ਨੌਜਵਾਨ ਦੀ ਮੌਕੇ ‘ਤੇ ਹੀ ਹੋਈ ਮੌਤ , ਸਾਰੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ
ਅੰੰਮਿ੍ਤਸਰ, 8 ਸਿਤੰਬਰ (ਦਾ ਪੰਜਾਬ ਵਾਇਰ)। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇੜੇ ਪੈਂਦੇ ਕਹੀਆਂ ਵਾਲੇ ਬਾਜ਼ਾਰ ‘ਚ ਕੁਝ ਨਿਹੰਗਾਂ ਦਾ ਬਾਣਾ ਪਾਏ ਵਿਅਕਤੀਆਂ ਨੇ ਇਕ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਹੋਏ ਪਿੰਡ ਚਾਟੀਵਿੰਡ ਦੇ 22 ਸਾਲਾ ਨੌਜਵਾਨ ਹਰਮਨਜੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਥਾਣਾ ਬੀ ਡਵੀਜ਼ਨ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਹਰਸੰਦੀਪ ਸਿੰਘ ਨੇ ਦੱਸਿਆ ਕਿ ਮੌਕੇ ਦੀ ਸੀਸੀਟੀਵੀ ਫੁਟੇਜ ਲੈ ਕੇ ਹਮਲਾਵਰਾਂ ਦਾ ਪਤਾ ਲਗਾ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਤਰਨਤਾਰਨ ਰੋਡ ’ਤੇ ਪੈਂਦੇ ਪਿੰਡ ਵਾਸੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਸ਼ੈਲਟਰ ’ਤੇ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਹੈ ਅਤੇ ਉਸ ਦੇ ਦੋ ਲੜਕੇ ਹਨ। ਵੱਡਾ ਪੁੱਤਰ ਆਈ.ਟੀ.ਆਈ. ਵਿੱਚ ਕੋਰਸ ਕਰ ਰਿਹਾ ਹੈ ਜਦਕਿ ਛੋਟਾ ਪੁੱਤਰ ਹਰਮਨਜੀਤ ਸਿੰਘ ਉਰਫ਼ ਮਨੀ ਫੈਕਟਰੀ ਵਿੱਚ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਛੋਟਾ ਪੁੱਤਰ ਪਿੰਡ ਦੇ ਬਾਹਰ ਆਪਣਾ ਨਵਾਂ ਘਰ ਬਣਾ ਰਿਹਾ ਹੈ। ਉਸ ਦਾ ਛੋਟਾ ਪੁੱਤਰ ਬੁੱਧਵਾਰ ਰਾਤ ਕਰੀਬ 10.30 ਵਜੇ ਆਪਣੇ ਨਵੇਂ ਘਰ ਵਿੱਚ ਸੀ। ਉਸ ਦਾ ਲੜਕਾ ਉਸ ਕੋਲ ਆਇਆ ਕਿ ਉਸ ਨੂੰ ਕਿਸੇ ਦਾ ਫੋਨ ਆਇਆ ਹੈ। ਫ਼ੋਨ ‘ਤੇ ਗੱਲ ਕਰਦਿਆਂ ਉਹ ਕਹਿਣ ਲੱਗਾ ਕਿ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਜਾ ਰਿਹਾ ਹੈ ਤੇ ਸਵੇਰੇ ਹੀ ਵਾਪਸ ਆ ਜਾਵੇਗਾ |
ਸ਼ਿਕਾਇਤਕਰਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ 8 ਸਤੰਬਰ ਦਿਨ ਵੀਰਵਾਰ ਨੂੰ ਸਵੇਰੇ ਛੇ ਵਜੇ ਉਹ ਘਰ ਆਇਆ ਅਤੇ ਪਤਨੀ ਨੂੰ ਪੁੱਛਿਆ ਕਿ ਹਰਮਨਜੀਤ ਸਿੰਘ ਦਰਬਾਰ ਸਾਹਿਬ ਤੋਂ ਵਾਪਸ ਆਇਆ ਹੈ ਜਾਂ ਨਹੀਂ। ਪਤਨੀ ਦੇ ਇਨਕਾਰ ਕਰਨ ‘ਤੇ ਉਹ ਆਪਣੇ ਭਰਾ ਹਰਪ੍ਰੀਤ ਸਿੰਘ ਨੂੰ ਨਾਲ ਲੈ ਕੇ ਪੁੱਤਰ ਦੀ ਭਾਲ ਵਿਚ ਦਰਬਾਰ ਸਾਹਿਬ ਆਇਆ। ਜਦੋਂ ਉਹ ਹੋਟਲ ਰਾਇਲ ਇਨ ਨੇੜੇ ਪਹੁੰਚੇ ਤਾਂ ਉਨ੍ਹਾਂ ਨੇ ਹਰਮਨਜੀਤ ਸਿੰਘ ਦਾ ਮੋਟਰਸਾਈਕਲ ਹੋਟਲ ਦੇ ਸਾਹਮਣੇ ਖੜ੍ਹਾ ਦੇਖਿਆ। ਜਦੋਂ ਉਹ ਹੋਟਲ ਨੇੜੇ ਪਹੁੰਚਿਆ ਤਾਂ ਦੇਖਿਆ ਕਿ ਉਸ ਦੇ ਲੜਕੇ ਦੀ ਲਾਸ਼ ਉਥੇ ਪਈ ਸੀ। ਪੁੱਛ-ਪੜਤਾਲ ਕਰਨ ‘ਤੇ ਆਲੇ ਦੁਆਲੇ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਦਾ ਰਾਤ ਵੇਲੇ ਨਿਹੰਗ ਸਿੰਘਾਂ ਦਾ ਬਾਣਾ ਪਾਏ ਦੋ ਵਿਅਕਤੀਆਂ ਨੇ ਕਤਲ ਕਰ ਦਿੱਤਾ ਸੀ।
ਥਾਣਾ ਬੀ-ਡਵੀਜ਼ਨ ਦੇ ਇੰਚਾਰਜ ਹਰਸੰਦੀਪ ਸਿੰਘ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ‘ਤੇ ਇਕ ਨੇ ਨਿਹੰਗ ਸਿੰਘ ਦਾ ਪੂਰਾ ਅਤੇ ਦੂਜੇ ਨੇ ਅੱਧੇ ਬਾਣਾ ਪਾਇਆ ਸੀ। ਇਨ੍ਹਾਂ ਦੀ ਪਛਾਣ ਨਿੱਕਾ ਸਿੰਘ ਕਲੋਨੀ ਵਾਸੀ ਚਰਨਜੀਤ ਸਿੰਘ, ਤਰੁਣਦੀਪ ਸਿੰਘ ਅਤੇ ਰਮਨਦੀਪ ਸਿੰਘ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਦਾ ਕਾਰਨ ਨੌਜਵਾਨਾਂ ਨੂੰ ਨਸ਼ਾ ਕਰਨ ਤੋਂ ਰੋਕਣਾ ਸੀ।