ਹੋਰ ਗੁਰਦਾਸਪੁਰ ਪੰਜਾਬ

ਜ਼ਿਲ੍ਹੇ ਅੰਦਰ ਅਤੇ ਜ਼ਿਲ੍ਹੇ ਤੋਂ ਬਾਹਰ ਬੈਠੇ ਗੁਰਦਾਸਪੁਰ ਦੇ ਵਾਸੀ ਆਨ-ਲਾਈਨ ਜੂਮ ਐਪ ਰਾਹੀਂ ਆਪਣੀਆਂ ਮੁਸ਼ਕਿਲਾਂ ਕਰਵਾ ਰਹੇ ਨੇ ਹੱਲ

ਜ਼ਿਲ੍ਹੇ ਅੰਦਰ ਅਤੇ ਜ਼ਿਲ੍ਹੇ ਤੋਂ ਬਾਹਰ ਬੈਠੇ ਗੁਰਦਾਸਪੁਰ ਦੇ ਵਾਸੀ ਆਨ-ਲਾਈਨ ਜੂਮ ਐਪ ਰਾਹੀਂ ਆਪਣੀਆਂ ਮੁਸ਼ਕਿਲਾਂ ਕਰਵਾ ਰਹੇ ਨੇ ਹੱਲ
  • PublishedJune 20, 2022

ਆਨਲਾਈਨ ਜੂਮ ਮੀਟਿੰਗ ਤੋਂ ਇਲਾਵਾ ਜ਼ਿਲਾ ਵਾਸੀ 62393-01830 ਵਟਸਐਪ ਨੰਬਰ ’ਤੇ ਵੀ ਆਪਣੀ ਸ਼ਿਕਾਇਤ ਜਾਂ ਮੁਸ਼ਕਿਲ ਭੇਜ ਸਕਦੇ ਹਨ

ਗੁਰਦਾਸਪੁਰ, 20 ਜੂਨ ( ਮੰਨਣ ਸੈਣੀ )। ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਲੋਕਾਂ ਨੂੰ ਆਪਣੇ ਘਰਾਂ ਤੋਂ ਮੁਸ਼ਕਿਲਾਂ ਹੱਲ ਕਰਵਾਉਣ ਲਈ ਮੁਹੱਈਆ ਕਰਵਾਏ ਗਏ ਆਨ ਲਾਈਨ ਜੂਮ ਮੀਟਿੰਗ ਦਾ ਫਾਇਦਾ ਨਾ ਕੇਵਲ ਜ਼ਿਲੇ ਅੰਦਰ ਰਹਿ ਰਹੇ ਲੋਕ ਬਲਕਿ ਜ਼ਿਲ੍ਹੇ ਤੋਂ ਬਾਹਰ ਵੱਸ ਰਹੇ ਲੋਕ ਵੀ ਆਪਣੀਆਂ ਮੁਸ਼ਕਿਲਾਂ ਹੱਲ ਕਰਵਾ ਰਹੇ ਹਨ। 

