ਗੁਰਦਾਸਪੁਰ, 05 ਮਾਰਚ (ਮੰਨਣ ਸੈਣੀ)। ਇਕ ਤਕਫ਼ਾ ਪਿਆਰ ਵਿੱਚ ਪਏ ਧਾਰੀਵਾਲ ਦੇ ਪਿੰਡ ਸੋਹਲ ਦੇ ਸਾਬਕਾ ਸਰਪੰਚ ਨੇ ਮਾਯੂਸ ਹੋ ਕੇ ਥਾਣਾ ਦੀਨਾਨਗਰ ਦੇ ਪਖਾਨੇ ‘ਚ ਆਪਣੀ ਹੀ ਲਾਇਸੈਂਸੀ ਰਿਵਾਲਵਰ ਨਾਲ ਖੁਦ ਤੇ ਗੋਲੀ ਮਾਰ ਲਈ। ਸਰਪੰਚ ਵੱਲੋਂ ਉਸ ਦੇ ਮੋਢੇ ’ਤੇ ਗੋਲੀ ਚਲਾਈ ਗਈ। ਉਧਰ ਥਾਣਾ ਦੀਨਾਨਗਰ ਦੀ ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੂੰ ਤੁਰੰਤ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਗਿਆ, ਜਿੱਥੋਂ ਉਸ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਉਕਤ ਸਾਬਕਾ ਸਰਪੰਚ ਖਿਲਾਫ ਥਾਣਾ ਦੀਨਾਨਗਰ ‘ਚ ਸ਼ਿਕਾਇਤ ਦਿੱਤੀ ਗਈ ਸੀ ਕਿ ਉਹ ਇਕ ਤਰਫਾ ਪਿਆਰ ‘ਚ ਫਸ ਕੇ ਇਕ ਵਿਆਹੁਤਾ ਔਰਤ ਨੂੰ ਵਿਆਹੁਤਾ ਜੀਵਨ ਛੱਡ ਕੇ ਆਪਣੇ ਨਾਲ ਜਿੰਦਗੀ ਬਿਤਾਉਣ ਲਈ ਮਜਬੂਰ ਕਰ ਰਿਹਾ ਸੀ। ਐਸ.ਐਸ.ਪੀ ਦੀ ਤਰਫੋਂ ਖੁਦ ਥਾਣੇ ਪਹੁੰਚ ਕੇ ਜਾਂਚ ਕਰਨ ਉਪਰੰਤ ਸਾਬਕਾ ਸਰਪੰਚ ਖਿਲਾਫ ਮਾਮਲਾ ਦਰਜ ਕਰਕੇ ਇਸ ਸਬੰਧੀ ਜਾਂਚ ਲਈ ਐਸ.ਆਈ.ਟੀ ਦਾ ਗਠਨ ਕਰ ਦਿੱਤਾ ਗਿਆ ਹੈ। ਸਾਬਕਾ ਸਰਪੰਚ ਦੀ ਪਛਾਣ ਬਲਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਹਰੀਸ਼ ਦਿਆਮਾ ਨੇ ਦੱਸਿਆ ਕਿ ਉਕਤ ਸਾਬਕਾ ਸਰਪੰਚ ਖਿਲਾਫ 17 ਤਰੀਕ ਨੂੰ ਸ਼ਿਕਾਇਤ ਮਿਲੀ ਸੀ ਕਿ ਉਹ ਇਕ ਵਿਆਹੁਤਾ ਔਰਤ ਨੂੰ ਇਕ ਤਰਫ਼ਾ ਪ੍ਰੇਮ ਸਬੰਧਾਂ ਕਾਰਨ ਤੰਗ ਪ੍ਰੇਸ਼ਾਨ ਕਰ ਰਿਹਾ ਸੀ। ਉਕਤ ਸਾਬਕਾ ਸਰਪੰਚ ਵੱਲੋਂ ਔਰਤ ਨੂੰ ਵਿਆਹੁਤਾ ਜੀਵਨ ਛੱਡ ਕੇ ਉਸ ਨਾਲ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ ਸੀ। ਦੀਨਾਨਗਰ ਥਾਣੇ ਦੇ ਇੰਚਾਰਜ ਨੇ ਇਸ ਸ਼ਿਕਾਇਤ ਦੀ ਜਾਂਚ ਲਈ ਦੋਵਾਂ ਧਿਰਾਂ ਨੂੰ ਅੱਜ ਥਾਣੇ ਬੁਲਾਇਆ ਸੀ। ਪਰ ਇਸ ਦੌਰਾਨ ਸਾਬਕਾ ਸਰਪੰਚ ਕਿਸੇ ਤਰ੍ਹਾਂ ਆਪਣਾ ਲਾਇਸੈਂਸੀ ਰਿਵਾਲਵਰ ਥਾਣੇ ਲੈ ਆਉਣ ਵਿੱਚ ਸਫਲ ਰਿਹਾ। ਜਾਂਚ ਚਲ ਹੀ ਰਹੀ ਸੀ ਕਿ ਇਸ ਦੌਰਾਨ ਬਲਜੀਤ ਸਿੰਘ ਨੇ ਸਟੇਸ਼ਨ ਇੰਚਾਰਜ ਕੋਲ ਟਾਇਲਟ ਜਾਣ ਦੀ ਇੱਛਾ ਜ਼ਾਹਰ ਕੀਤੀ ਅਤੇ ਇਸ ਦੌਰਾਨ ਉਸ ਨੇ ਲੁਕਵੇਂ ਹਥਿਆਰ ਨਾਲ ਸਾਜ਼ਿਸ਼ ਰਚ ਕੇ ਆਪਣੇ ਸੱਜੇ ਮੋਢੇ ‘ਤੇ ਗੋਲੀ ਚਲਾ ਦਿੱਤੀ । ਗੋਲੀ ਮਾਰਨ ਤੋਂ ਬਾਅਦ ਬਲਜੀਤ ਖੁਦ ਟਾਇਲਟ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ ਆ ਗਿਆ। ਐਸਐਸਪੀ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਇੰਚਾਰਜ ਦੀ ਤਰਫ਼ੋਂ ਜ਼ਖ਼ਮੀ ਨੂੰ ਪਹਿਲ੍ਹਾਂ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ‘ਚ ਪਤਾ ਲੱਗਾ ਹੈ ਕਿ ਉਕਤ ਸਾਬਕਾ ਸਰਪੰਚ ਨੇ ਇਕ ਤਰਫਾ ਪਿਆਰ ‘ਚ ਪੈ ਕੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ। ਪੁਲੀਸ ਵੱਲੋਂ ਉਕਤ ਵਿਅਕਤੀ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਗਈ ਹੈ। ਇਸ ਦੇ ਨਾਲ ਹੀ ਇਸ ਸਬੰਧੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ।