ਅਬਦੁਲ ਕਲਾਮ ਆਜ਼ਾਦ ਯਾਦਗਾਰੀ ਲਾਇਬ੍ਰੇਰੀ ਬਣਾਉਣ ਲਈ ਵੀ ਗ੍ਰਾਂਟ ਜਾਰੀ ਕੀਤੀ
ਅੱਧੀ ਦਰਜਨ ਤੋਂ ਵੱਧ ਮਸਜਿਦਾਂ ਲਈ ਛੇ-ਛੇ ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਸ਼ੁਰੂ ਕੀਤੀ ਗਈ
ਸਾਡਾ ਟੀਚਾ ਮਸਜ਼ਿਦਾਂ, ਕਬਰਸਤਾਨਾਂ ਦੇ ਵਿਕਾਸ ਦੇ ਨਾਲ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਕਰਨਾ : ਏ.ਡੀ.ਜੀ.ਪੀ. ਐੱਮ.ਐੱਫ. ਫਾਰੂਕੀ
ਗੁਰਦਾਸਪੁਰ, 6 ਜੁਲਾਈ 2023 ( ਦੀ ਪੰਜਾਬ ਵਾਇਰ) । ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਪੰਜਾਬ ਵਕਫ਼ ਬੋਰਡ ਵੱਲੋਂ ਸੂਬੇ ਦੀਆਂ ਸਾਰੀਆਂ ਮਸਜਿਦਾਂ ਦੇ ਵਿਕਾਸ ਅਤੇ ਕਬਰਿਸਤਾਨਾਂ ਦੇ ਰਾਖਵੇਂਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਤਹਿਤ ਪਿਛਲੇ ਲੰਮੇ ਸਮੇਂ ਤੋਂ ਮਸਜਿਦਾਂ ਅਤੇ ਕਬਰਿਸਤਾਨਾਂ ਦੇ ਵਿਕਾਸ ਕਾਰਜਾਂ ਲਈ ਸਾਰੇ ਜ਼ਿਲ੍ਹਿਆਂ ਵਿੱਚ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਡੀ.ਜੀ.ਪੀ. ਜਨਾਬ ਐੱਮ.ਐੱਮ. ਫਾਰੂਕੀ ਜਿਨ੍ਹਾਂ ਕੋਲ ਪੰਜਾਬ ਵਕਫ ਬੋਰਡ ਦੇ ਪ੍ਰਸ਼ਾਸਕ ਦਾ ਅਹੁਦਾ ਵੀ ਹੈ ਨੇ ਦੱਸਿਆ ਕਿ ਪਿਛਲੇ ਪੰਜ ਮਹੀਨਿਆਂ ਦੌਰਾਨ ਪੰਜਾਬ ਵਕਫ਼ ਬੋਰਡ ਦੇ ਗੁਰਦਾਸਪੁਰ ਸਰਕਲ ਵਿੱਚ ਮਸਜਿਦਾਂ ਦੇ ਵਿਕਾਸ ਲਈ 10.50 ਲੱਖ ਰੁਪਏ ਜਾਰੀ ਕੀਤੇ ਗਏ ਹਨ, ਜਿਸ ਤਹਿਤ ਮਸਜਿਦ ਅਬੂ ਬਕਰਗਾਉਂ ਸੌਲੀ ਭਉਲੀ ਨੂੰ 1 ਲੱਖ ਰੁਪਏ, ਨੂਰਾਨੀ ਮਸਜਿਦ ਪਿੰਡ ਔਲਖ ਕਲਾਂ ਨੂੰ 1.50 ਲੱਖ ਰੁਪਏ ਦਿੱਤੇ ਗਏ ਹਨ। ਮਰਕਜ਼ ਜਾਮਾ ਮਸਜਿਦ ਪਿੰਡ ਫੂਲ ਪਿਆਰਾ ਨੂੰ 2 ਲੱਖ, ਅੱਕਾ ਮਸਜਿਦ ਪਿੰਡ ਕੀੜੀ ਅਫ਼ਗਾਨਾ ਨੂੰ 1 ਲੱਖ, ਜਾਮਾ ਮਸਜਿਦ ਪਿੰਡ ਅਬਾਦੀ ਮਾਨਵਾਲ ਉਪਰਲਾ ਨੂੰ 2 ਲੱਖ ਰੁਪਏ ਦਿੱਤੇ ਗਏ ਹਨ। ਜਦਕਿ ਪਠਾਕਕੋਟ ਸਥਿਤ ਅਬੁਦਲ ਕਲਾਮ ਲਾਇਬ੍ਰੇਰੀ ਭਰੋਲੀ ਕਲਾਂ ਨੂੰ 3 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ।
