ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੇ ਐਸ.ਐਸ.ਐਮ ਕਾਲਜ ਵਿੱਚ ਫਸਟ ਏਡ ਬਾਰੇ ਜਾਣਕਾਰੀ ਦਿੱਤੀ
ਗੁਰਦਾਸਪੁਰ, 30 ਮਈ 2023 (ਦੀ ਪੰਜਾਬ ਵਾਇਰ)। ਡੀਸੀ-ਕਮ-ਚੇਅਰਮੈਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਡਾ: ਹਿਮਾਂਸ਼ੂ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਵੱਲੋਂ ਅਮਨਦੀਪ ਹਸਪਤਾਲ ਅੰਮ੍ਰਿਤਸਰ ਦੇ ਸਹਿਯੋਗ ਨਾਲ ਐੱਸਐੱਸਐੱਮ ਕਾਲਜ ਦੀਨਾਨਗਰ ਵਿਖੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਫਸਟ ਏਡ ਬਾਰੇ ਜਾਣਕਾਰੀ ਦਿੱਤੀ ਗਈ। ਇਹ ਜਾਣਕਾਰੀ ਸਕੱਤਰ-ਕਮ-ਜ਼ਿਲ੍ਹਾ ਸਿਖਲਾਈ ਅਫ਼ਸਰ ਰਾਜੀਵ ਸਿੰਘ ਅਤੇ ਅਮਨਦੀਪ ਹਸਪਤਾਲ ਦੇ ਮੈਡੀਕਲ ਅਫ਼ਸਰ ਡਾ: ਗੁਰਵੀਰ ਸਿੰਘ ਨੇ ਦਿੱਤੀ।
ਰਾਜੀਵ ਸਿੰਘ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨਾਲ ਕੋਈ ਹਾਦਸਾ ਵਾਪਰਦਾ ਹੈ ਤਾਂ ਸਾਨੂੰ ਕਦੇ ਘਬਰਾਉਣਾ ਨਹੀਂ ਚਾਹੀਦਾ ਸਗੋਂ ਸਮਝਦਾਰੀ ਤੋਂ ਕੰਮ ਲੈ ਕੇ ਜ਼ਖਮੀ ਵਿਅਕਤੀ ਦੀ ਸਹੀ ਮਦਦ ਕਰਨੀ ਚਾਹੀਦੀ ਹੈ। ਪਰ ਇਹ ਸਭ ਤਾਂ ਹੀ ਸੰਭਵ ਹੋ ਸਕਦਾ ਹੈ, ਜੇਕਰ ਸਾਨੂੰ ਫਸਟ ਏਡ ਦਾ ਸਹੀ ਗਿਆਨ ਹੋਵੇ। ਜੇਕਰ ਵਿਅਕਤੀ ਦੇ ਨੱਕ ਅਤੇ ਮੂੰਹ ਵਿੱਚੋਂ ਖੂਨ ਆ ਰਿਹਾ ਹੈ ਜਾਂ ਵਿਅਕਤੀ ਬੇਹੋਸ਼ ਹੈ ਅਤੇ ਸਾਹ ਚੱਲ ਰਿਹਾ ਹੈ, ਤਾਂ ਉਸ ਵਿਅਕਤੀ ਨੂੰ ਵੱਖੀ ਭਾਰ ਕਰਕੇ ਕਹੀ ਸਥਿਤੀ ਵਿੱਚ ਹਸਪਤਾਲ ਲਿਆਂਦਾ ਜਾਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਵਿਅਕਤੀ ਦੇ ਫੇਫੜਿਆਂ ਵਿਚ ਖੂਨ ਨਹੀਂ ਜਾਂਦਾ ਅਤੇ ਉਸ ਲਈ ਸਾਹ ਲੈਣਾ ਆਸਾਨ ਹੋ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਦੇ ਗਲੇ ਵਿੱਚ ਕੋਈ ਚੀਜ਼ ਫਸ ਜਾਂਦੀ ਹੈ ਤਾਂ ਉਸ ਨੂੰ ਕਿਸ ਤਰੀਕੇ ਨਾਲ ਬਾਹਰ ਕੱਢਿਆ ਜਾਵੇ। ਜੇਕਰ ਕਿਸੇ ਵਿਅਕਤੀ ਦੀ ਹੱਡੀ ਟੁੱਟ ਜਾਂਦੀ ਹੈ ਤਾਂ ਉਸ ਸਮੇਂ ਅਸੀਂ ਆਪਣੇ ਆਲੇ-ਦੁਆਲੇ ਪਈਆਂ ਚੀਜ਼ਾਂ ਦੀ ਵਰਤੋਂ ਕਿਵੇਂ ਕਰੀਏ। ਡਾ: ਗੁਰਵੀਰ ਸਿੰਘ ਨੇ ਬੱਚਿਆਂ ਨੂੰ ਬਣਾਵਟੀ ਸਾਹ ਲੈਣ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਇਸ ਦਾ ਅਭਿਆਸ ਵੀ ਕਰਵਾਇਆ |
ਇਸ ਮੌਕੇ ਪਿ੍ੰਸੀਪਲ ਡਾ: ਆਰ.ਕੇ ਤੁਲੀ ਨੇ ਧੰਨਵਾਦ ਕਰਦਿਆਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਜੀਵਨ ਵਿਚ ਇਸ ਤਰ੍ਹਾਂ ਦੀ ਸਿਖਲਾਈ ਬਾਰੇ ਜਾਣਕਾਰੀ ਜ਼ਰੂਰ ਲੈਣੀ ਚਾਹੀਦੀ ਹੈ ਕਿਉਂਕਿ ਕਿਸੇ ਵੀ ਵਿਅਕਤੀ ਨਾਲ ਕਿਸੇ ਵੀ ਸਮੇਂ ਅਤੇ ਸਥਾਨ ‘ਤੇ ਹਾਦਸਾ ਵਾਪਰ ਸਕਦਾ ਹੈ | ਕਾਲਜ ਅਜਿਹੇ ਕੰਮਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਮੇਸ਼ਾ ਸਹਿਯੋਗ ਦੇਵੇਗਾ। ਇਸ ਮੌਕੇ ਪ੍ਰੋ. ਪ੍ਰਬੋਧ ਗਰੋਵਰ, ਪ੍ਰੋ. ਸੁਬੀਰ, ਪ੍ਰੋ. ਸੋਨੂੰ ਆਦਿ ਹਾਜ਼ਰ ਸਨ।