ਗੁਰਦਾਸਪੁਰ ਪੰਜਾਬ

ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਅਣ-ਅਧਿਕਾਰਤ ਤੌਰ ’ਤੇ ਲੱਗੇ ਹੋਰਡਿੰਗਜ਼ ਅਤੇ ਇਸ਼ਤਿਹਾਰ ਹਟਾਉਣ ਦੀ ਮੁਹਿੰਮ ਲਗਾਤਾਰ ਜਾਰੀ

ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਅਣ-ਅਧਿਕਾਰਤ ਤੌਰ ’ਤੇ ਲੱਗੇ ਹੋਰਡਿੰਗਜ਼ ਅਤੇ ਇਸ਼ਤਿਹਾਰ ਹਟਾਉਣ ਦੀ ਮੁਹਿੰਮ ਲਗਾਤਾਰ ਜਾਰੀ
  • PublishedAugust 2, 2022

ਇਸ਼ਤਿਹਾਰ ਅਤੇ ਹੋਰਡਿੰਗਜ਼ ਕੇਵਲ ਨਗਰ ਨਿਗਮ ਵੱਲੋਂ ਨਿਰਧਾਰਤ ਥਾਵਾਂ ਜਾਂ ਯੂਨੀਪੋਲ ਉੱਪਰ ਹੀ ਲਗਾਏ ਜਾ ਸਕਦੇ ਹਨ – ਕਮਿਸ਼ਨਰ ਸ਼ਾਇਰੀ ਭੰਡਾਰੀ

