ਵਿਜੀਲੈਂਸ ਬਿਉਰੋ ਵਲੋਂ 7 ਦੋਸ਼ੀਆਂ ਖਿਲਾਫ ਮਕੱਦਮਾ ਦਰਜ, 5 ਦੋਸ਼ੀ ਗ੍ਰਿਫਤਾਰ
ਜਲੰਧਰ (ਚੰਡੀਗੜ) 29 ਅਗਸਤ ( ਦ ਪੰਜਾਬ ਵਾਇਰ)। ਪੰਜਾਬ ਵਿਜੀਲੈਂਸ ਬਿਉਰੋ ਵਲੋਂ ਕਰਨਾਣਾ ਬਹੁਮੰਤਵੀ ਖੇਤੀ ਸੇਵਾ ਸਭਾ ਲਿਮਟਿਡ ਪਿੰਡ ਕਰਨਾਣਾ, ਜਿ਼ਲ੍ਹਾ ਐਸ.ਬੀ.ਐਸ.ਨਗਰ ਵਿੱਚ ਹੋਏ ਬਹੁਕਰੋੜੀ ਘੋਟਾਲੇ ਦੇ ਦੋਸ਼ ਹੇਠ ਸਭਾ ਦੇ 7 ਅਧਿਕਾਰੀ/ਕਰਮਚਾਰੀਆਂ ਵਿਰੁੱਧ ਥਾਣਾ ਵਿਜੀਲੈਂਸ ਬਿਉਰੋ, ਜਲੰਧਰ ਵਿਖੇ ਮੁਕੱਦਮਾ ਦਰਜ ਕਰਕੇ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈ਼ਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਸੁਸਾਇਟੀ ਦੀ ਕੀਤੀ ਗਈ ਜਾਂਚ ਉਪਰੰਤ ਉਕਤ ਕੋਆਪ੍ਰੇਟਿਵ ਸੋਸਾਇਟੀ ਦੇ ਅਧਿਕਾਰੀ/ਕਰਮਚਾਰੀਆਂ ਵੱਲੋ਼ ਮਿਲੀ ਭੁਗਤ ਕਰਕੇ 7,14,07,596.23 ਰੁਪਏ (ਸੱਤ ਕਰੋੜ, ਚੌਦਾਂ ਲੱਖ ਸੱਤ ਹਜ਼ਾਰ ਪੰਜ ਸੌ ਛਿਅੰਨਵੇ ਰੁਪੈ ਤੇਈ ਪੈਸੇ) ਦਾ ਘੋਟਾਲਾ ਸਾਹਮਣੇ ਆਇਆ ਹੈ।
ਉਨਾਂ ਦੱਸਿਆ ਕਿ ਉਕਤ ਸੁਸਾਇਟੀ ਵਿੱਚ ਕਰੀਬ 1000 ਖਾਤਾ ਧਾਰਕ/ਮੈਂਬਰ ਹਨ ਤੇ ਇਸ ਸਭਾ ਕੋਲ ਇੱਕ ਇੰਡੀਅਨ ਆਇਲ ਦਾ ਪੈਟਰੋਲ ਪੰਪ, ਇਕ ਟਰੈਕਟਰ, ਵੱਡੀ ਮਾਤਰਾ ਵਿੱਚ ਵਾਹੀਯੋਗ ਜ਼ਮੀਨ ਨਾਲ ਸਬੰਧਤ ਖੇਤੀਬਾੜੀ ਦੇ ਸੰਦ ਹਨ। ਇਸ ਤੋਂ ਇਲਾਵਾ ਉਕਤ ਸੁਸਾਇਟੀ ਵੱਲੋਂ ਖਾਦਾਂ ਅਤੇ ਕੀਟ ਨਾਸ਼ਕ ਦਵਾਈਆਂ ਆਦਿ ਵੀ ਕਿਸਾਨਾਂ ਨੂੰ ਵੇਚੀਆਂ ਜਾਂਦੀਆਂ ਹਨ। ਉਕਤ ਸੁਸਾਇਟੀ ਵਿੱਚ ਕੁੱਲ 6 ਕਰਮਚਾਰੀ ਵੱਖ-ਵੱਖ ਜਗ੍ਹਾ ਕੰਮ ਕਰ ਰਹੇ ਹਨ।
