Close

Recent Posts

ਆਰਥਿਕਤਾ ਦੇਸ਼ ਪੰਜਾਬ ਮੁੱਖ ਖ਼ਬਰ

ਮੁੱਖ ਮੰਤਰੀ ਨੇ ਪੰਜਾਬ ਵਿੱਚ ਐਗਰੀ-ਫੂਡ ਖੇਤਰ ਦੇ ਚਿਰ-ਸਥਾਈ ਵਿਕਾਸ ਲਈ ਜਰਮਨ ਐਗਰੀਬਿਜ਼ਨਸ ਅਲਾਇੰਸ ਤੋਂ ਸਹਿਯੋਗ ਮੰਗਿਆ

ਮੁੱਖ ਮੰਤਰੀ ਨੇ ਪੰਜਾਬ ਵਿੱਚ ਐਗਰੀ-ਫੂਡ ਖੇਤਰ ਦੇ ਚਿਰ-ਸਥਾਈ ਵਿਕਾਸ ਲਈ ਜਰਮਨ ਐਗਰੀਬਿਜ਼ਨਸ ਅਲਾਇੰਸ ਤੋਂ ਸਹਿਯੋਗ ਮੰਗਿਆ
  • PublishedSeptember 16, 2022

ਪੰਜਾਬ ਦੇ ਅਨਾਜ ਉਤਪਾਦਕਾਂ ਨੂੰ ਹੋਵੇਗਾ ਵੱਡਾ ਲਾਭ

ਬਰਲਿਨ (ਜਰਮਨੀ), 16 ਸਤੰਬਰ (ਦਾ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇਸੂਬੇ ਦੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਐਗਰੀ-ਫੂਡ ਖੇਤਰ ਦੇ ਟਿਕਾਊ ਵਿਕਾਸ ਲਈ ਜਰਮਨ ਐਗਰੀਬਿਜ਼ਨਸ ਅਲਾਇੰਸ ਤੋਂ ਸਹਿਯੋਗ ਦੀ ਮੰਗ ਕੀਤੀ ਹੈ।    

ਮੁੱਖ ਮੰਤਰੀ ਨੇ ਵੀਰਵਾਰ ਨੂੰ ਇੱਥੇ ਜਰਮਨ ਐਗਰੀ ਬਿਜ਼ਨਸ ਅਲਾਇੰਸ ਅਤੇ ਜਰਮਨ ਕੰਪਨੀਆਂ ਦੇ ਸੀਨੀਅਰ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ।

ਮੁੱਖ ਮੰਤਰੀ ਨੇ ਕਿਹਾ ਕਿ ਜਰਮਨ ਐਗਰੀਬਿਜ਼ਨਸ ਅਲਾਇੰਸ (ਜੀ.ਏ.ਏ.) ਐਗਰੀ-ਫੂਡ ਖੇਤਰ ਦੀਆਂ ਪ੍ਰਮੁੱਖ ਐਸੋਸੀਏਸ਼ਨਾਂ ਅਤੇ ਕੰਪਨੀਆਂ ਦੀ ਵਪਾਰਕ ਪਹਿਲਕਦਮੀ ਹੈ। ਉਨ੍ਹਾਂ ਐਗਰੀ-ਫੂਡ ਖੇਤਰ ਦੇ ਟਿਕਾਊ ਵਿਕਾਸ ਲਈ ਜਰਮਨ ਐਗਰੀਬਿਜ਼ਨਸ ਅਲਾਇੰਸ ਦੇ ਸਹਿਯੋਗ ਦੀ ਮੰਗ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਗਠਜੋੜ ਅਤੇ ਇਸ ਦੀਆਂ ਮੈਂਬਰ ਕੰਪਨੀਆਂ ਬੀ.ਏ.ਐਸ.ਐਫ., ਬਾਇਅਰ, ਬੇਅਵਾਅ, ਕਲਾਸ, ਜੌਨ ਡੀਅਰ, ਵੀ.ਡੀ.ਐਮ.ਏ., ਕੋਵੈਸਟਰੋ, ਗਿਜ਼, ਈਕੋਸਰਟ ਗਰੁੱਪ, ਈਕੋਸੇਮ-ਐਗਰਾਰ, ਗ੍ਰਿਮ, ਗਲੋਬਲ ਜੀ.ਏ.ਪੀ., ਸਿੰਗੇਟਾ, ਅਰਲਾ, ਏ.ਡੀ.ਟੀ. ਪ੍ਰਾਜੈਕਟ ਕੰਸਲਟਿੰਗ, ਐਗਰੀਕਲਰ ਤੇ ਕੰਸਲਟੈਂਟ ਤੇ ਹੋਰ ਕੰਪਨੀਆਂ ਦੀ ਮੁਹਾਰਤ ਪੰਜਾਬ ਦੇ ਅੰਨਦਾਤਿਆਂ ਲਈ ਲਾਭਦਾਇਕ ਸਾਬਤ ਹੋ ਸਕਦੀ ਹੈ।