ਬਟਾਲਾ, 2 ਅਗਸਤ ( ਮੰਨਣ ਸੈਣੀ ) । ਕਮਿਸ਼ਨਰ ਨਗਰ ਨਿਗਮ ਬਟਾਲਾ ਸ੍ਰੀਮਤੀ ਸ਼ਾਇਰੀ ਭੰਡਾਰੀ ਦੀਆਂ ਹਦਾਇਤਾਂ ਤਹਿਤ ਨਗਰ ਨਿਗਮ ਦੀ ਟੀਮ ਵੱਲੋਂ ਸ਼ਹਿਰ ਵਿੱਚ ਅਣ-ਅਧਿਕਾਰਤ ਤੌਰ ’ਤੇ ਲੱਗੇ ਹੋਰਡਿੰਗਜ਼ ਅਤੇ ਇਸ਼ਤਿਹਾਰ ਹਟਾਉਣ ਦੀ ਮੁਹਿੰਮ ਲਗਾਤਾਰ ਜਾਰੀ ਹੈ। ਅੱਜ ਨਗਰ ਨਿਗਮ ਦੀ ਟੀਮ ਵੱਲੋਂ ਡੇਰਾ ਬਾਬਾ ਨਾਨਕ ਰੋਡ, ਜਲੰਧਰ ਰੋਡ ਸਮੇਤ ਹੋਰ ਇਲਾਕਿਆਂ ’ਚ ਕੰਧਾਂ, ਬਿਜਲੀ ਤੇ ਸਟਰੀਟ ਲਾਈਟ ਦੇ ਖੰਬਿਆਂ ’ਤੇ ਲੱਗੇ ਹੋਰਡਿੰਗਜ਼ ਅਤੇ ਇਸ਼ਤਿਹਾਰ ਹਟਾਏ ਗਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਬਟਾਲਾ ਦੀ ਕਮਿਸ਼ਨਰ ਸ੍ਰੀਮਤੀ ਸ਼ਾਇਰੀ ਭੰਡਾਰੀ ਨੇ ਦੱਸਿਆ ਕਿ ਸ਼ਹਿਰ ਵਿੱਚ ਇਸ਼ਤਿਹਾਰ ਅਤੇ ਹੋਰਡਿੰਗਜ਼ ਕੇਵਲ ਨਿਰਧਾਰਤ ਥਾਵਾਂ ਜਾਂ ਯੂਨੀਪੋਲ ਉੱਪਰ ਹੀ ਲਗਾਏ ਜਾ ਸਕਦੇ ਹਨ। ਇਸਤੋਂ ਇਲਾਵਾ ਸੜਕਾਂ ਦੇ ਡਿਵਾਇਡਰਾਂ, ਕੰਧਾਂ, ਬਿਜਲੀ ਤੇ ਸਟਰੀਟ ਲਾਈਟਾਂ ਦੇ ਪੋਲਾਂ, ਰੁੱਖਾਂ ਆਦਿ ਨਾਲ ਇਸ਼ਤਿਹਾਰ, ਹੋਰਡਿੰਗਜ਼ ਲਗਾਉਣੇ ਗੈਰ-ਕਾਨੂਨੀ ਹਨ। ਉਨਾਂ ਕਿਹਾ ਕਿ ਥਾਂ-ਥਾਂ ਇਸ਼ਤਿਹਾਰ ਲੱਗਣ ਨਾਲ ਸ਼ਹਿਰ ਦੀ ਦਿੱਖ ਵੀ ਖਰਾਬ ਹੋ ਰਹੀ ਹੈ। ਉਨਾਂ ਕਿਹਾ ਕਿ ਨਗਰ ਨਿਗਮ ਦੀਆਂ ਟੀਮਾਂ ਵੱਲੋਂ ਜਿਥੇ ਇਹ ਗੈਰ-ਕਾਨੂੰਨੀ ਤੌਰ ’ਤੇ ਲੱਗੇ ਇਸ਼ਤਿਹਾਰ/ਹੋਰਡਿੰਗਜ਼ ਹਟਾਏ ਜਾਣਗੇ ਓਥੇ ਇਹ ਇਸ਼ਤਿਹਾਰ/ਹੋਰਡਿੰਗਜ਼ ਲਗਾਉਣ ਵਾਲੇ ਵਿਅਕਤੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਉਨਾਂ ਨਾਲ ਹੀ ਕਿਹਾ ਕਿ ਸ਼ਹਿਰ ਦੇ ਸਾਰੇ ਵਿਰਾਸਤੀ ਗੇਟਾਂ ’ਤੇ ਵੀ ਕੋਈ ਇਸ਼ਤਿਹਾਰ/ਹੋਰਡਿੰਗਜ਼ ਨਹੀਂ ਲੱਗਣ ਦਿੱਤਾ ਜਾਵੇਗਾ।

ਕਮਿਸ਼ਨਰ ਸ਼੍ਰੀਮਤੀ ਸ਼ਾਇਰੀ ਭੰਡਾਰੀ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਆਪਣੇ ਪ੍ਰਚਾਰ ਲਈ ਇਸ਼ਤਿਹਾਰ ਜਾਂ ਹੋਰਡਿੰਗਜ਼ ਲਗਾਉਣਾ ਚਾਹੁੰਦਾ ਹੈ ਤਾਂ ਉਹ ਨਗਰ ਨਿਗਮ ਦਫ਼ਤਰ ਪਹੁੰਚ ਕੇ ਪੇਡ ਸਾਈਟ ਕਿਰਾਏ ’ਤੇ ਲੈ ਸਕਦਾ ਹੈ। ਉਨਾਂ ਕਿਹਾ ਕਿ ਪੇਡ ਸਾਈਟ ਤੋਂ ਬਿਨਾਂ ਲੱਗੇ ਹਰ ਹੋਰਡਿੰਗਜ਼/ਇਸ਼ਤਿਹਾਰ ਨੂੰ ਹਟਾਉਣ ਦੇ ਨਾਲ ਉਸ ਨੂੰ ਲਗਾਉਣ ਵਾਲੇ ਵਿਅਕਤੀ ਨੂੰ ਜੁਰਮਾਨਾ ਕਰਨ ਦੇ ਨਾਲ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।

Written By
The Punjab Wire