤੀ ਵਿੱਚ ਲੋੜੀਂਦੀਆਂ ਤਬਦੀਲੀਆਂ ਕਰਨ ਲਈ ਸਿੱਖਿਆ ਵਿਭਾਗ ਅਤੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੀ ਲੋੜੀਂਦੀਆਂ ਸੋਧਾਂ ਕਰਨ ਉਪਰੰਤ ਅਪਡੇਟ ਨੀਤੀ 31 ਜੁਲਾਈ, 2023 ਤੱਕ ਤਿਆਰ ਕੀਤੀ ਜਾਣੀ ਹੈ।

ਇਸ ਮੌਕੇ ਵਧੀਕ ਮੁੱਖ ਸਕੱਤਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਸ੍ਰੀਮਤੀ ਰਾਜੀ ਪੀ. ਸ੍ਰੀਵਾਸਤਵਾ, ਡਾਇਰੈਕਟਰ ਸ੍ਰੀਮਤੀ ਮਾਧਵੀ ਕਟਾਰੀਆ, ਡੀ.ਪੀ.ਓ ਸ੍ਰੀ ਅਮਰਜੀਤ ਸਿੰਘ, ਸ੍ਰੀ ਸੁਖਜੀਤ ਸਿੰਘ ਅਤੇ ਸਿੱਖਿਆ ਵਿਭਾਗ ਦੇ ਨੁਮਾਇੰਦੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Written By
The Punjab Wire