ਉਨਾਂ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਪਿੰਡ ਕਰਨਾਣਾ ਦੇ ਐਨ.ਆਰ.ਆਈ. ਅਤੇ ਪਿੰਡ ਦੇ ਲੋਕਾਂ ਵੱਲੋਂ ਉਕਤ ਸਭਾ ਵਿੱਚ ਕਰੋੜਾਂ ਰੁਪਇਆ ਦੀਆਂ ਐਫ.ਡੀ.ਆਰਜ਼ ਕਰਵਾਈਆਂ ਗਈਆਂ ਹਨ। ਉਕਤ ਸਭਾ ਦੇ ਸੈਕਟਰੀ ਇੰਦਰਜੀਤ ਧੀਰ, ਜੋ ਕਿ ਕੈਸ਼ੀਅਰ ਵੀ ਰਹਿ ਚੁੱਕਾ ਹੈ, ਨੇ ਪ੍ਰਧਾਨ ਰਣਧੀਰ ਸਿੰਘ ਅਤੇ ਮੌਜੂਦਾ ਕੈਸ਼ੀਅਰ ਹਰਪ੍ਰੀਤ ਸਿੰਘ ਆਦਿ ਨਾਲ ਮਿਲੀਭੁਗਤ ਕਰਕੇ ਉਕਤ ਐਫ.ਡੀ.ਆਰਜ਼ ਉਪਰ ਲਿਮਟਾਂ ਆਦਿ ਬਣਾ ਕੇ ਕਰੋੜਾਂ ਰੁਪੈ ਦਾ ਗਬਨ ਕੀਤਾ ਹੈ।
ਬੁਲਾਰੇ ਨੇ ਦੱਸਿਆ ਕਿ ਤਕਨੀਕੀ ਟੀਮ ਵੱਲੋਂ ਉਕਤ ਸਭਾ ਦੇ ਰਿਕਾਰਡ ਦੀ ਚੈਕਿੰਗ ਦੌਰਾਨ ਮਿਤੀ 01.4.18 ਤੋਂ 31.03.20 ਤੱਕ ਸਭਾ ਦੇ ਮੈਂਬਰਾਂ ਵੱਲੋਂ ਲਏ ਗਏ ਕਰਜ਼ੇ ਅਤੇ ਮੈਂਬਰਾਂ ਦੀਆਂ ਅਮਾਨਤਾਂ ਵਿੱਚ 7,14,07,596.23 ਰੁਪਏ (ਸੱਤ ਕਰੋੜ, ਚੌਦਾਂ ਲੱਖ ਸੱਤ ਹਜ਼ਾਰ ਪੰਜ ਸੌ ਛਿਅੰਨਵੇ ਰੁਪੈ ਤੇਈ ਪੈਸੇ) ਦਾ ਗਬਨ ਹੋਣਾ ਪਾਇਆ ਗਿਆ ਅਤੇ ਇਸ ਤੋਂ ਇਲਾਵਾ 36,36,71,952.55 ਰੁਪਏ (ਛੱਤੀ ਕਰੋੜ ਛੱਤੀ ਲੱਖ, ਇਕੱਤਰ ਹਜ਼ਾਰ ਨੌ ਸੌ ਬਵੰਜਾ ਰੁਪਏ ਪੰਚਵੰਜਾ ਪੈਸੇ) ਦੀਆਂ ਗੰਭੀਰ ਊਣਤਾਈਆਂ ਵੀ ਸਾਹਮਣੇ ਆਈਆਂ ਹਨ।
ਇਸ ਘਪਲੇ ਦੇ ਵੇਰਵੇ ਦਿੰਦਿਆਂ ਉਨਾਂ ਦੱਸਿਆ ਕਿ ਜਾਂਚ ਦੌਰਾਨ ਇਹ ਵੀ ਪਾਇਆ ਗਿਆ ਕਿ ਸਭਾ ਦੇ ਸਕੱਤਰ ਇੰਦਰਜੀਤ ਧੀਰ ਵੱਲੋਂ ਸਭਾ ਵਿੱਚ ਦੋ ਕੰਪਿਊਟਰ ਲਗਾਏ ਹੋਏ ਸਨ, ਜਿਸ ਵਿੱਚੋਂ ਇਕ ਕੰਪਿਊਟਰ ਵਿੱਚ ਉਕਤ ਸਕੱਤਰ ਵੱਲੋਂ ਮੈਬਰਾਂ ਨੂੰ ਧੋਖਾ ਦੇਣ ਲਈ ਰਿਕਾਰਡ ਤਿਆਰ ਕੀਤਾ ਹੋਇਆ ਸੀ ਤੇ ਸਭਾ ਦੇ ਮੈਂਬਰਾਂ ਨੂੰ ਐਂਟਰੀਆਂ ਦਿਖਾ ਕੇ ਇਹ ਤਸੱਲੀ ਕਰਵਾ ਦਿੰਦਾ ਸੀ ਕਿ ਆਪ ਦੀਆਂ ਸਾਰੀਆਂ ਐਂਟਰੀਆਂ ਸਹੀ ਹਨ। ਦੂਜੇ ਕੰਪਿਊਟਰ ਦੇ ਡਾਟੇ ਨੂੰ ਵਾਚਣ ਉਤੇ ਪਾਇਆ ਗਿਆ ਕਿ ਸਭਾ ਦੇ ਸਕੱਤਰ ਵੱਲੋਂ ਇਸ ਕੰਪਿਊਟਰ ਵਿੱਚ ਫਰਾਡ ਕੀਤੀ ਗਈ ਰਕਮ ਅਨੁਸਾਰ ਡਾਟਾ ਫੀਡ ਕਰਕੇ ਆਡਿਟ ਅਫਸਰ ਅਤੇ ਹੋਰ ਅਧਿਕਾਰੀਆਂ ਨੂੰ ਪੇਸ਼ ਕਰ ਦਿੰਦਾ ਸੀ।
ਇਸ ਘਪਲੇ ਦੇ ਦੋਸ਼ ਹੇਠ ਸੁਸਾਇਟੀ ਦੇ ਸਾਬਕਾ ਸਕੱਤਰ ਇੰਦਰਜੀਤ ਧੀਰ, ਹਰਪ੍ਰੀਤ (ਵਾਧੂ ਚਾਰਜ) ਕੈਸ਼ੀਅਰ, ਰਣਧੀਰ ਸਿੰਘ ਸਾਬਕਾ ਪ੍ਰਧਾਨ, ਸੁਖਵਿੰਦਰ ਸਿੰਘ ਮੀਤ ਪ੍ਰਧਾਨ, ਰਵਿੰਦਰ ਸਿੰਘ ਕਮੇਟੀ ਮੈਂਬਰ, ਮਹਿੰਦਰ ਲਾਲ ਕਮੇਟੀ ਮੈਂਬਰ ਤੇ ਕਮਲਜੀਤ ਸਿੰਘ ਕਮੇਟੀ ਮੈਂਬਰ (ਸਾਰੇ ਵਾਸੀ ਪਿੰਡ ਕਰਨਾਣਾ) ਵੱਲੋਂ ਆਪਸ ਵਿੱਚ ਮਿਲੀਭੁਗਤ ਕਰਕੇ ਸਭਾ ਦੇ ਮੈਬਰਾਂ ਦੇ 7,14,07,596.23 ਰੁਪਏ ਦਾ ਗਬਨ ਕੀਤਾ ਜਾਣਾ ਪਾਇਆ ਗਿਆ।
ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਉਪਰੋਕਤ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ: 15 ਮਿਤੀ 29.08.2022 ਅ/ਧ 406, 409, 420, 465, 468, 471, 477-ਏ, 120-ਬੀ ਆਈ.ਪੀ.ਸੀ. ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1), 13(2) ਤਹਿਤ ਥਾਣਾ ਵਿਜੀਲੈਂਸ ਬਿਉਰੋ, ਜਲੰਧਰ ਵਿਖੇ ਕੇਸ ਦਰਜ ਕੀਤਾ ਗਿਆ। ਇਸ ਮੁਕੱਦਮੇ ਦੇ ਦੋਸ਼ੀਆਂ ਰਣਧੀਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਮਹਿੰਦਰ ਲਾਲ ਤੇ ਕਮਲਜੀਤ ਸਿੰਘ (ਸਾਰੇ ਵਾਸੀ ਪਿੰਡ ਕਰਨਾਣਾ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਬਾਰੇ ਅਗਲੇਰੀ ਕਾਰਵਾਈ ਜਾਰੀ ਹੈ।