ਅੱਜ ਆਨ-ਲਾਈਨ ਜੂਮ ਮੀਟਿੰਗ ਵਿਚ ਚੰਡੀਗੜ੍ਹ ਵਿਚ ਰਹਿ ਰਹੀ ਉਮਰਪੁਰਾ (ਬਟਾਲਾ) ਦੀ ਵਸਨੀਕ ਅਤੇ ਰੋਪੜ ਵਿਚ ਰਹਿ ਰਹੇ ਗੁਰਦਾਸਪੁਰ ਜ਼ਿਲੇ ਦੇ ਪਿੰਡ ਜੀਓ ਜੁਲਾਈ ਦੇ ਵਸਨੀਕ ਵਲੋਂ ਆਪਣੀ ਜ਼ਮੀਨ ਦੇ ਸਬੰਧ ਵਿਚ ਮੁਸ਼ਕਿਲ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆਂਦੀ ਗਈ, ਜਿਸ ਸਬੰਧੀ ਡਿਪਟੀ ਕਮਿਸ਼ਨਰ ਵਲੋਂ ਸਬੰਧਤ ਅਧਿਕਾਰੀਆਂ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ। ਇਸੇ ਤਰਾਂ ਜੂਮ ਮੀਟਿੰਗ ਵਿਚ ਸ਼ਿਰਕਤ ਕਰਦਿਆਂ ਕਣਕ ਦੀ ਢੋਆ-ਢੁਆਈ ਲਈ ਕਿਰਾਇਆ ਨਾ ਮਿਲਣ ਸਬੰਧੀ, ਰਸਤੇ ਸਬੰਧੀ, ਘਰ ਅੱਗੇ ਗਲੀ ਨਾ ਬਣਾਉਣ ਬਾਰੇ, ਪੰਡ ਸਰਵਾਲੀ ਨੇੜੇ ਬਟਾਲਾ ਵਿਖੇ ਬਿਨਾਂ ਪਰਮਿਸ਼ਨ ਦੇ ਪਾਣੀ ਵਾਲੀ ਫੈਕਟਰੀ ਲਗਾਉਣ ਅਤੇ ਜ਼ਮੀਨ ਦੀ ਨਿਸ਼ਾਨਦੇਹੀ ਨਾ ਕਰਨ ਸਬੰਧੀ ਆਦਿ ਸਮੱਸਿਆਵਾਂ ਦੱਸੀਆਂ ਗਈਆਂ, ਜਿਨਾਂ ਨੂੰ ਸੁਣਨ ਉਪਰੰਤ ਡਿਪਟੀ ਕਮਿਸ਼ਨਰ ਵਲੋਂ ਸਬੰਧਤ ਅਧਿਕਾਰੀਆਂ ਨੂੰ ਮੁਸ਼ਕਿਲਾਂ ਹੱਲ ਕਰਨ ਲਈ ਸਮਾਂਬੱਧ ਕੀਤਾ ਗਿਆ। 

ਇਸ ਮੌਕੇ ਦਫਤਰ ਡਿਪਟੀ ਕਮਿਸ਼ਨਰ ਪਬਲਿਕ ਵਿਜ਼ਟਰ ਰੂਮ ਵਿਖੇ ਪਹੁੰਚੇ ਲੋਕਾਂ ਵਲੋਂ ਪਟਵਾਰੀ ਦੀ ਘਾਟ ਕਾਰਨ ਪੇਸ਼ ਆ ਰਹੀਆਂ ਮੁਸ਼ਕਿਲਾਂ ਸਬੰਧੀ, ਗੁਰਦਾਸਪੁਰ ਸ਼ਹਿਰ ਅੰਦਰ ਤਿੱਬੜੀ ਰੋਡ ਤੇ ਬਣ ਰਹੇ ਅੰਡਰ ਬਿ੍ਰਜ ਦੇ ਨਿਰਮਾਣ ਕਾਰਜ ਢਿੱਲੀ ਰਫਤਾਰ ਨਾਲ ਹੋਣ ਕਰਕੇ ਲੋਕਾਂ ਨੂੰ ਆਵਾਜਾਈ ਦੌਰਾਨ ਮੁਸ਼ਕਿਲ ਆਉਣ ਬਾਰੇ ਤੇ ਗਲੀਆਂ ਦੇ ਨਿਰਮਾਣ ਆਦਿ ਸਬੰਧੀ ਮੁਸ਼ਕਿਲਾਂ ਦੱਸੀਆਂ ਗਈਆਂ, ਜਿਨਾਂ ਨੂੰ ਹੱਲ ਕਰਨ ਲਈ ਡਿਪਟੀ ਕਮਿਸ਼ਨਰ ਵਲੋਂ ਸਬੰਧਤ ਵਿਭਾਗਾਂ ਨੂੰ ਆਦੇਸ਼ ਦਿੱਤੇ ਗਏ।

