ਹੋਰ ਗੁਰਦਾਸਪੁਰ

ਜ਼ਮੀਨ ਦੀ ਕੁਰਕੀ ਦਾ ਸਾਹਮਣਾ ਕਰ ਰਹੇ ਕਿਸਾਨ ਪਰਿਵਾਰ ਦੇ ਹੱਕ ਵਿੱਚ ਉੱਤਰੀ ਕਿਸਾਨ ਜਥੇਬੰਦੀ ਅਤੇ ਪਾਹੜਾ ਪਰਿਵਾਰ

ਜ਼ਮੀਨ ਦੀ ਕੁਰਕੀ ਦਾ ਸਾਹਮਣਾ ਕਰ ਰਹੇ ਕਿਸਾਨ ਪਰਿਵਾਰ ਦੇ ਹੱਕ ਵਿੱਚ ਉੱਤਰੀ ਕਿਸਾਨ ਜਥੇਬੰਦੀ ਅਤੇ ਪਾਹੜਾ ਪਰਿਵਾਰ
  • PublishedMay 12, 2022

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਸਰਕਾਰ ਅਤੇ ਆਮ ਲੋਕਾਂ ਨੂੰ ਕਿਸਾਨ ਦੀ ਮਦਦ ਦੀ ਕੀਤੀ ਅਪੀਲ

ਗੁਰਦਾਸਪੁਰ, 12 ਮਈ ( ਮੰਨਣ ਸੈਣੀ, ਕੁਲਦੀਪ ਜਾਫਲਪੁਰਿਆ)। ਸਮਾਜ ਵਿਚ ਰਹਿੰਦੇ ਮਨੁੱਖ ਨੂੰ ਕਦੀ ਵੀ ਕੋਈ ਅਜਿਹੀ ਅਨਹੋਣੀ ਪੈ ਸਕਦੀ ਹੈ ਕਿ ਉਹ ਆਪਣੀ ਸਾਰੀ ਉਮਰ ਦੀ  ਜਮ੍ਹਾਂ ਪੂੰਜੀ ਅਤੇ ਘਰ ਬਾਰ ਵੀ ਗਵਾਉਣ ਲਈ ਮਜਬੂਰ ਹੋ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਨਜ਼ਦੀਕੀ ਪਿੰਡ ਪਾਹੜਾ ਦੇ ਇੱਕ ਕਿਸਾਨ ਪਰਿਵਾਰ  ਨੂੰ ਦਰਪੇਸ਼ ਆਇਆ ਹੈ।

