ਪੰਜਾਬ ਮੁੱਖ ਖ਼ਬਰ

ਪੇਡਾ ਨੇ ਪੀ.ਐੱਮ.-ਕੁਸੁਮ ਸਕੀਮ ਤਹਿਤ ਸੋਲਰ ਪੰਪ ਲਗਾਉਣ ਲਈ ਅਰਜ਼ੀਆਂ ਦੀ ਮੰਗ ਨਹੀਂ ਕੀਤੀ: ਅਮਨ ਅਰੋੜਾ

ਪੇਡਾ ਨੇ ਪੀ.ਐੱਮ.-ਕੁਸੁਮ ਸਕੀਮ ਤਹਿਤ ਸੋਲਰ ਪੰਪ ਲਗਾਉਣ ਲਈ ਅਰਜ਼ੀਆਂ ਦੀ ਮੰਗ ਨਹੀਂ ਕੀਤੀ: ਅਮਨ ਅਰੋੜਾ
  • PublishedMay 30, 2023

ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਵੱਲੋਂ ਸੋਲਰ ਪੰਪਾਂ ਦੇ ਨਾਂ ‘ਤੇ ਧੋਖਾਧੜੀ ਸਬੰਧੀ ਸ਼ਿਕਾਇਤਾਂ ਲਈ ਸੰਪਰਕ ਨੰਬਰ ਜਾਰੀ

ਚੰਡੀਗੜ੍ਹ, 30 ਮਈ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਸਪੱਸ਼ਟ ਕੀਤਾ ਹੈ ਕਿ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਪੀ.ਐੱਮ.-ਕੁਸੁਮ ਸਕੀਮ ਤਹਿਤ ਸੂਬੇ ਵਿੱਚ ਖੇਤੀਬਾੜੀ ਸੋਲਰ ਪੰਪ ਲਗਾਉਣ ਲਈ ਅਰਜ਼ੀਆਂ ਦੀ ਮੰਗ ਨਹੀਂ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਭੋਲੇ-ਭਾਲੇ ਲੋਕਾਂ ਨੂੰ ਸੋਲਰ ਪੰਪ ਲਗਵਾਉਣ ਦਾ ਝਾਂਸਾ ਦੇਣ ਲਈ ਫਰਜ਼ੀ ਫੇਸਬੁੱਕ ਅਕਾਊਂਟ ਅਤੇ ਪੀ.ਐੱਮ.-ਕੁਸੁਮ ਪੋਰਟਲ ਬਣਾਇਆ ਗਿਆ ਹੈ। ਇਹ ਸ਼ਰਾਰਤੀ ਅਨਸਰ ਕਿਸਾਨਾਂ ਤੋਂ ਐਡਵਾਂਸ ਰਕਮ ਤੋਂ ਇਲਾਵਾ ਉਨ੍ਹਾਂ ਦੇ ਜ਼ਮੀਨ, ਬੈਂਕ ਖਾਤਿਆਂ, ਆਧਾਰ ਕਾਰਡ ਸਬੰਧੀ ਦਸਤਾਵੇਜ਼ ਅਤੇ ਫੋਟੋਆਂ ਮੰਗ ਰਹੇ ਹਨ।

ਅਜਿਹੇ ਸ਼ਰਾਰਤੀ ਅਨਸਰਾਂ ਨੂੰ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੰਦਿਆਂ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਨੇ ਪੇਡਾ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਇਸ ਮਾਮਲੇ ਦੀ ਜਾਂਚ ਕਰਵਾਉਣ ਲਈ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇ।

ਉਨ੍ਹਾਂ ਨੇ ਪੇਡਾ ਦੇ ਅਧਿਕਾਰੀਆਂ ਦੇ ਸੰਪਰਕ ਨੰਬਰ ਜਾਰੀ ਕੀਤੇ ਹਨ ਤਾਂ ਜੋ ਜੇਕਰ ਕੋਈ ਇਸ ਸਕੀਮ ਤਹਿਤ ਸੋਲਰ ਪੰਪ ਲਗਵਾਉਣ ਲਈ ਪੈਸੇ ਜਾਂ ਦਸਤਾਵੇਜ਼ਾਂ ਦੀ ਮੰਗ ਕਰਦਾ ਹੈ ਤਾਂ ਇਸ ਸਬੰਧੀ ਤੁਰੰਤ ਜੁਆਇੰਟ ਡਾਇਰੈਕਟਰ ਸ੍ਰੀ ਰਾਜੇਸ਼ ਬਾਂਸਲ (94174-80801), ਸੀਨੀਅਰ ਮੈਨੇਜਰ ਸ੍ਰੀ ਹਰਨੇਕ ਸਿੰਘ (94178-51616) ਅਤੇ ਮੈਨੇਜਰ ਸ੍ਰੀ ਨਯਾਬ ਮਿੱਤਲ (79867-37895) ਨਾਲ ਸੰਪਰਕ ਕੀਤਾ ਜਾਵੇ।

ਕਿਸਾਨਾਂ ਨੂੰ ਅਜਿਹੇ ਸ਼ਰਾਰਤੀ ਅਨਸਰਾਂ ਦੇ ਝਾਂਸੇ ਵਿੱਚ ਨਾ ਆਉਣ ਦੀ ਅਪੀਲ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਜੇਕਰ ਕਿਸਾਨਾਂ ਨੂੰ ਇਸ ਸਬੰਧੀ ਕੋਈ ਇਸ਼ਤਿਹਾਰ ਜਾਂ ਸੋਸ਼ਲ ਮੀਡੀਆ ਸੰਦੇਸ਼ ਮਿਲਦਾ ਹੈ ਤਾਂ ਉਹ ਉਪਰੋਕਤ ਪੇਡਾ ਅਧਿਕਾਰੀਆਂ ਨਾਲ ਤੁਰੰਤ ਫ਼ੋਨ ਉਤੇ ਸੰਪਰਕ ਕਰਨ।

ਉਨ੍ਹਾਂ ਕਿਹਾ ਕਿ ਜਦੋਂ ਵੀ ਪੇਡਾ ਵੱਲੋਂ ਪੀ.ਐੱਮ.-ਕੁਸੁਮ ਸਕੀਮ ਤਹਿਤ ਸੋਲਰ ਪੰਪ ਸੈੱਟ ਲਗਾਉਣ ਲਈ ਅਰਜ਼ੀਆਂ ਮੰਗੀਆਂ ਜਾਣਗੀਆਂ ਤਾਂ ਇਸ ਸਬੰਧੀ ਅਖ਼ਬਾਰਾਂ ਅਤੇ ਹੋਰ ਅਧਿਕਾਰਤ ਮੀਡੀਆ ਪਲੇਟਫਾਰਮਾਂ ਰਾਹੀਂ ਸਾਰਿਆਂ ਨੂੰ ਸੂਚਿਤ ਕੀਤਾ ਜਾਵੇਗਾ।

Written By
The Punjab Wire