ਇਸ ਮੌਕੇ ਗੱਲ ਕਰਦਿਆ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੂਮ ਮੀਟਿੰਗ ਸ਼ੁਰੂ ਕਰਨ ਦਾ ਮੁੱਖ ਮੰਤਵ ਵੀ ਇਹੀ ਹੈ ਕਿ ਲੋਕ ਘਰੋਂ ਹੀ ਜਾਂ ਆਪਣੇ ਨੇੜਲੇ ਕਿਸੇ ਵੀ ਦਫਤਰ ਜਾ ਕੇ ਆਪਣੀ ਮੁਸ਼ਕਿਲ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆ ਸਕਦੇ ਹਨ। ਉਨਾਂ ਦੱਸਿਆ ਕਿ ਆਨਲਾਈਨ ਜੂਮ ਮੀਟਿੰਗ ਤੋਂ ਇਲਾਵਾ ਜ਼ਿਲਾ ਵਾਸੀ 62393-01830 ਵਟਸਐਪ ਨੰਬਰ ’ਤੇ ਵੀ ਆਪਣੀ ਸ਼ਿਕਾਇਤ ਜਾਂ ਮੁਸ਼ਕਿਲ ਭੇਜ ਸਕਦੇ ਹਨ।

ਦੱਸਣਯੋਗ ਹੈ ਕਿ ਜ਼ਿਲਾ ਵਾਸੀ ਆਪਣੀ ਮੁਸ਼ਕਿਲ ਦੱਸਣੀ ਚਾਹੁੰਦਾ ਹੋਵੇ ਤਾਂ ਉਹ ਰੋਜ਼ਾਨਾਂ ( ਸੋਮਵਾਰ ਤੋਂ ਸ਼ੁੱਕਰਵਾਰ-ਵਰਕਿੰਗ ਡੇਅ ਵਾਲੇ ਦਿਨ) ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਦਰਮਿਆਨ ਜੂਮ ਮੀਟਿੰਗ ਜ਼ਰੀਏ ਯੂਜਰ ਆਈ.ਡੀ 96469-76098 ਅਤੇ ਪਾਸਵਰਡ 22 ਲਗਾ ਕੇ, ਡਿਪਟੀ ਕਮਿਸ਼ਨਰ ਨਾਲ ਗੱਲ ਕਰ ਸਕਦੇ ਹਨ। ਇਸ ਤੋਂ ਇਲਾਵਾ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਜਿਲੇ ਦੀਆਂ ਸਾਰੀਆਂ ਤਹਿਸੀਲਾਂ, ਸਬ ਤਹਿਸੀਲਾਂ, ਸਮੂਹ ਕਾਰਜ ਸਾਧਕ ਨਗਰ ਕੋਂਸਲਾਂ, ਕਾਰਪੋਰੇਸ਼ਨ ਬਟਾਲਾ, ਸਮੂਹ ਬੀਡੀਪੀਓ, ਸੀਡੀਪੀਓ ਅਤੇ ਜਨਰਲ ਮੈਨੇਜਰ ਇੰਡਸਟਰੀ (ਜੀਐਮ-ਡੀਆਈ.ਸੀ) ਬਟਾਲਾ ਦੇ ਦਫਤਰਾਂ ਵਿਚ ਵੀ ਡਿਪਟੀ ਕਮਿਸ਼ਨਰ ਨਾਲ ਜੂਮ ਮੀਟਿੰਗ ਕਰਵਾਉਣ ਦੀ ਸਹੂਲਤ ਉਪਲੱਬਧ ਕਰਵਾਈ ਗਈ ਹੈ। ਲੋਕ ਆਪਣੇ ਨੇੜਲੇ ਉਪਰੋਕਤ ਕਿਸੇ ਵੀ ਦਫਤਰ ਵਿਚ ਜਾ ਕੇ ਆਪਣੀ ਮੁਸ਼ਕਿਲ, ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆ ਸਕਦੇ ਹਨ, ਜਿਸ ਨੂੰ ਸਬੰਧਤ ਵਿਭਾਗ ਰਾਹੀਂ ਹੱਲ ਕਰਵਾਇਆ ਜਾਂਦਾ ਹੈ।

Written By
The Punjab Wire