ਗੁਰਦਾਸਪੁਰ, 20 ਜੂਨ 2022 (ਮੰਨਣ ਸੈਣੀ)। ਗੁਰਦਾਸਪੁਰ ਦੀ ਰੰਧਾਵਾ ਕਲੋਨੀ ਵਿੱਖੇ ਸਥਿਤ ਬ੍ਰਦਰਜ ਕੈਟਰ ਰੈਸਟੋਰੈਂਟ ਅੰਦਰ ਕਰੀਬ ਦੱਸ ਵਿਅਕਤੀਆਂ ਵੱਲੋਂ ਦਸਤੀ ਹਥਿਆਰਾਂ ਨਾਲ ਲੈਸ ਹੋ ਕੇ ਰੈਸਟੋਰੈਂਟ ਦੇ ਮੁਲਾਜ਼ਿਮਾ ਨਾਲ ਕੁਟਮਾਰ ਕਰਨ ਤੇ ਥਾਨਾ ਸਿਟੀ ਦੀ ਪੁਲਿਸ ਨੇ ਇਰਾਦਾ ਕਤਲ ਸਮੇਤ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਸਾਰੇ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ।
ਇਸ ਸਬੰਧੀ ਗੋਰਵ ਕੁਮਾਰ ਪੁੱਤਰ ਲਾਲ ਚੰਦ ਵਾਸੀ ਸੋਹਵਾਲ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਹ ਉਕਤ ਰੈਸਟੋਰੈਂਟ ਅੰਦਰ ਮਿਹਨਤ ਮਜਦੂਰੀ ਦਾ ਕੰਮ ਕਰਦਾ ਹੈ। 17 ਜੂਨ 2022 ਨੂੰ ਉਹ ਰੈਸਟੋਰੈਂਟ ਵਿਖੇ ਹਾਜਰ ਸੀ ਕਿ ਦੋਸੀ ਸਾਹਿਬਦੀਪ ਸਿੰਘ ਵਾਸੀ ਬੁੱਤਾ ਵਾਲੀ ਗਲੀ ਇੱਕ ਲੜਕੀ ਨੂੰ ਲੈ ਕੇ ਰੈਸਟੋਰੈਂਟ ਵਿੱਚ ਆਇਆ। ਜਿਸਤੇ ਉਸ ਵੱਲੋਂ ਸਾਹਿਬਦੀਪ ਸਿੰਘ ਨੂੰ ਕਿਹਾ ਗਿਆ ਕਿ ਉਹ ਨਾਬਾਲਿਕ ਲੜਕੀ ਨੂੰ ਇੱਥੇ ਨਹੀ ਬੈਠਣ ਦਿੰਦੇ ਅਤੇ ਲੜਕੀ ਦਾ ਅਧਾਰ ਕਾਰਡ ਦਿਖਾਉਣ ਲਈ ਕਿਹਾ। ਦੋਸ਼ੀ ਇਸ ਤੇ ਬੇਹਦ ਗੁੱਸੇ ਵਿੱਚ ਆ ਗਿਆ ਅਤੇ ਲੜਕੀ ਨੂੰ ਲੈ ਕੇ ਬੁੜਬੁੜ ਕਰਦਾ ਉਥੋ ਚਲਾ ਗਿਆ।
ਇਸ ਤੋਂ ਬਾਅਦ ਕਰੀਬ ਸਾਡੇ ਕੂ ਤਿੰਨ ਵਜੇ ਉੱਕਤ ਦੋਸੀ ਗੁਨੁੰ ਸਰਮਾਂ ਪੁੱਤਰ ਰਜਨੀਸ ਕਾਂਤ ਵਾਸੀ ਗੋਪਾਲ ਨਗਰ, ਅਗਮ ਸਰਮਾ ਬੇਕਰੀ ਵਾਲੀ ਗਲੀ, ਕਰਨ ਰਾਜਪੂਤ ਵਾਸੀ ਫੱਤਾ ਹਾਲਵਾਈ ਦੇ ਸਾਹਮਣੇ ਵਾਲੀ ਗਲੀ, ਅਨੁਰਾਗ ਸੋਢੀ, ਲਵ ਸਰਮਾ ਵਾਸੀਆਂਨ ਗੁਰਦਾਸਪੁਰ ਅਤੇ 3/4 ਅਣਪਛਾਤੇ ਵਿਅਕਤੀਆ ਨਾਲ ਫੋਰਡ ਫਿਸਟਾ ਗੱਡੀ ਅਤੇ ਮੋਟਰਸਾਇਕਲ ਤੇ ਸਵਾਰ ਹੋ ਕੇ ਰੈਸਟੋਰੈਂਟ ਵਿਖੇ ਆਏ। ਉਨ੍ਹਾਂ ਵੱਲੋਂ ਦਸਤੀ ਹਥਿਆਰ ਨਾਲ ਮਾਰ ਦੇਣ ਦੀ ਨਿਯਤ ਨਾਲ ਉਸ ਦੇ ਸਾਥੀ ਸਿਵ ਕੁਮਾਰ ਨੂੰ ਸੱਟਾ ਮਾਰ ਕੇ ਜਖਮੀ ਕਰ ਦਿੱਤਾ, ਜਦ ਉਹ ਛੁਡਾਉਣ ਲਈ ਅੱਗੇ ਹੋਇਆ ਤਾਂ ਦੋਸੀਆਂ ਨੇ ਉਸਨੂੰ ਵੀ ਸੱਟਾਂ ਮਾਰ ਕੇ ਜਖਮੀ ਕਰ ਦਿੱਤਾ। ਉਨ੍ਹਾਂ ਨੂੰ ਅਬਰੋਲ ਹਸਪਤਾਲ ਗੁਰਦਾਸਪੁਰ ਵਿਖੇ ਇਲਾਜ ਲਈ ਦਾਖਿਲ ਕਰਵਾਇਆ ਗਿਆ।
ਇਸ ਸੰਬੰਧੀ ਥਾਣਾ ਪੁਲਿਸ ਤੈਨਾਤ ਜਾਂਚ ਅਧਿਕਾਰੀ ਏਐਸਆਈ ਅਮਰੀਕ ਸਿੰਘ ਨੇ ਦੱਸਿਆ ਕਿ ਸ਼ਿਕਾਤਕਰਤਾ ਦੇ ਬਿਆਨਾਂ ਤੇ ਉਕਤ ਦੋਸ਼ੀਆਂ ਖਿਲਾਫ਼ ਇਰਾਦਾ ਕਤਲ ਸਹਿਤ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਾਲੇ ਦੋਸ਼ੀ ਫਰਾਰ ਹਨ।