ਪੰਜਾਬ ਮੁੱਖ ਖ਼ਬਰ

ਤਲਵਾਰਾਂ ਤੇ ਬੰਦੂਕਾਂ ਲੈ ਕੇ ਪਹੁੰਚੇ ਅੰਮ੍ਰਿਤਪਾਲ ਦੇ ਹਜ਼ਾਰਾਂ ਸਮਰਥਕ, ਤੋੜੇ ਬੈਰੀਕੇਡ, ਪੁਲਿਸ ਵਾਲਿਆਂ ਦੀ ਕੀਤੀ ਕੁੱਟਮਾਰ

ਤਲਵਾਰਾਂ ਤੇ ਬੰਦੂਕਾਂ ਲੈ ਕੇ ਪਹੁੰਚੇ ਅੰਮ੍ਰਿਤਪਾਲ ਦੇ ਹਜ਼ਾਰਾਂ ਸਮਰਥਕ, ਤੋੜੇ ਬੈਰੀਕੇਡ, ਪੁਲਿਸ ਵਾਲਿਆਂ ਦੀ ਕੀਤੀ ਕੁੱਟਮਾਰ
  • PublishedFebruary 23, 2023

ਅੰਮ੍ਰਿਤਸਰ, 23 ਫਰਵਰੀ (ਦੀ ਪੰਜਾਬ ਵਾਇਰ)। ਸਿੱਖ ਜਥੇਬੰਦੀ ਵਾਰਿਸ ਪੰਜਾਬ ਦੇ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਅਜਨਾਲਾ ਪੁਲੀਸ ਨੂੰ ਧਮਕੀ ਦੇਣ ਤੋਂ ਬਾਅਦ ਵੀਰਵਾਰ ਨੂੰ ਅਜਨਾਲਾ ਥਾਣੇ ਦੇ ਬਾਹਰ ਅੰਮ੍ਰਿਤਪਾਲ ਦੇ ਹਜ਼ਾਰਾਂ ਸਮਰਥਕਾਂ ਨੇ ਤਲਵਾਰਾਂ ਅਤੇ ਬੰਦੂਕਾਂ ਨਾਲ ਹੰਗਾਮਾ ਕੀਤਾ। ਅੰਮ੍ਰਿਤਪਾਲ ਦੇ ਸਮਰਥਕਾਂ ਨੇ ਪੁਲੀਸ ਬੈਰੀਕੇਡ ਤੋੜ ਦਿੱਤੇ। ਇਸ ਦੌਰਾਨ ਅੰਮ੍ਰਿਤਪਾਲ ਦੇ ਸਮਰਥਕਾਂ ਨੇ ਕੁਝ ਪੁਲੀਸ ਮੁਲਾਜ਼ਮਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ। ਭੀੜ ਵਿੱਚ ਸ਼ਾਮਲ ਲੋਕਾਂ ਵੱਲੋਂ ਕੁਝ ਵਾਹਨਾਂ ਦੀ ਭੰਨ-ਤੋੜ ਵੀ ਕੀਤੀ ਗਈ। ਜਿਵੇਂ ਹੀ ਭੀੜ ਨੇ ਪੁਲੀਸ ਨਾਕਿਆਂ ’ਤੇ ਹਮਲਾ ਕੀਤਾ ਤਾਂ ਉਥੇ ਤਾਇਨਾਤ ਪੁਲੀਸ ਮੁਲਾਜ਼ਮ ਪਿੱਛੇ ਹਟ ਗਏ। ਇਸ ਤੋਂ ਬਾਅਦ ਅੰਮ੍ਰਿਤਪਾਲ ਅਤੇ ਉਸ ਦੇ ਸਮਰਥਕ ਰੋਸ ਮਾਰਚ ਕਰਦੇ ਹੋਏ ਥਾਣੇ ਦੇ ਬਾਹਰ ਹੀ ਪਹੁੰਚ ਗਏ ਅਤੇ ਅੰਮ੍ਰਿਤਪਾਲ ਦੇ ਸਮਰਥਕਾਂ ਨੇ ਥਾਣੇ ਦੇ ਬਾਹਰ ਧਰਨਾ ਦੇਣਾ ਸ਼ੁਰੂ ਕਰ ਦਿੱਤਾ।

ਪੁਲਿਸ ਅਧਿਕਾਰੀ ਅੰਮ੍ਰਿਤਪਾਲ ਦੇ ਸਮਰਥਕਾਂ ਨਾਲ ਗੱਲਬਾਤ ਕਰ ਰਹੇ ਹਨ ਪਰ ਅਜੇ ਤੱਕ ਕੋਈ ਸਮਝੌਤਾ ਨਹੀਂ ਹੋਇਆ ਹੈ। ਅੰਮ੍ਰਿਤਪਾਲ ਅਤੇ ਉਸਦੇ ਸਮਰਥਕ ਸਿਰਫ ਇੱਕ ਗੱਲ ‘ਤੇ ਅੜੇ ਹੋਏ ਹਨ ਕਿ ਉਸਦੇ ਖਿਲਾਫ ਦਰਜ FIR ਰੱਦ ਕੀਤੀ ਜਾਵੇ ਅਤੇ ਉਸਦੇ ਫੜੇ ਗਏ ਦੋ ਬੰਦਿਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।

ਦੱਸਣਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਕੁਝ ਸਮਰਥਕ ਸਵੇਰੇ ਅਜਨਾਲਾ ਥਾਣੇ ਦੇ ਬਾਹਰ ਪੁੱਜੇ ਜਿੱਥੇ ਪਹਿਲਾਂ ਤੋਂ ਤਾਇਨਾਤ ਪੁਲੀਸ ਫੋਰਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਬਾਅਦ ਵਿੱਚ ਜਦੋਂ ਅੰਮ੍ਰਿਤਸਰ ਦੇਹਾਤ ਦੇ ਐਸਐਸਪੀ ਮੌਕੇ ’ਤੇ ਪੁੱਜੇ ਤਾਂ ਹਿਰਾਸਤ ਵਿੱਚ ਲਏ ਨੌਜਵਾਨਾਂ ਨੂੰ ਰਿਹਾਅ ਕਰ ਦਿੱਤਾ ਗਿਆ। ਅਜਨਾਲਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਤਣਾਅ ਦਾ ਮਾਹੌਲ ਬਣ ਗਿਆ। ਅੰਮ੍ਰਿਤਪਾਲ ਸਿੰਘ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਬੁੱਧਵਾਰ ਸ਼ਾਮ ਤੱਕ ਉਸ ਅਤੇ ਉਸ ਦੇ ਸਾਥੀਆਂ ਵਿਰੁੱਧ ਦਰਜ ਐੱਫਆਈਆਰ ਰੱਦ ਨਾ ਕੀਤੀ ਗਈ ਤਾਂ ਉਹ ਆਪਣੇ ਸਮਰਥਕਾਂ ਸਮੇਤ ਥਾਣਾ ਅਜਨਾਲਾ ਦਾ ਘਿਰਾਓ ਕਰਨ ਲਈ ਪੁੱਜਣਗੇ।

Written By
The Punjab Wire