ਦੱਸਣਯੋਗ ਹੈ ਕਿ ਪਿੰਡ ਪਾਹਡ਼ਾ ਦੇ ਰਹਿਣ ਵਾਲੇ ਰਘਬੀਰ ਸਿੰਘ ਪੁੱਤਰ ਸਵਰਨ ਸਿੰਘ ਵੱਲੋਂ ਸਾਲ 2010 ਵਿਚ ਆਪਣਾ ਪੁਰਾਣਾ ਟਰੈਕਟਰ ਇਕ ਹੋਰ ਕਿਸਾਨ ਨੂੰ ਵੇਚ ਦਿੱਤਾ ਗਿਆ ਸੀ। ਟਰੈਕਟਰ ਖਰੀਦਣ ਵਾਲੇ ਕਿਸਾਨਾਂ ਕੋਲੋਂ ਸਾਲ 2012 ਵਿਚ ਬਟਾਲਾ ਵਿਚ ਇਸ ਟਰੈਕਟਰ ਹਾਦਸੇ ਦੌਰਾਨ ਪੁਲੀਸ ਮੁਲਾਜ਼ਮ ਦੀ ਮੌਤ ਹੋ ਗਈ ਸੀ। ਅਦਾਲਤ ਵਿਚ ਇਸ ਪੁਲੀਸ ਮੁਲਾਜ਼ਮ  ਦੀ ਮੌਤ ਤੋਂ ਬਾਅਦ ਟਰੈਕਟਰ ਚਾਲਕ  ਕੋਲੋਂ ਬਣਦਾ ਮੁਆਵਜ਼ਾ ਲੈਣ ਲਈ ਇਕ ਕੇਸ ਦਾਇਰ ਕੀਤਾ ਗਿਆ ਸੀ। ਇਸ ਕੇਸ ਦੀ ਸੁਣਵਾਈ ਕਰਦੇ ਹੋਏ ਮਾਣਯੋਗ ਅਦਾਲਤ ਵੱਲੋਂ ਟਰੈਕਟਰ ਦੇ ਮਾਲਕ ਨੂੰ 55 ਲੱਖ ਰੁਪਏ ਦਾ ਮੁਆਵਜਾ ਮ੍ਰਿਤਕ ਪੁਲੀਸ ਮੁਲਾਜ਼ਮ ਦੇ ਪਰਿਵਾਰ ਨੂੰ ਅਦਾ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ ਵੱਲੋਂ ਇਨ੍ਹਾਂ ਹੁਕਮਾਂ ਲਈ ਕਿਸਾਨ ਰਘਬੀਰ ਸਿੰਘ ਦੀ 2 ਏਕੜ ਜ਼ਮੀਨ ਵੀ  ਕੁਰਕੀ ਦੇ ਵੀ ਹੁਕਮ ਕਰ ਦਿੱਤੇ ਗਏ ਹਨ। ਕਿਸਾਨ ਦੀ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਪਿੰਡ ਪਾਹੜਾ ਵਿੱਚ ਪੀਡ਼ਤ ਪਰਿਵਾਰ ਨਾਲ ਰਾਬਤਾ ਕੀਤਾ ਗਿਆ ਅਤੇ ਇਸ ਸੰਬੰਧੀ ਵਿਧਾਇਕ ਪਾਹੜਾ ਦੇ ਪਿਤਾ ਗੁਰਮੀਤ ਸਿੰਘ ਪਾਹੜਾ ਵਲੋਂ ਵੀ ਇਸ ਕਿਸਾਨ ਦੀ ਬਾਂਹ ਫੜੀ ਗਈ।

ਇਸ ਮੌਕੇ ਗੱਲਬਾਤ ਕਰਦੇ ਹੋਏ ਪੀਡ਼ਤ ਕਿਸਾਨ ਰਘਬੀਰ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਗੁਰਪ੍ਰਤਾਪ ਸਿੰਘ ਅਵਤਾਰ ਸਿੰਘ ਦਲਜੀਤ ਸਿੰਘ ਸੋਹਣ ਸਿੰਘ ਨੇ ਦੱਸਿਆ ਕਿ ਟਰੈਕਟਰ ਦੇ ਹਾਦਸੇ ਸਮੇਂ ਟਰੈਕਟਰ ਰਘਵੀਰ ਸਿੰਘ ਤੋਂ ਖ਼ਰੀਦਣ ਵਾਲੇ ਕਿਸਾਨ ਪਰਿਵਾਰ ਵੱਲੋਂ  ਚਲਾਇਆ ਜਾ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਟਰੈਕਟਰ ਖਰੀਦਣ ਵਾਲੇ ਕਿਸਾਨ ਨੇ ਰਘਬੀਰ ਸਿੰਘ ਕੋਲੋਂ ਟਰੈਕਟਰ ਖ਼ਰੀਦਣ ਦਾ ਐਫੀਡੇਵਟ ਤਾਂ ਲੈ ਲਿਆ ਸੀ ਪਰ ਉਸ ਨੇ ਇਸ ਦੀ ਰਜਿਸਟ੍ਰੇਸ਼ਨ ਆਪਣੇ ਨਾਮ ਨਹੀਂ ਕਰਵਾਈ। ਜਿਸ ਕਾਰਨ ਅਦਾਲਤ ਵੱਲੋਂ ਸਾਰਾ ਹਰਜਾਨਾ ਉਸ ਮੌਕੇ ਟਰੈਕਟਰ ਚਲਾਉਣ ਵਾਲਿਆਂ ਦੀ ਥਾਂ ਰਘਬੀਰ ਸਿੰਘ ਨੂੰ ਟਰੈਕਟਰ ਦਾ ਮਾਲਕ ਮੰਨਦੇ ਹੋਏ ਕਰ ਦਿੱਤਾ ਹੈ।

