ਮਾਨਸੂਨ ਦੌਰਾਨ ਪ੍ਰਭਾਵਿਤ ਹੋਣ ਵਾਲੇ 40 ਪਿੰਡਾਂ ਨੂੰ ਹੋਵੇਗਾ ਪੁਲ ਦਾ ਲਾਭ
ਰੋਪੜ, 18 ਦਸੰਬਰ: ਰੋਪੜ ਕੰਢੀ ਖੇਤਰ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਸੂਬੇ ਦੇ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਜ਼ਿਲਾ ਰੋਪੜ ਦੇ ਪਿੰਡ ਪੁਰਖਾਲੀ ਵਿਖੇ ਹਰੀਪੁਰ ਨਾਲੇ ‘ਤੇ ਉੱਚ ਪੱਧਰੀ ਪੁਲ ਬਣਾਉਣ ਅਤੇ ਇਸ ਤੱਕ ਪਹੁੰਚਣ ਵਾਲੀ ਤਿੰਨ ਕਿਲੋਮੀਟਰ ਲੰਮੀ ਸੜਕ ਦਾ ਨੀਂਹ ਪੱਥਰ ਰੱਖਿਆ।
ਮੁੱਖ ਮੰਤਰੀ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਲੰਬਿਤ ਪਈ ਮੰਗ ਸੀ, ਕਿਉਂਕਿ ਮਾਨਸੂਨ ਦੇ ਮੌਸਮ ਵਿੱਚ 40 ਪਿੰਡਾਂ ਦੇ ਲੋਕਾਂ ਦਾ ਸਿੱਧੇ ਚੰਡੀਗੜ ਪਹੁੰਚਣ ਲਈ ਸੰਪਕਰ ਟੁੱਟ ਜਾਂਦਾ ਹੈ । ਉਨਾਂ ਕਿਹਾ ਕਿ ਕਿਸੇ ਹੋਰ ਪਹੁੰਚ ਸੜਕ ਦੀ ਅਣਹੋਂਦ ਕਾਰਨ ਵਿਦਿਆਰਥੀਆਂ ਨੂੰ ਵੀ ਆਪਣੇ ਵਿਦਿਅਕ ਅਦਾਰਿਆਂ ਤੱਕ ਪਹੁੰਚਣ ਲਈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਬਰਸਾਤੀ ਮੌਸਮ ’ਚ ਉਨਾਂ ਦੀ ਪੜਾਈ ‘ਤੇ ਮਾੜਾ ਅਸਰ ਪੈਂਦਾ ਹੈ। ਸ੍ਰੀ ਚੰਨੀ ਨੇ ਅੱਗੇ ਕਿਹਾ ਕਿ ਇਸ ਪੁਲ ਦੇ ਬਣਨ ਨਾਲ ਚੰਡੀਗੜ ਦੀ ਦੂਰੀ ਵੀ 15 ਤੋਂ 20 ਕਿਲੋਮੀਟਰ ਘੱਟ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਉਹ ਪਹਿਲੀ ਵਾਰ ਵਿਧਾਇਕ ਬਣੇ ਸਨ ਤਾਂ ਇਸ ਖੇਤਰ ਦੇ ਪਿੰਡ ਸ੍ਰੀ ਚਮਕੌਰ ਸਾਹਿਬ ਹਲਕੇ ਦਾ ਹਿੱਸਾ ਸਨ ਪਰ ਹਲਕਾਬੰਦੀ ਤੋਂ ਬਾਅਦ ਉਹ ਰੋਪੜ ਹਲਕੇ ਦੇ ਅਧੀਨ ਆ ਗਏ । ਸ੍ਰੀ ਚੰਨੀ ਨੇ ਕਿਹਾ ਕਿ ਉਨਾਂ ਦੇ ਨਿਰੰਤਰ ਯਤਨਾਂ ਦੇ ਬਾਵਜੂਦ ਹਰੀਪੁਰ ਨਾਲੇ ’ਤੇ ਪੁਲ ਬਣਾਉਣ ਦੀ ਮੰਗ ਨੂੰ ਸਾਰੀਆਂ ਸਰਕਾਰਾਂ ਨੇ ਅੱਖੋਂ ਪਰੋਖੇ ਕਰੀ ਰੱਖਿਆ। ਪਰ ਹੁਣ ਮੁੱਖ ਮੰਤਰੀ ਬਣਨ ਤੋਂ ਬਾਅਦ ਉਨਾਂ ਨੇ ਚਿਰਾਂ ਤੋਂ ਲਟਕਦੀ ਆ ਰਹੀ ਇਲਾਕੇ ਦੀ ਇਸ ਮੰਗ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਹੈ।
ਮੁੱਖ ਮੰਤਰੀ ਚੰਨੀ ਨੇ ਦੱਸਿਆ ਕਿ 82 ਮੀਟਰ ਲੰਬਾ ਅਤੇ 12 ਮੀਟਰ ਚੌੜਾ ਇਹ ਪੁਲ 8.24 ਕਰੋੜ ਰੁਪਏ ਦੀ ਲਾਗਤ ਨਾਲ 9 ਮਹੀਨਿਆਂ ਵਿੱਚ ਮੁਕੰਮਲ ਕੀਤਾ ਜਾਵੇਗਾ। ਉਨਾਂ ਕਿਹਾ ਕਿ ਟੈਂਡਰ ਅਲਾਟ ਕਰ ਦਿੱਤੇ ਗਏ ਹਨ ਅਤੇ ਪ੍ਰਾਜੈਕਟ ’ਤੇ ਕੰਮ ਸੁਰੂ ਹੋ ਗਿਆ ਹੈ।
ਇਸ ਉਪਰੰਤ ਮੁੱਖ ਮੰਤਰੀ ਚੰਨੀ ਕਮਿਊਨਿਟੀ ਸੈਂਟਰ ਪਿੰਡ ਸਿੰਘ ਵਿਖੇ ਬਲਾਕ ਰੂਪਨਗਰ ਦੇ ਹਲਕਾ ਸ੍ਰੀ ਚਮਕੌਰ ਸਾਹਿਬ ਨਾਲ ਸਬੰਧਤ ਸਰਪੰਚਾਂ, ਪੰਚਾਂ, ਜਿਲਾ ਪ੍ਰੀਸ਼ਦ ਮੈਂਬਰ ਤੇ ਪੰਚਾਇਤ ਸੰਮਤੀ ਮੈਂਬਰ ਨਾਲ ਮੀਟਿੰਗ ਕੀਤੀ।
ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਪੈਪਸੂ ਦੇ ਚੇਅਰਮੈਨ ਸਤਿੰਦਰ ਸਿੰਘ, ਪੰਜਾਬ ਰਾਜ ਪੱਛੜੀਆਂ ਜਾਤੀਆਂ ਕਮਿਸ਼ਨ ਦੇ ਵਾਈਸ ਚੇਅਰਮੈਨ ਗੁਰਜਿੰਦਰਪਾਲ ਸਿੰਘ ਬਿੱਲਾ, ਨਗਰ ਸੁਧਾਰ ਟਰੱਸਟ ਰੂਪਨਗਰ ਦੇ ਚੇਅਰਮੈਨ ਸੁਖਵਿੰਦਰ ਸਿੰਘ ਵਿਸਕੀ, ਕਾਂਗਰਸ ਦੇ ਜ਼ਿਲਾ ਪ੍ਰਧਾਨ ਅਸ਼ਵਨੀ ਸ਼ਰਮਾ, ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਅਤੇ ਐਸ.ਐਸ.ਪੀ. ਵਿਵੇਕ ਐਸ. ਸੋਨੀ, ਜ਼ਿਲਾ ਪ੍ਰੀਸ਼ਦ ਮੈਂਬਰ ਕਰਮ ਸਿੰਘ, ਮਾਰਕੀਟ ਕਮੇਟੀ ਚੇਅਰਮੈਨ ਮੇਵਾ ਸਿੰਘ ਤੇ ਸਰਪੰਚ ਦਿਲਬਰ ਸਿੰਘ ਪਿੰਡ ਪਰਖ਼ਾਲੀ ਹਾਜ਼ਰ ਸਨ।