ਜਲੰਧਰ, 29 ਅਗਸਤ ( ਦ ਪੰਜਾਬ ਵਾਇਰ) । ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ‘ਆਪ’ ਆਗੂਆਂ ਦੀ ਜਲੰਧਰ ਦੇ ਇਕ ਚਾਰ ਸਿਤਾਰਾ ਹੋਟਲ ਵਿੱਚ ਠਹਿਰਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ 2.18 ਲੱਖ ਰੁਪਏ ਦਾ ਬਿੱਲ ਮਿਲਿਆ ਹੈ। ਹੋਟਲ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਬਿੱਲ ਭੇਜ ਕੇ ਅਦਾਇਗੀ ਦੀ ਮੰਗ ਕੀਤੀ ਹੈ।
ਦੋਵੇਂ ਮੁੱਖ ਮੰਤਰੀ 15 ਜੂਨ, 2022 ਨੂੰ ਜਲੰਧਰ ਤੋਂ ਨਵੀਂ ਦਿੱਲੀ ਹਵਾਈ ਅੱਡੇ ਲਈ ਵੋਲਵੋ ਬੱਸ ਨੂੰ ਹਰੀ ਝੰਡੀ ਦਿਖਾਉਣ ਲਈ ਇੱਥੇ ਆਏ ਸਨ। ਦੋਵੇਂ ਕਰੀਬ ਤਿੰਨ ਘੰਟੇ ਹੋਟਲ ‘ਚ ਰਹੇ। ਆਰਟੀਆਈ ਕਾਰਕੁਨ ਜਸਪਾਲ ਮਾਨ ਵੱਲੋਂ ਪ੍ਰਾਪਤ ਜਾਣਕਾਰੀ ਦੇ ਜਵਾਬ ‘ਚ ਜ਼ਿਲ੍ਹਾ ਪ੍ਰਸ਼ਾਸਨ ਨੇ ਦੱਸਿਆ ਕਿ ਸਬੰਧਤ ਹੋਟਲ ਨੇ ਕੁੱਲ 2.18 ਲੱਖ ਰੁਪਏ ਦਾ ਬਿੱਲ ਭੇਜਿਆ ਹੈ।
ਇਸ ਵਿੱਚ ਛੇ ਕਮਰਿਆਂ ਲਈ 1.37 ਲੱਖ ਰੁਪਏ ਅਤੇ 38 ਲੰਚ ਬਾਕਸ ਲਈ 80,712 ਰੁਪਏ ਸ਼ਾਮਲ ਹਨ। ਇਸ ਬਿੱਲ ਵਿੱਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਤੋਂ ਇਲਾਵਾ ਦਿੱਲੀ ‘ਆਪ’ ਆਗੂਆਂ ਦੇ ਯਾਤਰਾ ਖਰਚੇ ਵੀ ਸ਼ਾਮਲ ਹਨ। ਕਿਸੇ ਸਿਆਸੀ ਸ਼ਖਸੀਅਤ ਦਾ ਬਿੱਲ ਭਰਨਾ ਜ਼ਿਲ੍ਹਾ ਪ੍ਰਸ਼ਾਸਨ ਲਈ ਚੁਣੌਤੀ ਬਣ ਸਕਦਾ ਹੈ।
ਬਿਲ ਵਿੱਚ ਅਰਵਿੰਦ ਕੇਜਰੀਵਾਲ ਦੇ ਕਮਰੇ ਅਤੇ ਰੂਮ ਸਰਵਿਸ ਲਈ 17,788 ਰੁਪਏ ਅਤੇ ਭਗਵੰਤ ਮਾਨ ਦੇ ਕਮਰੇ ਅਤੇ ਰੂਮ ਸਰਵਿਸ ਲਈ 22,836 ਰੁਪਏ ਸ਼ਾਮਲ ਹਨ। ਇਸ ਦੇ ਨਾਲ ਹੀ ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਲਈ 15,460 ਰੁਪਏ, ਪਰਵੇਸ਼ ਝਾਅ ਲਈ 22,416 ਰੁਪਏ, ਰਾਮ ਕੁਮਾਰ ਝਾਅ ਲਈ 50,902 ਰੁਪਏ ਅਤੇ ਦਿੱਲੀ ਦੇ ਮੁੱਖ ਮੰਤਰੀ ਦੇ ਨਿੱਜੀ ਸਕੱਤਰ ਵਿਭਵ ਕੁਮਾਰ ਦੇ 8,062 ਰੁਪਏ ਦੇ ਖਰਚੇ ਦਾ ਜ਼ਿਕਰ ਕੀਤਾ ਗਿਆ ਹੈ।
ਜ਼ਿਲ੍ਹਾ ਮਾਲ ਅਫ਼ਸਰ ਨੇ ਦੱਸਿਆ ਕਿ ਸਮਾਗਮ ’ਤੇ ਹੋਏ ਖਰਚੇ ਬਾਰੇ ਹੋਰ ਕੋਈ ਜਾਣਕਾਰੀ ਡਿਪਟੀ ਕਮਿਸ਼ਨਰ ਦਫ਼ਤਰ ਕੋਲ ਉਪਲਬਧ ਨਹੀਂ ਹੈ। ਇਸ ਸਮਾਗਮ ਲਈ ਕੋਈ ਫੰਡ ਜਾਰੀ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਅਤੇ ਹੋਟਲ ਵੱਲੋਂ ਭੇਜੇ ਜਾ ਰਹੇ ਬਿੱਲ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਹ ਬਿੱਲ ਦੇਖ ਕੇ ਹੀ ਕੁਝ ਕਹਿ ਸਕਣਗੇ।