ਕੇਸ ਦੀ ਸੁਣਵਾਈ ਲਈ ਅਗਲੀ ਪੇਸ਼ੀ 8 ਅਗਸਤ ਨੂੰ ਨਿਸਚਿਤ
ਚੰਡੀਗੜ, 6 ਅਗਸਤ (ਦ ਪੰਜਾਬ ਵਾਇਰ)। ਪੰਜਾਬ ਵਿਜੀਲੈਂਸ ਬਿਊਰੋ ਨੇ ਸ਼ਨੀਵਾਰ ਨੂੰ ਮੋਹਾਲੀ ਦੀ ਅਦਾਲਤ ਵਿੱਚ ਜੰਗਲਾਤ ਘੁਟਾਲੇ ਦੇ ਮਾਮਲੇ ਵਿੱਚ ਮਿੱਥੇ ਸਮੇਂ ਅੰਦਰ ਚਲਾਨ ਪੇਸ਼ ਕਰ ਦਿੱਤਾ ਹੈ ਜਿਸ ਨੂੰ ਰੈਗੂਲਰ ਸੁਣਵਾਈ ਲਈ ਸ਼ੈਸ਼ਨ ਕੋਰਟ ਵਿੱਚ ਭੇਜ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਓਰੋ ਵੱਲੋਂ ਪਹਿਲਾਂ ਹੀ ਮੁਕੱਦਮਾ ਨੰ. 7, ਮਿਤੀ 6-7-2022 ਨੂੰ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਜਿਲਾ ਜੰਗਲਾਤ ਅਫਸਰ ਗੁਰਮਨਪ੍ਰੀਤ ਸਿੰਘ ਅਤੇ ਇੱਕ ਪ੍ਰੈਸ ਰਿਪੋਰਟਰ ਕਮਲਪ੍ਰੀਤ ਸਿੰਘ ਉਰਫ ਕਮਲ, ਤੱਤਕਾਲੀ ਮੰਤਰੀ ਦੇ ਓਐਸਡੀ ਤੋਂ ਇਲਾਵਾ ਹੋਰ ਮੁਲਜਮਾਂ ਕੇਸ ਦਰਜ ਕੀਤਾ ਹੋਇਆ ਹੈ। ਉਨਾਂ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ 7/6/2022 ਨੂੰ ਗਿ੍ਰਫਤਾਰ ਕੀਤਾ ਗਿਆ ਸੀ ਅਤੇ ਇਸ ਸਮੇਂ ਉਹ ਨਿਆਂਇਕ ਹਿਰਾਸਤ ਵਿੱਚ ਹਨ।
ਉਨਾਂ ਦੱਸਿਆ ਕਿ ਬਿਓਰੋ ਵੱਲੋਂ ਇਸ ਮਾਮਲੇ ਵਿੱਚ ਮੁਲਜਮ ਸਾਧੂ ਸਿੰਘ ਧਰਮਸੋਤ, ਗੁਰਮਨਪ੍ਰੀਤ ਸਿੰਘ, ਡੀਐਫਓ ਅਤੇ ਕਮਲਪ੍ਰੀਤ ਸਿੰਘ ਉਰਫ ਕਮਲ ਖਿਲਾਫ ਸੀਆਰਪੀਸੀ ਦੀ ਧਾਰਾ 173(2) ਤਹਿਤ ਸੈਸਨ ਕੋਰਟ, ਮੁਹਾਲੀ ਵਿੱਚ ਅੰਤਿਮ ਰਿਪੋਰਟ ਅੱਜ ਦਾਇਰ ਕਰ ਦਿੱਤੀ ਗਈ ਹੈ। ਹੁਣ ਇਹ ਮੁਕੱਦਮਾ ਮੁਹਾਲੀ ਦੀ ਵਧੀਕ ਅਤੇ ਸੈਸਨ ਅਦਾਲਤ ਵਿੱਚ ਸੁਣਵਾਈ ਲਈ ਭੇਜ ਦਿੱਤਾ ਗਿਆ ਹੈ ਅਤੇ ਇਸ ਤੇ ਵਿਚਾਰ ਲਈ ਅਗਲੀ ਤਰੀਕ 8 ਅਗਸਤ, 2022 ਨਿਸਚਿਤ ਕੀਤੀ ਗਈ ਹੈ।
ਵਰਨਣਯੋਗ ਹੈ ਕਿ ਉਕਤ ਸਾਬਕਾ ਮੰਤਰੀ ਹੋਰਨਾ ਸਮੇਤ ਖੈਰ ਦੇ ਦਰੱਖਤਾਂ ਦੀ ਕਟਾਈ ਦੇ ਪਰਮਿਟ ਦੇਣ, ਵਿਭਾਗ ਦੇ ਅਧਿਕਾਰੀਆਂ ਦੇ ਤਬਾਦਲੇ, ਖਰੀਦਦਾਰੀ ਕਰਨ ਅਤੇ ਜੰਗਲਾਤ ਵਿਭਾਗ ਦੇ ਹੋਰ ਮੁਲਜਮਾਂ ਅਤੇ ਨਿੱਜੀ ਠੇਕੇਦਾਰਾਂ ਦੀ ਮਿਲੀਭੁਗਤ ਨਾਲ ਵਿਭਾਗ ਵਿੱਚ ਸੰਗਠਿਤ ਭਿ੍ਰਸਟਾਚਾਰ ਵਿੱਚ ਸ਼ਾਮਲ ਸੀ।
ਬੁਲਾਰੇ ਨੇ ਦੱਸਿਆ ਕਿ ਇਸ ਘੁਟਾਲੇ ਵਿੱਚ ਵੱਖ-ਵੱਖ ਦੋਸ਼ੀਆਂ ਤੋਂ ਮਿਲੇ ਦਸਤਾਵੇਜੀ ਸਬੂਤਾਂ ਅਤੇ ਜੁਬਾਨੀ ਖੁਲਾਸਿਆਂ ਦੇ ਆਧਾਰ ’ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਉਪਰੰਤ ਬਿਊਰੋ ਨੇ ਉਕਤ ਵਿਅਕਤੀਆਂ ਤੋਂ ਇਲਾਵਾ ਹੋਰ ਦੋਸੀਆਂ ਨੂੰ ਗਿ੍ਫਤਾਰ ਕੀਤਾ ਹੈ। ਇਸ ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ।