ਗੁਰਦਾਸਪੁਰ, 3 ਅਪ੍ਰੈਲ (ਮੰਨਣ ਸੈਣੀ)। ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇਅ ‘ਤੇ ਪੈਂਦੇ ਪਿੰਡ ਡੀਡੀ ਸੈਣੀਆਂ ਕੋਲ ਸ਼ਨੀਵਾਰ ਰਾਤ ਵਿਦਿਆਰਥੀਆਂ ਨਾਲ ਭਰੀ ਟੂਰਿਸਟ ਬੱਸ ਦਾ ਅਚਾਨਕ ਟਾਇਰ ਫਟ ਗਿਆ। ਜਿਸ ਤੋਂ ਬਾਅਦ ਬੱਸ ਚਾਲਕ ਆਪਣਾ ਸੰਤੁਲਨ ਗੁਆ ਬੈਠਾ ਅਤੇ ਬੱਸ ਨੈਸ਼ਨਲ ਹਾਈਵੇ ਦੇ ਨਾਲ ਲੱਗਦੇ ਖੇਤਾਂ ਵਿੱਚ ਪਲਟ ਗਈ। ਵਿਦਿਆਰਥੀਆਂ ਦੀਆਂ ਚੀਕਾਂ ਸੁਣ ਕੇ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਗਏ ਅਤੇ ਬੱਸ ਵਿੱਚ ਫਸੇ ਵਿਦਿਆਰਥੀਆਂ ਨੂੰ ਕੱਢਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਦੀਨਾਨਗਰ ਦੀ ਪੁਲਸ ਮੌਕੇ ‘ਤੇ ਪਹੁੰਚ ਗਈ। ਸ਼ੁਕਰ ਹੈ ਕਿ ਹਾਦਸੇ ਵਿਚ ਕੋਈ ਗੰਭੀਰ ਜ਼ਖਮੀ ਨਹੀਂ ਹੋਇਆ। ਹਾਲਾਂਕਿ ਵਿਦਿਆਰਥੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਧਰ, ਬੱਸ ਡਰਾਈਵਰ ਦਾ ਕਹਿਣਾ ਹੈ ਕਿ ਬੱਸ ਦੇ ਅਚਾਨਕ ਪਲਟਣ ਦਾ ਕਾਰਨ ਗਾਂ ਸੀ ਜੋਂ ਅਚਾਨਕ ਉਹਨਾਂ ਦੇ ਸਾਹਮਣੇ ਆ ਗਈ।
ਜਾਣਕਾਰੀ ਅਨੁਸਾਰ ਕੇਰਲਾ ਤੋਂ ਆਏ ਕਰੀਬ 29 ਵਿਦਿਆਰਥੀ ਅਤੇ ਦੋ ਅਧਿਆਪਕ ਘੁੰਮਣ ਲਈ ਅੰਮ੍ਰਿਤਸਰ ਤੋਂ ਬੱਸ ਵਿੱਚ ਸਵਾਰ ਹੋ ਕੇ ਮਨਾਲੀ ਜਾ ਰਹੇ ਸਨ। ਰਾਤ ਕਰੀਬ 11 ਵਜੇ ਜਿਵੇਂ ਹੀ ਇਹ ਟੂਰਿਸਟ ਬੱਸ ਉਕਤ ਸਥਾਨ ‘ਤੇ ਪਹੁੰਚੀ ਤਾਂ ਅਚਾਨਕ ਬੱਸ ਦਾ ਅਗਲਾ ਟਾਇਰ ਫਟ ਗਿਆ। ਟਾਇਰ ਫਟਣ ਕਾਰਨ ਉਹ ਆਪਣਾ ਸੰਤੁਲਨ ਗੁਆ ਬੈਠੀ ਅਤੇ ਬੱਸ ਖੇਤਾਂ ਵਿੱਚ ਪਲਟ ਗਈ। ਹਾਦਸੇ ਦੌਰਾਨ ਬੱਸ ਵਿੱਚ ਸਵਾਰ ਵਿਦਿਆਰਥੀਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਜਿਸ ਦਾ ਰੌਲਾ ਸੁਣ ਕੇ ਰਾਹਗੀਰ ਅਤੇ ਆਸਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਬੱਸ ਵਿੱਚ ਫਸੇ ਵਿਦਿਆਰਥੀਆਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਪਾਰਟੀ ਮੌਕੇ ‘ਤੇ ਪਹੁੰਚ ਗਈ ਅਤੇ ਵਿਦਿਆਰਥੀਆਂ ਨੂੰ ਸਿੰਘੋਵਾਲ ਹਸਪਤਾਲ ਪਹੁੰਚਾਇਆ। ਜਿੱਥੇ ਕਰੀਬ 12 ਵਿਦਿਆਰਥੀਆਂ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਉਧਰ, ਸਿਵਲ ਹਸਪਤਾਲ ਵਿੱਚ ਵਿਦਿਆਰਥੀਆਂ ਦਾ ਇਲਾਜ ਕਰ ਰਹੇ ਡਾਕਟਰ ਦਾ ਕਹਿਣਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਖਤਰਾ ਨਹੀਂ ਹੈ। ਵਿਦਿਆਰਥੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ।
ਦੂਜੇ ਪਾਸੇ ਬੱਸ ਚਾਲਕ ਸੁਗਰੀਵ ਦਾ ਕਹਿਣਾ ਹੈ ਕਿ ਉਹ ਬੱਸ ਨੂੰ ਬਹੁਤ ਧਿਆਨ ਨਾਲ ਚਲਾ ਰਿਹਾ ਸੀ। ਪਰ ਅਚਾਨਕ ਬੱਸ ਦੇ ਅੱਗੇ ਇੱਕ ਗਾਂ ਆ ਗਈ। ਜਿਸ ਨੂੰ ਬਚਾਉਣ ਲਈ ਹੋਈ ਟੱਕਰ ਵਿੱਚ ਉਹ ਆਪਣਾ ਸੰਤੁਲਨ ਗੁਆ ਬੈਠੀ ਅਤੇ ਬੱਸ ਖੇਤਾਂ ਵਿੱਚ ਜਾ ਡਿੱਗੀ। ਦੂਜੇ ਪਾਸੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।