ਇਲਾਜ਼ ਅਤੇ ਰੀਇੰਬਰਸਮੈਂਟ ਲਈ ਸਰਕਾਰੀ ਹਸਪਤਾਲਾਂ ਦੀ ਤਰਜ਼ ‘ਤੇ ਇਕਸਾਰਤਾ ਲਿਆਉਣ ‘ਤੇ ਦਿੱਤਾ ਜ਼ੋਰ
ਚੰਡੀਗੜ੍ਹ, 9 ਮਾਰਚ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਬਿਜਲੀ ਤੇ ਲੋਕ ਨਿਰਮਾਣ ਮੰਤਰੀ ਨੇ ਅੱਜ ਵਿਧਾਨ ਸਭਾ ਸੈਸ਼ਨ ਦੌਰਾਨ ਪ੍ਰਾਈਵੇਟ ਹਸਪਤਾਲਾਂ ਵੱਲੋਂ ਕੀਤੇ ਜਾਂਦੇ ਮਹਿੰਗੇ ਇਲਾਜ਼ ਦਾ ਢੁਕਵਾਂ ਹੱਲ ਕੱਢਣ ਅਤੇ ਸਰਕਾਰੀ ਹਸਪਤਾਲਾਂ ਦੀ ਤਰਜ਼ ‘ਤੇ ਇਕਸਾਰਤਾ ਲਿਆਉਣ ‘ਤੇ ਜ਼ੋਰ ਦਿੱਤਾ।
ਸ. ਹਰਭਜਨ ਸਿੰਘ ਈ.ਟੀ.ਓ ਨੇ ਅੱਜ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਪੇਸ਼ ਕੀਤੇ ਮਤੇ ‘ਤੇ ਬੋਲਦਿਆਂ ਕਿਹਾ ਕਿ ਸਰਕਾਰੀ ਮੁਲਾਜ਼ਮ ਤੇ ਪੈਨਸ਼ਨਰ ਆਪਣਾ ਜਾਂ ਆਪਣੇ ‘ਤੇ ਨਿਰਭਰ ਪਰਿਵਾਰਕ ਮੈਂਬਰਾਂ ਦਾ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਵੱਖ-ਵੱਖ ਬੀਮਾਰੀਆਂ ਦਾ ਇਲਾਜ਼ ਕਰਵਾਉਂਦੇ ਹਨ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਹਸਪਤਾਲ ਬੀਮਾਰੀਆਂ ਦੇ ਇਲਾਜ਼ ਲਈ ਵੱਧ ਰਾਸ਼ੀ ਵਸੂਲ ਕਰਦੇ ਹਨ, ਪਰ ਸਬੰਧਤ ਨੂੰ ਖ਼ਰਚ ਕੀਤੀ ਰਾਸ਼ੀ ਦਾ ਪੂਰਾ ਰੀਇੰਬਰਸਮੈਂਟ ਨਹੀਂ ਮਿਲਦਾ।ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲ `ਚ ਕਰਵਾਏ ਇਲਾਜ਼ ਦੀ ਲੱਗਭੱਗ ਪੂਰੀ ਰਾਸ਼ੀ ਰੀਇੰਬਰਸਮੈਂਟ ਦੌਰਾਨ ਪ੍ਰਾਪਤ ਹੋ ਜਾਂਦੀ ਹੈ, ਜਦਕਿ ਪ੍ਰਾਈਵੇਟ ਹਸਪਤਾਲ ਕਰਵਾਏ ਇਲਾਜ਼ ਦੌਰਾਨ ਅਜਿਹਾ ਨਹੀਂ ਹੁੰਦਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਲੋਕ ਹਿੱਤ ਵਿੱਚ ਇਸ ਮਾਮਲੇ ਦਾ ਢੁੱਕਵਾਂ ਹੱਲ ਕੱਢਣਾ ਚਾਹੀਦਾ ਹੈ ਅਤੇ ਸਰਕਾਰੀ ਮੁਲਾਜ਼ਮਾਂ, ਪੈਨਸ਼ਨਰਾਂ ਤੇ ਉਨ੍ਹਾਂ ਦੇ ਆਸ਼ਰਿਤਾਂ ਦੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਕੀਤੇ ਇਲਾਜ਼ ਦੀ ਵਸੂਲ ਕੀਤੀ ਰਾਸ਼ੀ ਦੀ ਪੂਰੀ ਰੀਇੰਬਰਸਮੈਂਟ ਹੋਣੀ ਚਾਹੀਦੀ ਹੈ।