Close

Recent Posts

ਪੰਜਾਬ

ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ, ਉਸਦੇ ਨਿੱਜੀ ਸਹਾਇਕ ਰਸ਼ਿਮ ਗਰਗ ਵਿਰੁੱਧ ਰਿਸ਼ਵਤ ਕੇਸ ਸਬੰਧੀ ਵਿਜੀਲੈਂਸ ਵੱਲੋਂ ਅਦਾਲਤ ਵਿੱਚ ਚਲਾਣ ਪੇਸ਼

ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ, ਉਸਦੇ ਨਿੱਜੀ ਸਹਾਇਕ ਰਸ਼ਿਮ ਗਰਗ ਵਿਰੁੱਧ ਰਿਸ਼ਵਤ ਕੇਸ ਸਬੰਧੀ ਵਿਜੀਲੈਂਸ ਵੱਲੋਂ ਅਦਾਲਤ ਵਿੱਚ ਚਲਾਣ ਪੇਸ਼
  • PublishedApril 18, 2023

ਚੰਡੀਗੜ, 18 ਅਪ੍ਰੈਲ 2023 (ਦੀ ਪੰਜਾਬ ਵਾਇਰ)। ਪੰਜਾਬ ਵਿਜੀਲੈਂਸ ਬਿਊਰੋ ਨੇ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਅਤੇ ਉਸ ਦੇ ਪੀ.ਏ. ਰਸ਼ਿਮ ਗਰਗ ਦੇ ਖਿਲਾਫ ਦਰਜ ਐਫਆਈਆਰ ਨੰਬਰ 1, ਮਿਤੀ 16-02-2023 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈਪੀਸੀ ਦੀ ਧਾਰਾ 120-ਬੀ ਤਹਿਤ ਬਠਿੰਡਾ ਰੇਂਜ ਦੇ ਵਿਜੀਲੈਂਸ ਪੁਲਿਸ ਥਾਣੇ ਵਿਚ ਦਰਜ ਕੇਸ ਸਬੰਧੀ ਬਠਿੰਡਾ ਅਦਾਲਤ ਵਿੱਚ ਚਲਾਣ ਪੇਸ਼ ਕਰ ਦਿੱਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ 16.02.2023 ਨੂੰ ਬਠਿੰਡਾ ਰੇਂਜ ਵਿਜੀਲੈਂਸ ਟੀਮ ਨੇ ਬਠਿੰਡਾ ਦਿਹਾਤੀ ਦੇ ਵਿਧਾਇਕ ਦੇ ਉਕਤ ਨਿੱਜੀ ਸਹਾਇਕ ਨੂੰ ਚਾਰ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਨ ਉਪਰੰਤ ਭ੍ਰਿਸ਼ਟਾਚਾਰ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਉਕਤ ਵਿਧਾਇਕ ਨੂੰ ਵੀ 20-02-2023 ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ ਕਿਉਂਕਿ ਉਸ ਦੇ ਪੀ.ਏ ਨੇ ਵਿਧਾਇਕ ਦੇ ਨਾਂ ਉਤੇ ਹੀ ਇਹ ਰਿਸ਼ਵਤ ਵਸੂਲ ਕੀਤੀ ਸੀ।

ਇਸ ਮਾਮਲੇ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਸਰਕਾਰ ਵੱਲੋਂ ਸਾਲ 2022-23 ਦੌਰਾਨ 15ਵੇਂ ਵਿੱਤ ਕਮਿਸ਼ਨ ਅਧੀਨ ਪਿੰਡ ਘੁੱਦਾ, ਜਿਲਾ ਬਠਿੰਡਾ ਨੂੰ 25 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਸੀ, ਜੋ ਹਾਲੇ ਪੰਚਾਇਤ ਨੂੰ ਦੇਣੀ ਸੀ ਪਰ ਉਕਤ ਪ੍ਰਾਈਵੇਟ ਪੀ.ਏ. ਰਸ਼ਿਮ ਗਰਗ ਨੇ ਪਿੰਡ ਘੁੱਦਾ ਦੇ ਸਰਪੰਚ ਤੋਂ ਇਸ ਖਾਤਰ ਪੰਜ ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਪਰ ਵਿਜੀਲੈਂਸ ਨੇ 16.02.2023 ਨੂੰ ਉਸਨੂੰ ਉਕਤ ਗ੍ਰਾਂਟ ਜਾਰੀ ਕਰਨ ਦੇ ਇਵਜ਼ ਵਿੱਚ 4 ਲੱਖ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗਿ੍ਰਫਤਾਰ ਕਰ ਲਿਆ ਸੀ। ਉਕਤ ਸਰਪੰਚ ਨੇ ਉਨਾਂ ਵੱਲੋਂ ਮੰਗੇ 50,000 ਰੁਪਏ ਪਹਿਲਾਂ ਹੀ ਦੇ ਦਿੱਤੇ ਸਨ।

ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਰਿਸ਼ਵਤ ਕਥਿਤ ਦੋਸ਼ੀ ਰਸ਼ਿਮ ਗਰਗ ਨੇ ਵਿਧਾਇਕ ਅਮਿਤ ਰਤਨ ਦੇ ਨਿਰਦੇਸ਼ਾਂ ‘ਤੇ ਵਸੂਲੀ ਸੀ। ਇਸ ਤੋਂ ਇਲਾਵਾ ਉਸ ਨੇ ਪਿੰਡ ਘੁੱਦਾ ਦੇ ਗੁਰਦਾਸ ਸਿੰਘ ਕੋਲੋਂ ਉਸਦੇ ਪਿੰਡ ਦੀ ਨੰਬਰਦਾਰੀ ਦਿਵਾਉਣ ਦੇ ਬਦਲੇ 2,50,000 ਰੁਪਏ ਦੀ ਰਿਸ਼ਵਤ ਲਈ ਸੀ। ਜਾਂਚ ਦੌਰਾਨ ਹੋਏ ਖੁਲਾਸੇ ਦੇ ਆਧਾਰ ‘ਤੇ, ਵਿਜੀਲੈਂਸ ਨੇ ਉਕਤ ਮਾਮਲੇ ਵਿੱਚ ਆਈਪੀਸੀ ਦੀ 120-ਬੀ ਦੀ ਇੱਕ ਹੋਰ ਧਾਰਾ ਜੋੜ ਦਿੱਤੀ ਸੀ ਅਤੇ ਮੌਜੂਦਾ ਕੇਸ ਵਿੱਚ ਵਿਧਾਇਕ ਅਮਿਤ ਰਤਨ ਨੂੰ ਵੀ ਨਾਮਜ਼ਦ ਕਰਕੇ 22-02-2023 ਨੂੰ ਉਸ ਨੂੰ ਸ਼ੰਭੂ ਤੋਂ ਗਿ੍ਰਫਤਾਰ ਕਰ ਲਿਆ ਗਿਆ ਸੀ। ਦੋਵੇਂ ਮੁਲਜਮ ਨਿਆਂਇਕ ਹਿਰਾਸਤ ਵਿੱਚ ਅਤੇ ਜੇਲ ਵਿੱਚ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Written By
The Punjab Wire