ਜਨਾਬ ਐੱਮ.ਐੱਮ. ਫਾਰੂਕੀ ਨੇ ਅੱਗੇ ਦੱਸਿਆ ਕਿ ਗੁਰਦਾਸਪੁਰ ਵਿੱਚ ਪਿਛਲੇ ਪੰਜ ਮਹੀਨਿਆਂ ਵਿੱਚ ਪਠਾਨਕੋਟ ਦੇ ਪਿੰਡ ਮਾਮੂਨ, ਪਿੰਡ ਸੁਲਤਾਨਪੁਰ, ਗੁਰਦਾਸਪੁਰ ਦੇ ਪਿੰਡ ਸ਼ਾਲੋਵਾਲ, ਪਨਿਆੜ, ਹਰਪੁਰਾ ਦੇ ਕਬਰਸਤਾਨਾਂ ਨੂੰ ਰਾਖਵਾਂ ਕਰਕੇ ਮੁਸਲਿਮ ਭਾਈਚਾਰੇ ਨੂੰ ਸੌਂਪ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਮਸਜਿਦ ਫ਼ਿਰੋਜ਼ਪੁਰ ਕਲਾਂ, ਨਵਾਂਪਿੰਡ ਮਸਜਿਦ, ਪਿੰਡ ਭੜੋਲੀ ਕਲਾਂ, ਪਿੰਡ ਕੁੰਡੇ, ਤੰਗੋ ਸ਼ਾਹ, ਪਿੰਡ ਗਹਿਲ, ਪਿੰਡ ਮਾੜੀਪੰਨਵਾਂ, ਬਟਾਲਾ ਗਰਬੀ ਦੀਆਂ ਨਵੀਆਂ ਮਸਜਿਦਾਂ ਨੂੰ ਛੇ-ਛੇ ਹਜ਼ਾਰ ਰੁਪਏ ਦੀ ਮਾਸਿਕ ਵਿੱਤੀ ਸਹਾਇਤਾ ਜਾਰੀ ਕੀਤੀ ਗਈ ਹੈ। ਏ.ਡੀ.ਜੀ.ਪੀ. ਜਨਾਬ ਐੱਮ.ਐੱਫ. ਫਾਰੂਕੀ ਨੇ ਕਿਹਾ ਕਿ ਸਾਰੀਆਂ ਮਸਜਿਦਾਂ ਦੇ ਵਿਕਾਸ ਲਈ ਫੰਡ ਜਾਰੀ ਕੀਤੇ ਜਾ ਰਹੇ ਹਨ ਅਤੇ ਕਬਰਸਤਾਨਾਂ ਨੂੰ ਰਾਖਵਾਂ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਚਾਰਦੀਵਾਰੀ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਕਫ਼ ਬੋਰਡ ਸਿੱਖਿਆ ਅਤੇ ਸਿਹਤ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਵੱਡੇ ਪੱਧਰ `ਤੇ ਕੰਮ ਕਰ ਰਿਹਾ ਹੈ।
ਪੰਜਾਬ ਵਕਫ ਬੋਰਡ ਦੇ ਅਸਟੇਟ ਅਫ਼ਸਰ ਜਨਾਬ ਨਾਵੇਦ ਅਖਤਰ ਨੇ ਦੱਸਿਆ ਕਿ ਪੰਜਾਬ ਵਕਫ ਬੋਰਡ ਦੇ ਪ੍ਰਸ਼ਾਸਕ ਏ.ਡੀ.ਜੀ.ਪੀ ਜਨਾਬ ਐੱਮ.ਐੱਫ. ਫਾਰੂਕੀ ਆਈ.ਪੀ.ਐਸ ਦੀ ਅਗਵਾਈ ਹੇਠ ਲਗਾਤਾਰ ਵਧੀਆ ਕੰਮ ਹੋ ਰਿਹਾ ਹੈ। ਇਧਰ ਜਿੱਥੇ ਪੂਰੇ ਸੂਬੇ ਵਿੱਚ ਮਸਜਿਦਾਂ ਨੂੰ ਗਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਗੁਰਦਾਸਪੁਰ ਵਿੱਚ ਵੀ ਮੁਸਲਿਮ ਭਾਈਚਾਰੇ ਦੇ ਪਹਿਲ ਦੇ ਆਧਾਰ ’ਤੇ ਕੰਮ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਕਫ਼ ਬੋਰਡ ਵਿੱਚ ਪਾਰਦਰਸ਼ਤਾ ਲਿਆਂਦੀ ਗਈ ਹੈ ਅਤੇ ਵਕਫ਼ ਬੋਰਡ ਦੀਆਂ ਥਾਵਾਂ ’ਤੇ ਨਾਜਾਇਜ਼ ਤੌਰ ’ਤੇ ਬੈਠੇ ਵਿਅਕਤੀਆਂ ਨੂੰ ਕਾਨੂੰਨ ਅਨੁਸਾਰ ਰੈਗੂਲਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਗੁਰਦਾਸਪੁਰ ਸਰਕਲ ਵਿੱਚ 2.42 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋਇਆ ਹੈ।