ਮਸੀਹ ਭਾਈਚਾਰੇ ਵਲੋਂ ਥਾਣੇ ਦਾ ਘਿਰਾਓ ਕਰ ਸੜਕ ਜਾਮ ਕਰਕੇ ਦਿੱਤਾ ਗਿਆ ਧਰਨਾ ਤਾਂ ਦੂਜੇ ਧਿਰ ਹੋਈ ਨਹਿਰੂ ਪਾਰਕ ‘ਚ ਇੱਕਠੀ, ਸ਼ਹਿਰ ਦੀਆਂ ਵੱਖ ਵੱਖ ਜੱਥੇਬੰਦੀਆਂ ਦਾ ਮਿਲਿਆ ਸਾਥ
ਦੁਰਵਿਵਹਾਰ ਦੇ ਦੋਸ਼ਾਂ ਕਾਰਨ ਏਐਸਆਈ ਮੁਅੱਤਲ, ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ-ਐਸਐਸਪੀ ਦੀਪਕ ਹਿਲੌਰੀ
ਗੁਰਦਾਸਪੁਰ, 2 ਅਗਸਤ (ਮੰਨਣ ਸੈਣੀ)। ਥਾਣਾ ਸਿਟੀ ਗੁਰਦਾਸਪੁਰ ਦੇ ਬਾਹਰ ਮਾਹੌਲ ਉਸ ਸਮੇਂ ਤਣਾਅਪੂਰਨ ਬਣ ਗਿਆ, ਜਦੋਂ ਧਾਰਮਿਕ ਵਿਵਾਦ ਨੂੰ ਲੈ ਕੇ ਪੁਲਿਸ ਤੇ ਦਬਾਅ ਬਣਾਉਣ ਦੇ ਚਲਦਿਆਂ ਆਪੋ-ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ। ਮਸੀਹ ਭਾਈਚਾਰੇ ਨਾਲ ਸਬੰਧਤ ਲੋਕਾਂ ਵੱਲੋਂ ਜਿੱਥੇ ਥਾਣੇ ਦਾ ਘਿਰਾਓ ਕਰਕੇ ਧਰਨਾ ਦਿੱਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਦੂਜੇ ਪਾਸੇ ਦੂਜੀ ਧਿਰ ਵੱਲੋਂ ਵੀ ਨਹਿਰੂ ਪਾਰਕ ਵਿੱਚ ਤਾਕਤ ਦਿਖਾਉਂਦੇ ਹੋਏ ਇਕੱਠ ਕੀਤਾ ਗਿਆ ਅਤੇ ਸ਼ਹਿਰ ਦੀਆਂ ਵੱਖ ਵੱਖ ਜੱਧੇਬੰਦੀਆਂ ਦਾ ਸਾਥ ਹਾਸਿਲ ਕੀਤਾ ਗਿਆ। ਪਰ ਪੁਲਿਸ ਵੱਲੋਂ ਬੇਹੱਦ ਸੂਝਬੂਝ ਨਾਲ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਮਾਮਲਾ ਸ਼ਾਂਤ ਕੀਤਾ ਗਿਆ। ਹਾਲਾਕਿ ਇਸ ਦੌਰਾਨ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਇੱਕ ਧਿਰ ਵੱਲੋਂ ਲਗਾਏ ਗਏ ਪੁਲਿਸ ਕਰਮਚਾਰੀ ਤੇ ਦੁਰਵਿਵਹਾਰ ਦੇ ਦੋਸ਼ਾਂ ਤਹਿਤ ਏ.ਐਸ.ਆਈ ਨੂੰ ਸਸਪੈਂਡ ਕਰ ਦਿੱਤਾ ਗਿਆ ਅਤੇ ਦੋਵਾਂ ਧਿਰਾਂ ਨੂੰ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਦਾ ਭਰੋਸਾ ਦੇ ਕੇ ਮਾਹੌਲ ਠੀਕ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਮੰਗਲਵਾਰ ਸਵੇਰੇ ਮਸੀਹ ਭਾਈਚਾਰੇ ਨਾਲ ਸਬੰਧਤ ਕੁਝ ਲੋਕਾਂ ਵੱਲੋਂ ਥਾਣੇ ਦਾ ਘਿਰਾਓ ਕਰ, ਬਾਹਰ ਧਰਨਾ ਦੇ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਗਈ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਕੁਝ ਸ਼ਰਾਰਤੀ ਅਨਸਰਾਂ ਅਤੇ ਪੁਲੀਸ ਮੁਲਾਜ਼ਮਾਂ ਨੇ ਮਸੀਹ ਭਾਈਚਾਰੇ ਨਾਲ ਸਬੰਧਤ ਲੋਕਾਂ ਨਾਲ ਦੁਰਵਿਵਹਾਰ ਕੀਤਾ ਹੈ।
ਅੰਕੁਰ ਨਰੂਲਾ ਮਨਿਸਟਰੀ ਪੰਜਾਬ ਦੇ ਜਨਰਲ ਸਕੱਤਰ ਪਵਨ ਕੁਮਾਰ ਨੇ ਦੱਸਿਆ ਕਿ ਅੰਕੁਰ ਨਰੂਲਾ ਦਾ ਪ੍ਰੋਗਰਾਮ ਹਰ ਮਹੀਨੇ ਦੀ 18 ਅਤੇ 21 ਤਰੀਕ ਨੂੰ ਗੁਰਦਾਸਪੁਰ ਵਿਖੇ ਕਰਵਾਇਆ ਜਾਂਦਾ ਹੈ। ਇਸ ਦੌਰਾਨ ਉਹਨਾਂ ਦੇ ਭਾਈਚਾਰੇ ਨਾਲ ਸਬੰਧਤ ਲੜਕੇ-ਲੜਕੀਆਂ ਵੱਖ-ਵੱਖ ਥਾਵਾਂ ’ਤੇ ਜਾ ਕੇ ਪ੍ਰਚਾਰ ਕਰਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਬੀਤੇ ਦਿਨ ਵੀ ਲੜਕੇ-ਲੜਕੀਆਂ ਬਹਿਰਾਮਪੁਰ ਰੋਡ ’ਤੇ ਪ੍ਰਚਾਰ ਕਰਨ ਗਏ ਸਨ। ਪਰ ਕੁਝ ਸ਼ਰਾਰਤੀ ਅਨਸਰਾਂ ਨੇ ਉਸ ਨੂੰ ਆਪਣੇ ਘਰ ਬੁਲਾ ਕੇ ਉਸ ਨਾਲ ਦੁਰਵਿਵਹਾਰ ਕੀਤਾ, ਜਿਸ ਨਾਲ ਉਸ ਦੀ ਆਸਥਾ ਨੂੰ ਠੇਸ ਪੁੱਜੀ ਹੈ। ਪੁਲੀਸ ਤਰਫ਼ੋਂ ਕੁੜੀਆਂ ਨੂੰ ਬਿਨਾਂ ਮਹਿਲਾ ਪੁਲੀਸ ਤੋਂ ਗ੍ਰਿਫ਼ਤਾਰ ਕਰਕੇ ਘੰਟਿਆਂ ਬੱਧੀ ਥਾਣੇ ਵਿੱਚ ਡੱਕ ਕੇ ਰੱਖਿਆ ਗਿਆ। ਜਿਸ ਕਾਰਨ ਉਨ੍ਹਾਂ ਨੂੰ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਮੁਲਜ਼ਮ ਪੁਲੀਸ ਅਧਿਕਾਰੀਆਂ ਅਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।
ਦੂਜੇ ਪਾਸੇ ਅਸ਼ਵਨੀ ਕੁਮਾਰ ਵਾਸੀ ਬਹਿਰਾਮਪੁਰ ਰੋਡ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਥਾਣਾ ਸਦਰ ਗੁਰਦਾਸਪੁਰ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਕਤ ਸੰਸਥਾ ਦੇ ਲੋਕ ਉਨ੍ਹਾਂ ਦੇ ਇਲਾਕੇ ‘ਚ ਆ ਕੇ ਧਰਮ ਪਰਿਵਰਤਨ ਕਰਵਾ ਰਹੇ ਸਨ। ਜਿਸ ਕਾਰਨ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਕਤ ਭਾਈਚਾਰੇ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਿਸ ਤੋਂ ਬਾਅਦ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਵੀ ਇਕੱਠੇ ਹੋ ਕੇ ਆਪਣੀ ਏਕਤਾ ਦਿਖਾਉਂਦੇ ਹੋਏ ਸ਼ਹਿਰ ਵਾਸੀਆਂ ਨੂੰ ਇਕੱਠਾ ਕਰਕੇ ਧਰਨਾ ਚੁੱਕਣ ਦੀ ਮੰਗ ਕੀਤੀ।
ਪਰ ਮਾਮਲਾ ਵਧਦਾ ਦੇਖ ਕੇ ਐਸਪੀ ਹੈੱਡਕੁਆਟਰ ਨਵਜੋਤ ਸਿੰਘ ਸਿੱਧੂ ਮੌਕੇ ‘ਤੇ ਪੁੱਜੇ ਅਤੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਬਾਅਦ ਵਿੱਚ ਉਨ੍ਹਾਂ ਵੱਲੋਂ ਪਹਿਲੀ ਜਾਣਕਾਰੀ ਹਾਸਿਲ ਕਰ ਕੇ ਪੁਲੀਸ ਦੇ ਇੱਕ ਏਐਸਆਈ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਮੁਜਾਹਰਾਕਾਰਿਆਂ ਨੂੰ ਇਹ ਵਿਸ਼ਵਾਸ ਦਵਾਇਆ ਕਿ ਮਾਮਲੇ ਦੀ ਤਹਿ ਤੱਕ ਜਾਂਚ ਕਰਕੇ ਮਾਮਲਾ ਹੱਲ ਕੀਤਾ ਜਾਵੇਗਾ। ਜਿਸ ਦੇ ਚਲਦਿਆਂ ਦੋਵਾਂ ਧਿਰਾਂ ਵੱਲੋਂ ਰਜਾਮੰਦੀ ਦਿੱਤੀ ਗਈ ਅਤੇ ਮਾਮਲਾ ਸ਼ਾਂਤ ਹੋ ਗਿਆ।
ਇਸ ਸਬੰਧੀ ਐਸਐਸਪੀ ਦੀਪਕ ਹਿਲੌਰੀ ਨੇ ਦੱਸਿਆ ਕਿ ਦੋਵਾਂ ਦੀਆਂ ਸ਼ਿਕਾਇਤਾਂ ਪੁਲੀਸ ਕੋਲ ਹਨ ਅਤੇ ਪੁਲੀਸ ਇਸ ਦੀ ਬਾਰੀਕੀ ਨਾਲ ਜਾਂਚ ਕਰਕੇ ਸੱਚ ਝੂਠ ਦਾ ਨਿਤਾਰਾ ਕਰ ਦੋਸ਼ੀਆਂ ਖਿਲਾਫ਼ ਕਾਰਵਾਈ ਅਮਲ ਵਿੱਚ ਲਿਆਵੇਗੀ। ਉਨ੍ਹਾਂ ਦੱਸਿਆ ਕਿ ਪੁਲੀਸ ਕਾਨੂੰਨ ਅਨੁਸਾਰ ਚੱਲਦੀ ਹੈ ਅਤੇ ਕਿਸੇ ਦੇ ਦਬਾਅ ਹੇਠ ਕੰਮ ਨਹੀਂ ਕਰਦੀ। ਉਨ੍ਹਾਂ ਦੱਸਿਆ ਕਿ ਫਿਲਹਾਲ ਪੁਲਿਸ ਸਾਹਮਣੇ ਪੇਸ਼ ਹੋਏ ਪਹਿਲੇ ਤੱਥਾਂ ਦੇ ਆਧਾਰ ‘ਤੇ ਏਐਸਆਈ ਜਗਦੀਸ਼ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇਸ ਦੀ ਜਾਂਚ ਐਸਪੀ ਨਵਜੋਤ ਸਿੰਘ ਨੂੰ ਸੌਪੀ ਗਈ ਹੈ।