ਮੈਰਿਜ ਪੈਲਸ, ਹੋਟਲ, ਰੈਸਟੋਰੈਂਟ ਅਤੇ ਹੋਰ ਕਾਰੋਬਾਰੀ ਅਦਾਰੇ ਆਪਣੇ ਕੂੜੇ ਦਾ ਨਿਪਟਾਰਾ ਕਰਨ ਲਈ ਪਿੱਟਸ ਬਣਾਉਣ
ਗੁਰਦਾਸਪੁਰ, 7 ਸਤੰਬਰ ( ਮੰਨਣ ਸੈਣੀ )। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਜ਼ਿਲ੍ਹੇ ਦੀਆਂ ਸਮੂਹ ਨਗਰ ਕੌਂਸਲਾਂ ਅਤੇ ਨਗਰ ਨਿਗਮ ਬਟਾਲਾ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਗਿੱਲੇ ਤੇ ਸੁੱਕੇ ਕੂੜੇ ਨੂੰ ਸੈਗਰੀਗੇਟ ਕਰਕੇ ਵਿਗਿਆਨਿਕ ਢੰਗ ਨਾਲ ਉਸਦਾ ਨਿਪਟਾਰਾ ਕਰਨ ਤਾਂ ਜੋ ਸ਼ਹਿਰਾਂ ਵਿਚੋਂ ਕੂੜੇ ਦੇ ਢੇਰਾਂ ਨੂੰ ਖਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਇੱਕ ਵਾਰ ਵਰਤੋਂ ਵਿੱਚ ਆਉਣ ਵਾਲੀ ਪਾਲਸਟਿਕ ਦੀ ਵਰਤੋਂ ਨੂੰ ਸਖਤੀ ਨਾਲ ਰੋਕਿਆ ਜਾਵੇ ਅਤੇ ਜਿਹੜਾ ਵਿਅਕਤੀ ਸਰਕਾਰ ਦੀ ਹਦਾਇਤਾਂ ਦੀ ਉਲੰਘਣਾਂ ਕਰਦਾ ਹੈ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਅੱਜ ਸਥਾਨਕ ਪੰਚਾਇਤ ਭਵਨ ਵਿਖੇ ਇੱਕ ਮੀਟਿੰਗ ਦੌਰਾਨ ਸਾਲਿਡ ਵੇਸਟ ਮੈਨੇਜਮੈਂਟ ਸਬੰਧੀ ਜ਼ਿਲ੍ਹੇ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਦੀ ਸਮੀਖਿਆ ਕੀਤੀ। ਉਨ੍ਹਾਂ ਕਿਹਾ ਕਿ ਸ਼ਹਿਰੀ ਖੇਤਰਾਂ ਵਿੱਚ ਸਫ਼ਾਈ ਕਰਮੀ ਘਰ-ਘਰ ਤੋਂ ਸੁੱਕਾ ਤੇ ਗਿੱਲਾ ਕੂੜਾ ਵੱਖ-ਵੱਖ ਇਕੱਠਾ ਕਰਨ ਅਤੇ ਗਿੱਲੇ ਕੂੜੇ ਨੂੰ ਪਿਟਸ ’ਚ ਪਾ ਕੇ ਉਸਦੀ ਦੇਸੀ ਖਾਦ ਤਿਆਰ ਕੀਤੀ ਜਾਵੇ ਜਦਕਿ ਸੁੱਕੇ ਕੂੜੇ ਨੂੰ ਐੱਮ.ਆਰ.ਐੱਫ ਯੂਨਿਟ ’ਤੇ ਲਿਜਾ ਕੇ ਰੀ-ਸਾਈਕਲ ਕੀਤਾ ਜਾਵੇ। ਇਸਦੇ ਨਾਲ ਹੀ ਜਨਤਾ ਨੂੰ ਵੀ ਆਪਣੇ ਘਰਾਂ ਦਾ ਸੁੱਕਾ ਅਤੇ ਗਿੱਲਾ ਕੂੜਾ ਵੱਖ-ਵੱਖ ਕਰਨ ਲਈ ਜਾਗਰੂਕ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਸਮੂਹ ਮੈਰਿਜ ਪੈਲਸਾਂ, ਹੋਟਲਾਂ, ਰੈਸਟੋਰੈਂਟ ਅਤੇ ਹੋਰ ਕਾਰੋਬਾਰੀ ਅਦਾਰਿਆਂ ਦੇ ਮਾਲਕਾਂ ਨੂੰ ਵੀ ਹਦਾਇਤ ਕੀਤੀ ਹੈ ਉਹ ਆਪਣੇ ਅਦਾਰਿਆਂ ਵਿੱਚ ਪਿਟਸ ਲਾਜ਼ਮੀ ਤੌਰ ’ਤੇ ਬਣਾਉਣ ਅਤੇ ਆਪਣੇ ਕੂੜੇ ਦਾ ਖੁਦ ਨਿਪਟਾਰਾ ਕਰਨ। ਉਨ੍ਹਾਂ ਸਥਾਨਕ ਸਰਕਾਰਾਂ ਵਿਭਾਗ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਪਰੋਕਤ ਕਾਰੋਬਾਰੀ ਅਦਾਰਿਆਂ ਦੀ ਵਿਸ਼ੇਸ਼ ਚੈਕਿੰਗ ਕਰਕੇ ਇਹ ਯਕੀਨੀ ਬਣਾਇਆ ਜਾਵੇ ਕਿ ਉਨ੍ਹਾਂ ਨੇ ਆਪਣੇ ਪਿਟਸ ਬਣਾ ਲਏ ਹਨ।
ਸ਼ਹਿਰਾਂ ਵਿੱਚ ਸਫ਼ਾਈ ਵਿਵਸਥਾ ਨੂੰ ਦਰੁਸਤ ਕਰਨ ਦੀ ਹਦਾਇਤ ਦਿੰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਈ.ਓ. ਇਹ ਯਕੀਨੀ ਬਣਾਉਣਗੇ ਕਿ ਸਾਰੇ ਸਫ਼ਾਈ ਕਰਮਚਾਰੀ ਆਪਣੀ ਬੀਟ ਵਿੱਚ ਰੋਜ਼ਾਨਾਂ ਸਫ਼ਾਈ ਕਰਨ ਅਤੇ ਉਨ੍ਹਾਂ ਦੀ ਹਾਜ਼ਰੀ 100 ਫੀਸਦੀ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਕਰਮੀਆਂ ਨੂੰ ਹਫ਼ਤੇ ਵਿੱਚ ਵਾਰੀ ਸਿਰ ਇੱਕ ਦਿਨ ਰੈਸਟ ਦਿੱਤੀ ਜਾਵੇ ਪਰ ਐਤਵਾਰ ਨੂੰ ਵੀ ਸਫ਼ਾਈ ਜਰੂਰ ਹੋਣੀ ਚਾਹੀਦੀ ਹੈ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀਮਤੀ ਅਮਨਦੀਪ ਕੌਰ ਨੇ ਸਾਲਡ ਵੇਸਟ ਮੈਨੇਜਮੈਂਟ ਸਬੰਧੀ ਜ਼ਿਲ੍ਹੇ ਦੀਆਂ ਵੱਖ-ਵੱਖ ਨਗਰ ਕੌਂਸਲਾਂ ਅਤੇ ਨਗਰ ਨਿਗਮ ਬਟਾਲਾ ਵੱਲੋਂ ਕੀਤੇ ਜਾ ਰਹੇ ਕੰਮਾਂ ਸਬੰਧੀ ਪ੍ਰਗਤੀ ਰੀਪੋਰਟ ਪੇਸ਼ ਕੀਤੀ। ਇਸ ਮੌਕੇ ਨਗਰ ਕੌਂਸਲਾਂ ਦੇ ਈ.ਓਜ਼ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।