ਸਾਇੰਸ ਸਿਟੀ ਵਲੋਂ ਕੌਮੀ ਵਿਗਿਆਨ ਦਿਵਸ ਤੇ ਸਮਾਰੋਹ
ਕਪੂਰਥਲਾ। ਪੁਸ਼ਪਾ ਗੁਜਰਾਲ ਸਾਇੰਸ ਸਿਟੀ ਅਤੇ ਪੰਜਾਬ ਰਾਜ ਵਿਗਿਆਨ ਤੇ ਤਕਨਾਲੌਜੀ ਪ੍ਰੀਸ਼ਦ ਵਲੋਂ ਸਾਂਝੇ ਤੌਰ *ਤੇ ਕੌਮੀ ਵਿਗਿਆਨ ਦਿਵਸ ਮਨਾਇਆ ਗਿਆ। ਵਰਚੂਅਲ ਮੋਡ ਰਾਹੀਂ ਹੋਏ ਇਸ ਪ੍ਰੋਗਰਾਮ ਵਿਚ ਪੰਜਾਬ ਭਰ ਤੋਂ 100 ਦੇ ਕਰੀਬ ਵਿਦਿਆਰਥੀਆਂ ਅਤੇ ਅਧਿਆਪਕਾ ਨੇ ਹਿੱਸਾ ਲਿਆ । ਕੌਮੀ ਵਿਗਿਆਨ ਦਿਵਸ ਦਾ ਇਸ ਵਾਰ ਦਾ ਥੀਮ “ ਸਥਾਈ ਭਵਿੱਖ ਲਈ ਵਿਗਿਆਨ ਤੇ ਤਕਨਾਲੌਜੀ ਤੱਕ ਸੰਪੂਰਨ ਪੰਹੁਚ ਹੈ”। ਇਸ ਮੌਕੇ ਡਿਪਟੀ ਡਾਇਰੈਕਟਰ (ਜੁਗਤ ਅਤੇ ਯੋਜਨਾ) ਰਸਾਇਣ ਵਿਗਆਨ ਵਿਭਾਗ ਆਈ.ਆਈ.ਟੀ ਦਿੱਲੀ ਡਾ. ਅਸ਼ੋਕ ਗਾਂਗੁਲੀ ਨੇ ” ਸਾਡੀ ਰੋਜ਼ਮਰਾਂ ਦੀ ਜ਼ਿੰਦਗੀ ਤੇ ਵਿਗਿਆਨ,ਤਕਨਾਲੌਜੀ ਅਤੇ ਨਵੀਆਂ—ਨਵੀਆਂ ਕਾਢਾਂ ਦੇ ਪ੍ਰਭਾਵ” ਵਿਸ਼ੇ ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਵਿਗਿਆਨ,ਤਕਨਾਲੌਜੀ ਅਤੇ ਨਵੀਆਂ ਕਾਢਾਂ ਦੇਸ਼ ਨੂੰ ਆਰਥਿਕ ਪੱਖੋਂ ਅੱਗੇ ਲਿਜਾਣ ਵਿਚ ਬਹੁਤ ਅਹਿਮ ਰੋਲ ਅਦਾ ਕਰਦੇ ਹਨ। ਨਵੀਆਂ ਯੁਗਤਾਂ ਸਮੱਸਿਆ ਦੇ ਹੱਲ ਲਈ ਨਵੀ ਪਹੁੰਚ ਬਣ ਸਕਦੀਆਂ ਹਨ, ਇਹ ਸਾਡੇ ਰਹਿਣ—ਸਹਿਣ ਵਿਚ ਤਬਦੀਲੀ ਜਾ ਮੌਜੂਦਾ ਸਰੋਤਾਂ ਦੀ ਵਰਤੋਂ ਦਾ ਇਕ ਨਵਾਂ ਢੰਗ ਤਰੀਕਾ ਹੋ ਸਕਦੀਆਂ ਹਨ। ਨਵੀਆਂ ਤਕਨੀਕਾਂ ਨੇ ਕਾਰਾਂ, ਸੈਲ ਫ਼ੋਨ, ਕੰਪਿਊਂਟਰ, ਨੈਟਵਰਕ ਅਤੇ ਬਿਜਲੀ ਆਦਿ ਤੋਂ ਲੈ ਕੇ ਸਾਡੀ ਜ਼ਿੰਦਗੀ ਦੇ ਹਰ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕੋਵਿਡ—19 ਦੇ ਖਾਤਮੇ ਲਈ ਮੋਡਰਨਾਂ (ਐਮ. ਆਰ.