ਸ਼ਿਮਲਾ, 6 ਮਾਰਚ 2023 (ਦੀ ਪੰਜਾਬ ਵਾਇਰ)। ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ‘ਚ ਮਣੀਕਰਨ ਸਾਹਿਬ ਵਿਖੇ ਝਗੜੇ ਦਾ ਮਾਮਲਾ ਸਾਹਮਣੇ ਆਇਆ ਹੈ। ਧਾਰਮਿਕ ਸੈਰ ਸਪਾਟਾ ਸ਼ਹਿਰ ਮਣੀਕਰਨ ਵਿੱਚ ਬੀਤੀ ਰਾਤ ਅਣਪਛਾਤੇ ਪੰਜਾਬੀ ਸਿੱਖ ਸੈਲਾਨੀਆਂ ਦੀ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ। ਇੱਥੇ ਪੱਥਰਬਾਜ਼ੀ ਹੋਈ ਅਤੇ ਤਲਵਾਰਾਂ ਲਹਿਰਾਈਆਂ ਗਈਆਂ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ।
ਜਾਣਕਾਰੀ ਅਨੁਸਾਰ ਮਣੀਕਰਨ ਦੇ ਗੁਰਦੁਆਰਾ ਕੰਪਲੈਕਸ ਤੋਂ ਰਾਮ ਮੰਦਰ ਰਾਹੀਂ ਬੱਸ ਸਟੈਂਡ ਤੱਕ ਦਰਜਨਾਂ ਪੰਜਾਬੀ ਸਿੱਖ ਸੈਲਾਨੀਆਂ ਨੇ ਹੰਗਾਮਾ ਕੀਤਾ। ਪੱਥਰਬਾਜ਼ੀ ਕਾਰਨ ਕਈ ਲੋਕਾਂ ਦੇ ਘਰਾਂ ਦੇ ਸ਼ੀਸ਼ੇ ਟੁੱਟ ਗਏ ਹਨ। ਇੰਨਾ ਹੀ ਨਹੀਂ ਰਸਤੇ ਵਿਚ ਜਿਸ ਨੂੰ ਵੀ ਦੇਖਿਆ ਉਸ ਦੀ ਕੁੱਟਮਾਰ ਕੀਤੀ ਗਈ।ਸਥਾਨਕ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਸਥਾਨਕ ਲੋਕਾਂ ਦੀ ਮੰਨੀਏ ਤਾਂ ਪੰਜਾਬ ਤੋਂ ਦਰਜਨਾਂ ਸੈਲਾਨੀ ਮੋਟਰ ਸਾਈਕਲਾਂ ‘ਤੇ ਸਵਾਰ ਹੋ ਕੇ ਮਣੀਕਰਨ ਗੁਰਦੁਆਰਾ ਸਿੰਘ ਸਾਹਿਬ ਦੇ ਦਰਸ਼ਨਾਂ ਲਈ ਆਏ ਸਨ।ਐਤਵਾਰ ਰਾਤ 12 ਵਜੇ ਦੇ ਕਰੀਬ ਸਿੱਖ ਪੰਜਾਬੀ ਸੈਲਾਨੀਆਂ ਨੇ ਹੰਗਾਮਾ ਅਤੇ ਗੁੰਡਾਗਰਦੀ ਸ਼ੁਰੂ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਜਦੋਂ ਪੁਲਸ ਨੂੰ ਇਸ ਦਾ ਪਤਾ ਲੱਗਾ ਤਾਂ ਪੁਲਸ ਟੀਮ ਕੁੱਲੂ ਸਦਰ ਥਾਣੇ ਤੋਂ ਲੁਟੇਰਿਆਂ ਦੀ ਭਾਲ ‘ਚ ਰਵਾਨਾ ਹੋਈ। ਮਾਮਲੇ ‘ਚ ਪੁਲਿਸ ਹੁਣ ਉਕਤ ਲੁਟੇਰਿਆਂ ਦੀ ਭਾਲ ਕਰ ਰਹੀ ਹੈ।
ਉੱਧਰ ਇਸ ਪੂਰੇ ਮਾਮਲੇ ਸੰਬੰਧੀ ਡੀਜੀਪੀ ਪੰਜਾਬ ਨੇ ਟਵੀਟ ਕਰਦਿਆਂ ਕਿਹਾ ਕਿ ਮਣੀਕਰਨ ਸਾਹਿਬ ਵਿੱਚ ਸਥਿਤੀ ਪੂਰੀ ਤਰ੍ਹਾਂ ਸ਼ਾਂਤੀਪੂਰਨ ਹੈ ਅਤੇ ਮੈਂ ਲੋਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕਰਦਾ ਹਾਂ। ਉਨ੍ਹਾਂ ਕਿਹਾ ਕਿ ਮੇਰੀ ਹਿਮਾਚਲ ਪੁਲਿਸ ਨਾਲ ਗੱਲ ਹੋਈ ਹੈ ਅਤੇ ਅਸੀਂ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਲਈ ਮਿਲ ਕੇ ਕੰਮ ਕਰ ਰਹੇ ਹਨ।ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਘਬਰਾਉਣ ਨਾ ਅਤੇ ਜਾਅਲੀ ਖ਼ਬਰਾਂ ਜਾਂ ਨਫ਼ਰਤ ਭਰੇ ਸੰਦੇਸ਼ ਨਾ ਫੈਲਾਉਣ।