ਗੁਰਦਾਸਪੁਰ, 3 ਅਪ੍ਰੈਲ (ਮੰਨਣ ਸੈਣੀ)। ਸਰਦਾਰ ਸਵਿੰਦਰ ਸਿੰਘ ਗਿੱਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਸੋਮਵਾਰ ਨੂੰ ਗੁਰਦਾਸਪੁਰ ਜਿਲੇ ਦੇ ਸਾਰੇ ਪ੍ਰਾਈਵੇਟ ਸਿਖਿਅਕ ਅਦਾਰੇ ਬੰਦ ਰਹਿਣਗੇ। ਇਹ ਐਲਾਨ ਸੁਖਜਿੰਦਰਾਂ ਗਰੁੱਪ ਆਫ ਇੰਸਟੀਚਿਊਟਸ ਦੇ ਚੇਅਰਮੈਨ ਸ , ਸਵਿੰਦਰ ਸਿੰਘ ਗਿੱਲ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਅੱਜ ਐਸ. ਜੀ. ਆਈ ਕੈਪਸ ਵਿੱਚ ਪੰਜਾਬ ਭਰ ਤੋਂ ਵੱਖ-ਵੱਖ ਜੱਥੇਬੰਦੀਆਂ ਨੇ ਹਿੱਸਾ ਲੈਣ ਤੋਂ ਬਾਅਦ ਕੀਤਾ। ਇਸ ਜੱਥੇਬੰਦੀਆਂ ਵਿੱਚ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਦੇ ਪ੍ਰਧਾਨ ਸ. ਜਗਜੀਤ ਸਿੰਘ ਧੂਰੀ, ਜੈਕ ਦੇ ਸਰਪ੍ਰਸਤ ਡਾ. ਮਨਜੀਤ ਸਿੰਘ ਕੋ ਚੇਅਰਮੈਨ, ਡਾ. ਅੰਸ਼ੂ ਕਟਾਰੀਆ, ਗੁਰਦਾਸਪੁਰ ਜਿਲੇ ਦੇ ਸਕੂਲਾਂ ਦੇ ਪ੍ਰਧਾਨ ਡਾ. ਮੋਹਿਤ ਮਹਾਜਨ ਪ੍ਰਮੁੱਖ ਤੋਰ ਤੇ ਸ਼ਾਮਿਲ ਸਨ।
ਇਸ ਮੌਕੇ ਧੂਰੀ ਨੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ ਤੇ ਕਿਹਾ ਕਿ ਪੁਲਿਸ ਨੇ ਸਪਲੀਮੈਂਟਰੀ ਸਟੇਟਮੈਂਟ ਨੂੰ ਆਧਾਰ ਬਣਾ ਕੇ 4 ਸਾਲ ਦੀ ਬੱਚੀ ਦੇ ਰੇਪ ਕੇਸ ਵਿੱਚ ਅਸਲ ਮੁਜਰਮ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਸ, ਸਵਿੰਦਰ ਸਿੰਘ ਗਿੱਲ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ। ਰੋਸ ਵੱਜੋਂ ਉਹਨਾ ਨੇ ਕੱਲ ਗੁਰਦਾਸਪੁਰ ਦੇ ਸਾਰੇ ਪ੍ਰਾਈਵੇਟ ਵਿਦਿੱਅਕ ਅਦਾਰੇ ਬੰਦ ਕਰਨ ਦਾ ਐਲਾਨ ਕੀਤਾ ਕਿਉਂਕਿ ਬੱਚੀ ਦੀ ਮਾਂ ਬੱਚੀ ਨੂੰ ਸਕੂਲ ਤੋਂ ਬਿਲਕੁੱਲ ਤੰਦਰੁਸਤ ਲੈ ਕੇ ਗਈ ਸੀ ਅਤੇ ਬਾਅਦ ਵਿੱਚ ਇਹ ਘਿਨੋਣਾ ਦੋਸ਼ ਲਗਾਇਆ ਗਿਆ ਹੈ। ਇਸ ਲਈ ਸ੍ਰੀ ਗਿੱਲ ਨੂੰ ਤੁਰੰਤ ਰਿਹਾ ਕੀਤਾ ਜਾਵੇ।
ਡਾ. ਮੋਹਿਤ ਮਹਾਜਨ ਅਤੇ ਡਾ. ਅੰਸ਼ੂ ਕਟਾਰੀਆਂ ਨੇ ਕਿਹਾ ਕਿ ਪੁਲਿਸ ਨੇ ਹਾਈਵੇ ਤੋਂ ਪ੍ਰਦਰਸ਼ਨਕਾਰੀਆਂ ਵੱਲੋਂ ਧਰਨਾ ਚੁਕਵਾਉਣ ਦੇ ਦਬਾਅ ਹੇਠ ਆ ਕੇ ਸ੍ਰੀ ਗਿੱਲ ਨੂੰ ਅਰੈਸਟ ਕੀਤਾ ਹੈ। ਉਹਨਾ ਕਿਹਾ ਰਿਹਾਈ ਨਾ ਹੋਣ ਦੀ ਸੂਰਤ ਵਿੱਚ ਗੁਰਦਾਸਪੁਰ ਤੋਂ ਇਲਾਵਾ ਪੂਰੇ ਪੰਜਾਬ ਨੂੰ ਬੰਦ ਦਾ ਸੱਦਾ ਦਿੱਤਾ ਜਾਵੇਗਾ। ਡਾ. ਕਟਾਰਿਆ ਨੇ ਕਿਹਾ ਕਿ ਜੈਕ ਦਾ ਡੈਲੀਗੇਸ਼ਨ ਮੁੱਖ ਮੰਤਰੀ ਪੰਜਾਬ ਨਾਲ ਜਲਦ ਮੀਟਿੰਗ ਕਰ ਕੇ ਉਹਨਾ ਦੇ ਧਿਆਨ ਵਿੱਚ ਸਾਰਾ ਕੇਸ ਲਿਆਉਂਦਾ ਜਾਵੇਗਾ।
ਇਸ ਮੌਕੇ ਰਮਨ ਭੱਲਾ ਅਮਨ ਭੱਲਾ ਗਰੁੱਪ ਆਫ ਇੰਸਟੀਚੂਟਸ, ਨਰਸਿੰਗ ਐਸ਼ੋਸੀਐਨ ਤੋਂ ਸ , ਗੁਰਦਿਆਲ ਸਿੰਘ, ਪੁੱਕਾ ਤੋਂ ਅਸ਼ਵਨੀ ਅਸ਼ੋਕ, ਜੀ. ਐਨ. ਡੀ. ਯੂ ਬੀ ਐਡ ਕਾਲਜ ਐਸੋਸੀਐਸ਼ਨ ਤੋਂ ਸਤਵਿੰਦਰ ਸੰਧੂ ਅਤੇ ਪੰਜਾਬ ਰਾਸਾ ਦੇ ਪ੍ਰਧਾਨ ਹਰਪਾਲ ਸਿੰਘ ਯੂ ਕੇ ਨੇ ਕਿਹਾ ਕਿ ਸੀ ਸੀ ਟੀ ਵੀ ਫੁਟੇਜ਼ ਤੋਂ ਜਾਪਦਾ ਹੈ ਕਿ ਇਹ ਘਟਨਾ ਸਕੂਲ ਵਿੱਚ ਨਹੀ ਹੋ ਸਕਦੀ ਅਤੇ ਪੁਲਿਸ ਇਸਦੀ ਪੂਰੀ ਛਾਨਬੀਣ ਕਰੇ।