ਉਨ੍ਹਾਂ ਨੇ ਦੱਸਿਆ ਕਿ 16 ਮਈ ਨੂੰ ਅਦਾਲਤ ਨੇ ਰਘਬੀਰ ਸਿੰਘ ਦੀ ਦੋ ਏਕੜ ਜ਼ਮੀਨ ਦੀ ਕੁਰਕੀ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਅਦਾਲਤ ਦੇ ਫ਼ੈਸਲੇ ਉੱਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰਦੇ ਪਰ ਉਹ ਪਿੰਡ ਵਾਸੀਆਂ ਅਤੇ ਸਮਾਜ ਦੇ ਰਸੂਖਦਾਰ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਕੋਈ ਵੀ ਵਿਅਕਤੀ ਹਾਲ ਦੀ ਘੜੀ ਰਘਵੀਰ ਸਿੰਘ ਦੇ ਜ਼ਮੀਨ ਦੀ ਨਿਲਾਮੀ ਦੀ ਬੋਲੀ ਨਾ ਦੇਵੇ। ਬਲਕਿ ਸਮਾਜ ਦੇ ਧੰਨਵਾਨ ਲੋਕਾਂ ਅਤੇ ਪੰਜਾਬ ਸਰਕਾਰ ਨੂੰ ਮਿਲ ਕੇ ਕਿਸਾਨਾਂ ਦੇ ਇਸ ਮੁਆਵਜ਼ੇ ਦੀ ਰਕਮ ਦੀ ਅਦਾਇਗੀ ਕਰਨੀ ਚਾਹੀਦੀ ਹੈ। ਕਿਸਾਨ ਜਥੇਬੰਦੀ ਨੇ  ਵੱਲੋਂ ਪੰਜਾਬ ਸਰਕਾਰ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਰਘਬੀਰ ਸਿੰਘ ਦੀ ਇਸ ਮੁਸੀਬਤ ਦੀ ਘੜੀ ਵਿੱਚ ਬਣਦੀ ਮਾਲੀ ਸਹਾਇਤਾ ਦੇ ਕੇ ਸਹਾਇਤਾ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਕਿਸਾਨ ਦੀਆਂ ਚਾਰ ਧੀਆਂ ਅਤੇ ਇਕ ਪੁੱਤਰ ਹੈ,ਉਨ੍ਹਾਂ ਦੀ ਰੋਜ਼ੀ ਰੋਟੀ ਇਸ ਦੋ ਏਕੜ ਜ਼ਮੀਨ ਤੋਂ ਹੀ ਚਲਦੀ ਹੈ। ਇਸ ਮੌਕੇ ਕਿਸਾਨ ਜਥੇਬੰਦੀ ਨੇ ਕਿਹਾ ਕਿ ਉਹ ਇਸ ਸੰਬੰਧੀ ਇਲਾਕੇ ਦੇ ਮੋਹਤਬਰਾਂ ਅਤੇ ਪੰਜਾਬ ਸਰਕਾਰ ਦਾ  ਦੇ ਨੁਮਾਇੰਦਿਆਂ ਨਾਲ ਵੀ ਜਲਦੀ ਹੀ ਮੁਲਾਕਾਤ ਕਰ ਕੇ ਇਸ ਮਸਲੇ ਨੂੰ ਹੱਲ ਕਰਨ ਲਈ ਅਪੀਲ ਕਰਨਗੇ।

Written By
The Punjab Wire