ਐਨ.ਏ) ਅਤੇ ਪੀਫ਼ਾਈਜ਼ਰ (ਬਾਇਓ ਟੈਕ ਐਮ. ਆਰ.ਐਨ.ੲ) ਵਲੋਂ ਤਿਆਰ ਕੀਤੀ ਗਈ ਵੈਕਸਿਨ ਵਿਚ ਉਤਪੱਤੀ ਵਿਗਿਆਨ ਦੇ ਕੋਡਾ ਦੀ ਅਹਿਮ ਭੂਮਿਕਾ ਹੈ।
ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਆਪਣੇ ਸ਼ੁਰੂਆਤੀ ਸੰਬੋਧਨ ਵਿਚ ਕਿਹਾ ਭਾਰਤੀ ਮਹਾਨ ਭੌਤਿਕ ਵਿਗਿਆਨੀ ਸਰ ਸੀ ਵੀ ਰਮਨ ਦੁਆਰਾ ਖੋਜੇ ਗਏ ਰਮਨ ਪ੍ਰਭਾਵ ਦੀ ਖੋਜ ਨੂੰ ਯਾਦ ਕਰਨ ਲਈ ਕੌਮੀ ਵਿਗਿਆਨ ਦਿਵਸ ਹਰ ਸਾਲ 28 ਫ਼ਰਵਰੀ ਨੂੰ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਗਿਆਨ ਤੇ ਤਕਨਾਲੌਜੀ ਜਿੱਥੇ ਹਰੇਕ ਦੇਸ਼ ਦੀ ਉਨਤੀ ਅਤੇ ਖੁਹਾਲੀ ਦੇ ਡਰਾਈਵਰ ਹਨ ਉੱਥੇ ਹੀ ਇਹ ਸਥਾਈ ਵਿਕਾਸ ਲਈ ਦਰਪੇਸ਼ ਚੁਣੌਤੀਆਂ ਨੂੰ ਦੂਰ ਕਰਨ ਲਈ ਇਕ ਜ਼ਰੂਰੀ ਸਾਧਨ ਵੀ ਹਨ। ਇਸ ਮੌਕੇ ਉਨ੍ਹਾਂ ਅਧਿਆਪਕਾਂ ਨੂੰ ਸੱਦਾ ਦਿੱਤਾ ਕਿ ਉਹ ਵਿਦਿਆਰਥੀਆਂ ਨੂੰ ਵਿਗਿਆਨ ਦੇ ਸਿਧਾਂਤਾਂ ਨੂੰ ਆਪਣੀ ਰੋਜ਼ਾਨਾਂ ਦੀ ਜ਼ਿੰਦਗੀ ਵਿਚ ਲਾਗੂ ਕਰਨ ਅਤੇ ਸਿੱਖਣ ਵੱਲ ਪ੍ਰੇਰਿਤ ਕਰਨ ਤਾਂ ਜੋ ਨਵੀਆਂ —ਨਵੀਆਂ ਖੋਜਾਂ ਅਤੇ ਤਕਨੀਕਾਂ ਵਿਚ ਉਹਨਾਂ ਦੀ ਰੱੁਚੀ ਵਧੇ। ਉਨ੍ਹਾਂ ਅੱਗੋਂ ਕਿਹਾ ਕਿ ਸਥਾਈ ਭਵਿੱਖ ਸਿਰਫ਼ ਵਿਗਿਆਨ ਤੇ ਤਕਨਾਲੌਜੀ ਦੁਆਰਾ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ।ਉਨ੍ਹਾਂ ਜ਼ੋਰ ਦੇ ਕਿਹਾ ਕਿ ਵਿਗਿਆਨਕ ਦਿਹਾੜਿਆਂ ਦਾ ਸਮਾਰੋਹ ਸਿਰਫ਼ ਇਕ ਦਿਨ ਤੱਕ ਹੀ ਸੀਮਿਤ ਨਹੀਂ ਰਹਿਣੇ ਚਾਹੀਦੇ ਸਗੋਂ ਇਹਨਾਂ ਨੂੰ ਲਗਾਤਾਰ ਚਲਦੇ ਰੱਖਣ ਦੀ ਲੋੜ ਹੈ।
