ਖੇਡ ਮੰਤਰੀ ਮੀਤ ਹੇਅਰ ਨੇ ਦਿੱਤੀ ਮੁਬਾਰਕਬਾਦ
ਚੰਡੀਗੜ੍ਹ, 19 ਮਾਰਚ 2023 (ਦੀ ਪੰਜਾਬ ਵਾਇਰ)। ਨੋਮੀ (ਜਪਾਨ) ਵਿਖੇ ਏਸ਼ੀਅਨ ਰੇਸ ਵਾਕਿੰਗ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਅਥਲੀਟ ਅਕਸ਼ਦੀਪ ਸਿੰਘ ਨੇ 20 ਕਿਲੋ ਮੀਟਰ ਪੈਦਲ ਤੋਰ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ।ਅਕਸ਼ਦੀਪ ਸਿੰਘ ਨੇ 1:20:57 ਦਾ ਸਮਾਂ ਕੱਢ ਕੇ ਇਹ ਪ੍ਰਾਪਤੀ ਹਾਸਲ ਕੀਤੀ।
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅਥਲੀਟ ਅਕਸ਼ਦੀਪ ਸਿੰਘ ਨੂੰ ਇਸ ਪ੍ਰਾਪਤੀ ਉੱਤੇ ਮੁਬਾਰਕਬਾਦ ਦਿੱਤੀ। ਅਕਸ਼ਦੀਪ ਸਿੰਘ, ਉਸ ਦੇ ਮਾਪਿਆਂ ਤੇ ਕੋਚਾਂ ਨੂੰ ਵਧਾਈ ਦਿੰਦਿਆਂ ਇਸ ਪ੍ਰਾਪਤੀ ਦਾ ਸਿਹਰਾ ਉਸ ਦੀ ਸਖ਼ਤ ਮਿਹਨਤ ਅਤੇ ਕੋਚਿੰਗ ਨੂੰ ਦਿੱਤਾ।ਉਨ੍ਹਾਂ ਕਿਹਾ ਕਿ ਅਕਸ਼ਦੀਪ ਸਿੰਘ ਦਾ ਇਹ ਪਹਿਲਾ ਕੌਮਾਂਤਰੀ ਮੁਕਾਬਲਾ ਸੀ ਜਿਸ ਵਿੱਚ ਇਸ ਪ੍ਰਾਪਤੀ ਨਾਲ ਏਸ਼ਿਆਈ ਖੇਡਾਂ, ਵਿਸ਼ਵ ਚੈਂਪੀਅਨਸ਼ਿਪ ਤੇ ਓਲੰਪਿਕ ਖੇਡਾਂ ਜਿਹੇ ਵੱਡੇ ਟੂਰਨਾਮੈਂਟ ਲਈ ਹੌਸਲਾ ਬੁਲੰਦ ਹੋਵੇਗਾ। ਖੇਡ ਮੰਤਰੀ ਨੇ ਅਕਸ਼ਦੀਪ ਸਿੰਘ ਨੂੰ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਕਾਹਨੇਕੇ (ਬਰਨਾਲਾ) ਦੇ ਰਹਿਣ ਵਾਲੇ ਅਕਸ਼ਦੀਪ ਸਿੰਘ ਨੇ ਪਿੱਛੇ ਜਿਹੇ ਰਾਂਚੀ ਵਿਖੇ ਨੈਸ਼ਨਲ ਓਪਨ ਵਾਕਿੰਗ ਚੈਂਪੀਅਨਸ਼ਿਪ ਵਿੱਚ 20 ਕਿਲੋ ਮੀਟਰ ਪੈਦਲ ਤੋਰ ਵਿੱਚ ਨਵਾਂ ਨੈਸ਼ਨਲ ਰਿਕਾਰਡ ਬਣਾਉਂਦਿਆਂ ਪੈਰਿਸ ਓਲੰਪਿਕ ਖੇਡਾਂ-2024 ਲਈ ਕੁਆਲੀਫਾਈ ਕੀਤਾ ਸੀ। ਖੇਡ ਮੰਤਰੀ ਨੇ ਮੁੱਖ ਮੰਤਰੀ ਤਰਫੋਂ ਅਕਸ਼ਦੀਪ ਸਿੰਘ ਨੂੰ ਓਲੰਪਿਕਸ ਦੀ ਤਿਆਰੀ ਲਈ ਪੰਜ ਲੱਖ ਰੁਪਏ ਦਿੱਤੇ ਸਨ।