ਵਿਚਾਰ-ਵਟਾਂਦਰੇ ਦੌਰਾਨ ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਖੇਤੀ ਕਾਰੋਬਾਰ ਵਿੱਚ ਆਪਸੀ ਸਹਿਯੋਗ ਲਈ ਕਈ ਮੌਕੇ ਉਪਲਬਧ ਹਨ। ਉਨ੍ਹਾਂ ਕਿਹਾ ਕਿ ਇਹ ਅਲਾਇੰਸ ਪੰਜਾਬ ਦੇ ਕਿਸਾਨਾਂ ਨੂੰ ਫਸਲੀ ਪ੍ਰਬੰਧਨ ਦੀਆਂ ਵਧੀਆ ਕਵਾਇਦਾਂ ਬਾਰੇ ਜਾਣਕਾਰੀ ਦੇ ਸਕਦਾ ਹੈ। ਜਰਮਨੀ ਦੇ ਖੇਤੀ ਕਾਰੋਬਾਰੀਆਂ ਨੂੰ ਸੂਬੇ ਵਿੱਚ ਕਾਰੋਬਾਰ ਸ਼ੁਰੂ ਕਰਨ ਦਾ ਸੱਦਾ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਅਗਵਾਈ ਵਾਲੀ ਹਰੀ-ਕ੍ਰਾਂਤੀ ਨੇ ਨਾ ਸਿਰਫ਼ ਭਾਰਤ ਨੂੰ ਖੇਤੀ ਉਤਪਾਦਨ ਵਿੱਚ ਆਤਮ-ਨਿਰਭਰ ਬਣਾਇਆ ਹੈ, ਸਗੋਂ ਵੱਖ-ਵੱਖ ਵਸਤੂਆਂ ਦੇ ਉਤਪਾਦਨ ਵਿੱਚ ਵਿਸ਼ਵ ਪੱਧਰ ’ਤੇ ਮੋਹਰੀ ਬਣਾਇਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਅਨਾਜ ਉਤਪਾਦਨ ਵਿੱਚ ਮੋਹਰੀ ਹੈ ਅਤੇ ਭਾਰਤ ਦੇ ਸਭ ਤੋਂ ਵੱਡੇ ਦੁੱਧ ਉਤਪਾਦਕਾਂ ਰਾਜਾਂ ਵਿੱਚੋਂ ਇੱਕ ਹੈ ਅਤੇ ਇਸ ਕੋਲ ਅਤਿ-ਆਧੁਨਿਕ ਬਰਾਮਦ ਦੀਆਂ ਸਹੂਲਤਾਂ ਹਨ। ਉਨ੍ਹਾਂ ਕਿਹਾ ਕਿ ਰਾਜ ਦੇ ਮਜ਼ਬੂਤ ਬੁਨਿਆਦੀ ਢਾਂਚੇ ਨੇ ਇਸ ਨੂੰ ਨੈਸਲੇ, ਡੈਨੋਨ, ਪੈਪਸੀਕੋ, ਕੋਕਾ-ਕੋਲਾ, ਯੂਨੀਲੀਵਰ, ਗੋਦਰੇਜ ਟਾਇਸਨ, ਸ਼ਰਾਇਬਰ, ਡੇਲ ਮੋਂਟੇ ਅਤੇ ਹੋਰ ਪ੍ਰਮੁੱਖ ਬਹੁਕੌਮੀ ਕੰਪਨੀਆਂ ਲਈ ਨਿਵੇਸ਼ ਦਾ ਤਰਜੀਹੀ ਸਥਾਨ ਬਣਾ ਦਿੱਤਾ ਹੈ, ਜਿਨ੍ਹਾਂ ਖੇਤੀ ਅਤੇ ਫੂਡ ਪ੍ਰਾਸੈਸਿੰਗ ਖੇਤਰ ਵਿੱਚ ਆਪਣੇ ਲਈ ਵਿਸ਼ੇਸ਼ ਸਥਾਨ ਬਣਾਇਆ ਹੈ। ਭਗਵੰਤ ਮਾਨ ਨੇ ਜਰਮਨ ਐਗਰੀ ਬਿਜ਼ਨਸ ਅਲਾਇੰਸ ਅਤੇ ਇਸ ਦੀਆਂ ਮੈਂਬਰ ਕੰਪਨੀਆਂ ਦੇ ਸੀਨੀਅਰ ਨੁਮਾਇੰਦਿਆਂ ਨੂੰ 23-24 ਫਰਵਰੀ 2023 ਨੂੰ ਹੋਣ ਵਾਲੇ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਨਿੱਘਾ ਸੱਦਾ ਦਿੱਤਾ।

Written By
The Punjab Wire