ਇਸ ਮੌਕੇ ਤੇ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਅਸੀਂ ਸਾਰੇ ਵਿਗਿਆਨ ਤੇ ਨਿਰਭਰ ਹਾਂ ਅਤੇ ਅੱਜ ਵਿਗਿਆਨ ਤੋਂ ਬਿਨ੍ਹਾਂ ਜ਼ਿੰਦਗੀ ਨਹੀਂ ਹੈ। ਉਨ੍ਹਾਂ ਕਿਹਾ ਦੇਸ਼, ਸਮਾਜ ਅਤੇ ਸਮੁੱਚੇ ਵਿਸ਼ਵ ਦੀਆਂ ਤਰਜੀਹਾਂ ਨੂੰ ਧਿਆਨ ਵਿਚ ਰੱਖਦਿਆਂ ਇਸ ਵਾਰ ਦਾ ਇਸ ਦਿਵਸ ਦਾ ਥੀਮ ਬਹੁਤ ਸੋਚ ਸਮਝ ਕੇ ਹੀ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕੇ ਕਿਹਾ ਕਿ ਗਿਆਨਵਾਨ ਤੇ ਸੂਝਵਾਨ ਸਮਾਜ ਦੀ ਸਿਰਜਣਾ ਦੇ ਲਈ ਵਿਗਿਆਨ ਤੇ ਤਕਨਾਲੌਜੀ ਦੇ ਖੇਤਰਾਂ ਵਿਚ ਵਿਦਿਆਰਥੀਆਂ ਦੀ ਮੁਹਾਰਤ ਅਤੇ ਗਿਆਨ ਨੂੰ ਵਧਾਉਣਾ ਬਹੁਤ ਜ਼ਰੂਰੀ ਹੈ।
ਇਸ ਮੌਕੇ ਬੱਚਿਆਂ ਦੇ “ ਕੁਬਾੜ ਤੋਂ ਕੰਮ ਆਉਣ ਵਾਲੀਆਂ ਚੀਜਾਂ ਬਣਾਉਣ” ਦੇ ਕਰਵਾਏ ਗਏ ਜਿਹਨਾ ਵਿਚੋਂ ਪਹਿਲਾਂ ਇਨਾਮ ਸਵਾਮੀ ਸੰਤਦਾਸ ਸਕੂਲ ਜਲੰਧਰ ਦੀ ਕ੍ਰੀਤਿਕਾ ਸ਼ਾਰਦਾ ( ਪ੍ਰੋਜੈਕਟ : ਬਿਨ੍ਹਾਂ ਬਿਜਲੀ ਦੇ ਮੋਬਾਇਲ ਚਾਰਜਰ) ਨੇ ਪਹਿਲਾ ਸਰਕਾਰੀ ਹਾਈ ਸਕੂਲ ਦੋਨਾ ਕਪੂਰਥਲਾ ਦੇ ਪਰਮਜੀਤ ਕੁਮਾਰ ( ਪ੍ਰੋਜੈਕਟ: ਬਾਇਓ ਅਨਜ਼ਾਇਮ ਇਕ ਸਫ਼ਾਈ ਏਜੰਟ) ਨੇ ਦੂਜਾ ਅਤੇ ਮੈਰੀਟੋਰੀਅਸ ਸਕੂਲ ਜਲੰਧਰ ਦੇ ਯਸ਼ਕਰਨ ਰੱਤੂ (ਪ੍ਰੋਜੈਕਟ : ਪੁਰਾਣੀਆਂ ਅਖਬਾਰਾਂ ਦੇ ਫ਼ੋਟੋ ਫ਼ਰੇਮ ਅਤੇ ਗੱਡੀ) ਨੇ ਤੀਜਾਂ ਸਥਾਨ ਪ੍ਰਾਪਤ ਕੀਤਾ।