Close

Recent Posts

ਗੁਰਦਾਸਪੁਰ

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਜ਼ਿਲ੍ਹੇ ਅੰਦਰ ਬਾਗਬਾਨੀ ਹੇਠ ਰਕਬਾ ਵਧਾਉਣ ਦੀਆਂ ਹਦਾਇਤਾਂ ਜਾਰੀ

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਜ਼ਿਲ੍ਹੇ ਅੰਦਰ ਬਾਗਬਾਨੀ ਹੇਠ ਰਕਬਾ ਵਧਾਉਣ ਦੀਆਂ ਹਦਾਇਤਾਂ ਜਾਰੀ
  • PublishedFebruary 23, 2023

ਲੀਚੀ, ਫੁੱਲਾਂ ਦੀ ਖੇਤੀ, ਹੋਰ ਫ਼ਲਦਾਰ ਬੂਟਿਆਂ ਅਤੇ ਖੁੰਭਾਂ ਦੀ ਕਾਸ਼ਤ ਲਈ ਕਿਸਾਨਾਂ ਨੂੰ ਕੀਤਾ ਜਾਵੇ ਉਤਸ਼ਾਹਤ

ਪੰਚਾਇਤੀ ਛੱਪੜਾਂ ਵਿੱਚ ਮੱਛੀ ਪਾਲਣ ਦਾ ਕਿੱਤਾ ਸ਼ੁਰੂ ਕਰਨ ਦੀਆਂ ਹਦਾਇਤਾਂ ਵੀ ਜਾਰੀ

ਕਿਸਾਨਾਂ ਨੂੰ ਸਹਾਇਕ ਕਿੱਤੇ ਸ਼ੁਰੂ ਕਰਨ ਸਮੇਂ ਵਿੱਤੀ ਲਾਭ ਦੀਆਂ ਸਕੀਮਾਂ ਬਾਰੇ ਵੀ ਕੀਤਾ ਜਾਵੇ ਜਾਗਰੂਕ

ਗੁਰਦਾਸਪੁਰ, 23 ਫਰਵਰੀ ( ਮੰਨਣ ਸੈਣੀ) । ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਬਾਗਬਾਨੀ ਨੂੰ ਹੋਰ ਉਤਸ਼ਾਹਤ ਕੀਤਾ ਜਾਵੇ ਤਾਂ ਜੋ ਕਿਸਾਨ ਕਣਕ-ਝੋਨੇ ਦੇ ਫਸਲੀ ਚੱਕਰ ਵਿਚੋਂ ਨਿਕਲ ਕੇ ਬਾਗਬਾਨੀ ਜਰੀਏ ਵੱਧ ਆਮਦਨ ਕਮਾ ਸਕਣ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅੱਜ ਸਥਾਨਕ ਪੰਚਾਇਤ ਭਵਨ ਵਿਖੇ ਜ਼ਿਲ੍ਹਾ ਖੇਤੀਬਾੜੀ ਉਤਪਾਦਨ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਦਾ ਪੌਣ-ਪਾਣੀ ਲੀਚੀ ਦੇ ਬਾਗਾਂ ਲਈ ਬਹੁਤ ਢੁੱਕਵਾਂ ਅਤੇ ਇਥੋਂ ਦੀ ਲੀਚੀ ਕੁਆਲਟੀ ਪੱਖੋਂ ਬਹੁਤ ਵਧੀਆ ਤੇ ਮਸ਼ਹੂਰ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਲੀਚੀ ਦੀ ਪੈਦਾਵਾਰ ਨੂੰ ਉਤਸ਼ਾਹਤ ਕਰਨ ਦੇ ਨਾਲ ਇਥੇ ਲੀਚੀ ਅਸਟੇਟ ਸਥਾਪਿਤ ਕਰਨ ਲਈ ਰਾਜ ਸਰਕਾਰ ਨੂੰ ਲਿਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸਤੋਂ ਇਲਾਵਾ ਕਿਸਾਨਾਂ ਨੂੰ ਖੂੰਬਾਂ ਦੀ ਕਾਸ਼ਤ, ਮੱਧੂ ਮੱਖੀ ਪਾਲਣ, ਫੁੱਲਾਂ ਦੀ ਖੇਤੀ ਅਤੇ ਹੋਰ ਫ਼ਲਦਾਰ ਬੂਟਿਆਂ ਦੇ ਬਾਗ ਲਗਾਉਣ ਲਈ ਵੀ ਪ੍ਰੇਰਿਤ ਕੀਤਾ ਜਾਵੇ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਮੁੱਖ ਖੇਤੀਬਾੜੀ ਅਫ਼ਸਰ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਵਿੱਚ ਬੰਦ ਪਈਆਂ ਭੌਂ ਪਰਖ ਲੈਬਾਰਟਰੀਆਂ ਨੂੰ ਸ਼ੁਰੂ ਕੀਤਾ ਜਾਵੇ ਤਾਂ ਜੋ ਕਿਸਾਨ ਆਪਣੇ ਖੇਤਾਂ ਦੀ ਮਿੱਟੀ ਪਰਖ ਕਰਾ ਕੇ ਲੋੜ ਅਨੁਸਾਰ ਖਾਦਾਂ ਦੀ ਵਰਤੋਂ ਕਰ ਸਕਣ। ਇਸੇ ਦੌਰਾਨ ਉਨ੍ਹਾਂ ਬਾਗਬਾਨੀ ਵਿਭਾਗ ਵੱਲੋਂ ਚਲਾਈ ਜਾ ਰਹੀ ਫ਼ਲ ਸੁਰੱਖਿਆ ਲੈਬਾਰਟਰੀ ਦੀ ਪ੍ਰਗਤੀ ਦਾ ਰੀਵਿਊ ਵੀ ਕੀਤਾ।

