ਅਭਿਆਨ ਦੇ ਪਹਿਲੇ ਦਿਨ ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ ਜਮਾਤ ਤੱਕ 1 ਲੱਖ ਨਵੇਂ ਦਾਖ਼ਲੇ ਕਰਨ ਦਾ ਟੀਚਾ
ਚੰਡੀਗੜ੍ਹ, 9 ਮਾਰਚ 2023 (ਦੀ ਪੰਜਾਬ ਵਾਇਰ )। ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਭਲਕ (10 ਮਾਰਚ) ਤੋਂ ਨਵੇਂ ਦਾਖ਼ਲੇ ਕਰਨ ਦਾ ਮਹਾਂ-ਅਭਿਆਨ ਚਲਾਉਣ ਦੇ ਹੁਕਮ ਦਿੱਤੇ ਹਨ।
ਅੱਜ ਇਥੇ ਸੂਬੇ ਦੇ ਸਮੂਹ ਸਿੱਖਿਆ ਸਿੱਖਿਆ ਅਧਿਕਾਰੀਆਂ ਅਤੇ ਜ਼ਿਲ੍ਹਾ ਟੀਮਾਂ ਨਾਲ ਹੋਈ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦਾਖ਼ਲਾ ਅਭਿਆਨ ਦੇ ਪਹਿਲੇ ਦਿਨ ਇੱਕੋ ਦਿਨ ਵਿੱਚ 1 ਲੱਖ ਨਵੇਂ ਵਿਦਿਆਰਥੀ ਦਾਖਲ ਕਰਨ ਦਾ ਟੀਚਾ ਰੱਖਿਆ ਹੈ। ਇਹ ਮੁਹਿੰਮ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਚੱਲੇਗੀ।
ਸ. ਬੈਂਸ ਨੇ ਕਿਹਾ ਕਿ ਉਹ ਇਸ ਅਭਿਆਨ ਦੀ ਖੁਦ ਨਿਗਰਾਨੀ ਕਰਨਗੇ। ਮੀਟਿੰਗ ਦੌਰਾਨ ਸ. ਬੈਂਸ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਦਾਖ਼ਲਾ ਮੁਹਿੰਮ-2023 ਨੂੰ ਹੋਰ ਅਸਰਦਾਰ ਬਣਾਉਣ ਵਾਸਤੇ 10 ਮਾਰਚ 2023 ਤੋਂ ਲੈ ਕੇ 31 ਮਾਰਚ 2023 ਤੱਕ ਪੰਜਾਬ ਦੇ ਹਰੇਕ ਸਰਕਾਰੀ ਸਕੂਲ ਦੇ ਮੇਨ ਗੇਟ ਤੇ ਦਾਖਲਾ ਬੂਥ ਲਗਾਉਣ ਦੇ ਹੁਕਮ ਦਿੰਦਿਆਂ ਕਿਹਾ ਕਿ ਇਨ੍ਹਾਂ ਬੂਥਾਂ ‘ਤੇ ਸਕੂਲ ਖੁੱਲ੍ਹਣ ਦੇ ਸਮੇਂ ਤੋਂ ਲੈ ਕੇ ਸਾਰੀ ਛੁੱਟੀ ਹੋਣ ਤੱਕ ਟੀਚਿੰਗ/ਨਾਨ ਟੀਚਿੰਗ ਸਟਾਫ਼ ਡਿਊਟੀ ਤੇ ਬੈਠੇਗਾ ਅਤੇ ਰਜਿਸਟਰ ਤੇ ਦਾਖਲਿਆਂ ਸਬੰਧੀ ਰਜਿਸਟਰੇਸ਼ਨ ਕਰੇਗਾ।
ਸਿੱਖਿਆ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਸੋਚ ਅਨੁਸਾਰ ਸਰਕਾਰੀ ਸਕੂਲਾਂ ਵਿਚ ਸਿੱਖਿਆ ਦਾ ਮਿਆਰ ਸੁਧਾਰ ਕੇ ਅੰਤਰਰਾਸ਼ਟਰੀ ਪੱਧਰ ਤੱਕ ਕਰਨ ਵਾਸਤੇ ਹਰ ਅਧਿਕਾਰੀਆਂ ਪੂਰੀ ਲਗਨ, ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨ ਹੈ।
ਸ. ਬੈਂਸ ਨੇ ਕਿਹਾ ਕਿ ਸਭ ਤੋਂ ਵੱਧ ਨਵਾਂ ਦਾਖਲਾ ਕਰਨ ਵਾਲੇ ਸਕੂਲ ਸਟਾਫ਼ ਨੂੰ ਜਿੱਥੇ ਪ੍ਰਸੰਸਾ ਪੱਤਰ ਅਤੇ ਸਕੂਲ ਨੂੰ ਵਿਸ਼ੇਸ਼ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਉਥੇ ਨਾਲ ਹੀ ਪੰਜਾਬੀ ਦੇ ਹਰਮਨਪਿਆਰੇ ਆਗੂ ਅਤੇ ਪੰਜਾਬ ਰਾਜ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਨਾਲ ਮੁਲਾਕਾਤ ਵੀ ਕਰਵਾਈ ਜਾਵੇਗੀ।