ਡਿਪਟੀ ਕਮਿਸ਼ਨਰ ਨੇ ਮੱਛੀ ਪਾਲਣ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਪੰਚਾਇਤ ਵਿਭਾਗ ਨਾਲ ਮਿਲ ਕੇ ਜ਼ਿਲ੍ਹੇ ਦੇ ਸਮੂਹ ਛਪੱੜਾਂ ਦੀ ਲਿਸਟ ਤਿਆਰ ਕਰਨਗੇ ਜਿਨ੍ਹਾਂ ਵਿੱਚ ਮੱਛੀ ਪਾਲਣ ਦਾ ਕਿੱਤਾ ਸ਼ੁਰੂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਚਾਇਤਾਂ ਵੱਲੋਂ ਠੇਕੇ ਉੱਪਰ ਛੱਪੜ ਦੇ ਕੇ ਮੱਛੀਪਾਲਣ ਦਾ ਕਿੱਤਾ ਸ਼ੁਰੂ ਕੀਤਾ ਜਾਵੇਗਾ ਜਿਸ ਨਾਲ ਜਿਥੇ ਪੰਚਾਇਤਾਂ ਦੀ ਆਮਦਨ ਵਧੇਗੀ ਓਥੇ ਨਾਲ ਹੀ ਕਈ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲੇਗਾ। ਉਨ੍ਹਾਂ ਮੱਛੀ ਪਾਲਣ ਵਿਭਾਗ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਵਿੱਚ ਦਰਿਆਵਾਂ ਤੇ ਨਹਿਰਾਂ ਕੰਢੇ ਫਿਸ਼ਿੰਗ ਲਈ ਕੁਝ ਸਥਾਨ ਵਿਕਸਤ ਕੀਤੇ ਜਾਣ ਜਿਥੇ ਆਮ ਵਿਅਕਤੀ ਵੀ ਲਾਇਸੰਸ ਲੈ ਕੇ ਸ਼ੌਂਕੀਆ ਤੌਰ ’ਤੇ ਫਿਸ਼ਿੰਗ ਕਰ ਸਕਣ।

ਡਾ. ਹਿਮਾਂਸ਼ੂ ਅਗਰਵਾਲ ਨੇ ਡੇਅਰੀ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਪਸ਼ੂ ਪਾਲਣ ਕਿੱਤਾ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਚੱਲ ਰਹੀਆਂ ਸਹਿਕਾਰੀ ਸਭਾਵਾਂ ਨੂੰ ਐਕਟਿਵ ਕੀਤਾ ਜਾਵੇ ਤਾਂ ਜੋ ਕਿਸਾਨ ਨੂੰ ਇਸਦਾ ਲਾਭ ਮਿਲ ਸਕੇ। ਮੀਟਿੰਗ ਦੌਰਾਨ ਸਹਿਕਾਰੀ ਖੰਡ ਮਿੱਲਾਂ ਵੱਲੋਂ ਕੀਤੀ ਜਾ ਰਹੀ ਗੰਨੇ ਦੀ ਪਿੜ੍ਹਾਈ ਬਾਰੇ ਵੀ ਚਰਚਾ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਹਿਕਾਰੀ ਖੰਡ ਮਿੱਲ ਪਨਿਆੜ ਅਤੇ ਬਟਾਲਾ ਦੀ ਸਮਰੱਥਾ ਅਗਲੇ ਸੀਜ਼ਨ ਤੋਂ ਪਹਿਲਾਂ ਵੱਧ ਜਾਵੇਗੀ ਇਸ ਲਈ ਇਹ ਦੋਵੇਂ ਖੰਡ ਮਿੱਲਾਂ ਹੁਣ ਤੋਂ ਹੀ ਕਿਸਾਨਾਂ ਦੇ ਵੱਧ ਗੰਨੇ ਨੂੰ ਬਾਂਡ ਕਰ ਲੈਣ। ਇਸੇ ਦੌਰਾਨ ਉਨ੍ਹਾਂ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਨਹਿਰੀ ਪਾਣੀ ਦੀ ਸਿੰਚਾਈ ਹੇਠ ਰਕਬੇ ਨੂੰ ਵਧਾਇਆ ਜਾਵੇ ਅਤੇ ਜਿਹੜੇ ਨਹਿਰੀ ਖਾਲ ਵਾਹ ਲਏ ਗਏ ਹਨ ਉਨ੍ਹਾਂ ਨੂੰ ਮੁੜ ਬਣਾਇਆ ਜਾਵੇ ਤਾਂ ਜੋ ਖੇਤੀ ਲਈ ਨਹਿਰੀ ਪਾਣੀ ਮਿਲਣ ਨਾਲ ਜ਼ਮੀਨ ਹੇਠਲੇ ਪਾਣੀ ਦੀ ਬਚਤ ਹੋ ਸਕੇ। ਉਨ੍ਹਾਂ ਕਿਹਾ ਕਿ ਰਾਜ ਅਤੇ ਕੇਂਦਰ ਸਰਕਾਰ ਵੱਲੋਂ ਖੇਤੀ ਸਹਾਇਕ ਕਿੱਤਿਆਂ ਨੂੰ ਸ਼ੁਰੂ ਕਰਨ ਲਈ ਜੋ ਵਿੱਤੀ ਸਹਾਇਤਾ ਸਕੀਮਾਂ ਜਾਂ ਸਬਸਿਡੀਆਂ ਦਿੱਤੀਆਂ ਜਾਂਦੀਆਂ ਹਨ ਉਨ੍ਹਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ।

ਮੀਟਿੰਗ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਡਾ. ਕ੍ਰਿਪਾਲ ਸਿੰਘ ਢਿਲੋਂ, ਖੇਤੀਬਾੜੀ ਅਫ਼ਸਰ ਸ੍ਰੀ ਰਣਧੀਰ ਸਿੰਘ ਠਾਕੁਰ, ਸੰਜੀਵ ਕੁਮਾਰ, ਐਕਸੀਅਨ ਵਿਨੇ ਕੁਮਾਰ, ਡਿਪਟੀ ਡਾਇਰੈਕਟਰ ਬਾਗਬਾਨੀ ਸ. ਤਜਿੰਦਰ ਸਿੰਘ ਬਾਜਵਾ, ਸ. ਪ੍ਰਭਜੋਤ ਸਿੰਘ ਡੀ.ਪੀ.ਡੀ, ਡਿਪਟੀ ਡਾਇਰੈਕਟਰ ਡਾ. ਸ਼ਾਮ ਸਿੰਘ, ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਸ. ਕਸ਼ਮੀਰ ਸਿੰਘ, ਮੱਛੀ ਪਾਲਣ ਵਿਭਾਗ ਦੇ ਸਹਾਇਕ ਡਾਇਰੈਕਟਰ ਸ. ਸਰਵਣ ਸਿੰਘ, ਅਗਾਂਹਵਧੂ ਕਿਸਾਨ ਦਿਲਬਾਗ ਸਿੰਘ, ਗੁਰਦਿਆਲ ਸਿੰਘ, ਕੰਵਲਜੀਤ ਸਿੰਘ ਲਾਲੀ ਪੰਜਗਰਾਈਆਂ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

Written By
The Punjab Wire