ਦਿੱਲੀ ਵਿੱਚ ਬੈਠੇ ਪੰਜਾਬੀਆਂ ਦੇ ਰਿਸ਼ਤੇਦਾਰ ਹੀ ਕੇਜਰੀਵਾਲ ਦੀ ਪੋਲ ਦੱਸ ਰਹੇ ਹਨ।
ਗੁਰਦਾਸਪੁਰ, 18 ਦਸੰਬਰ (ਮੰਨਣ ਸੈਣੀ)। ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਵੱਲੋਂ ਟਿਕਟਾਂ ਨਾ ਮਿਲਣ ਤੋਂ ਨਾਰਾਜ਼ ਚਲ ਰਹੇ ਜ਼ਿਲੇ ਦੇ ਕੁਝ ਅਕਾਲੀ ਆਗੂਆਂ ਨੂੰ ਚੇਤਾਵਨੀ ਦਿੱਤੀ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਪਾਰਟੀ ਹਾਈਕਮਾਂਡ ਵੱਲੋਂ ਚੋਣ ਦੰਗਲ ਵਿੱਚ ਉਤਾਰੇ ਗਏ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਆਗੂਆਂ ਪਾਰਟੀ ਦੇ ਨਾਲ ਚੱਲਣ ਨਹੀਂ ਤਾਂ ਆਲਾਕਮਾਨ ਉਹਨਾਂ ਖਿਲਾਫ਼ ਸੱਖਤ ਫੈਸਲੇ ਲੈਣ ਤੋਂ ਵੀ ਗੁਰੇਜ ਨਹੀਂ ਕਰੇਗੀ।
ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਟਿਕਟਾਂ ਮੰਗਣ ਦਾ ਹੱਕ ਹਰੇਕ ਨੂੰ ਹੈ ਪਰ ਪਾਰਟੀ ਹਾਈਕਮਾਂਡ ਵੱਲੋਂ ਹੁਣ ਜਿਹੜੇ ਉਮੀਦਵਾਰ ਐਲਾਨ ਦਿੱਤੇ ਗਏ ਹਨ, ਉਹਨਾਂ ਦਾ ਸਾਥ ਹਰੇਕ ਵਰਕਰ ਅਤੇ ਆਗੂ ਨੂੰ ਦੇਣਾ ਪਵੇਗਾ। ਇਸ ਦੇ ਨਾਲ ਹੀ ਉਨ੍ਹਾਂ ਸਪੱਸ਼ਟ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਹੁਣ ਪਾਰਟੀ ਉਮੀਦਵਾਰ ਦਾ ਵਿਰੋਧ ਕਰਨ ਵਾਲੇ ਉਮੀਦਵਾਰ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਦੇ ਚਲਦਿਆ ਬੱਖਸਿਆ ਨਹੀਂ ਜਾਵੇਗਾ। ਇਸ ਕਰਕੇ ਹਰੇਕ ਨੂੰ ਇੱਕਜੁੱਟ ਹੋ ਕੇ ਪਾਰਟੀ ਉਮੀਦਵਾਰ ਦਾ ਸਮਰਥਨ ਕਰਨਾ ਚਾਹੀਦਾ ਹੈ। ਬੱਬੇਹਾਲੀ ਨੇ ਦਾਅਵਾ ਕੀਤਾ ਕਿ ਅਕਾਲੀ ਦਲ-ਬਸਪਾ ਗਠਜੋੜ ਦੀ ਸਰਕਾਰ ਆਉਣੀ ਨਿਸ਼ਚਿਤ ਹੈ ਅਤੇ ਸਰਕਾਰ ਵਿੱਚ ਹੋਰ ਵੀ ਕਈ ਅਹਿਮ ਅਹੁਦੇ ਹਨ ਜਿੱਥੇ ਉਨ੍ਹਾਂ ਨੂੰ ਥਾਂ ਦਿੱਤੀ ਜਾਵੇਗੀ। ਹਾਲਾਂਕਿ ਬੱਬੇਹਾਲੀ ਨੇ ਇਸ ਮੌਕੇ ਕਿਸੇ ਵੀ ਆਗੂ ਦਾ ਨਾਂ ਨਹੀਂ ਲਿਆ। ਜ਼ਿਲਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਸ਼ਨਿਵਾਰ ਨੂੰ ਆਪਣੇ ਦਫਤਰ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਐਲਾਣੇ ਗਏ ਉਮੀਦਵਾਰ ਵੀ ਉਨ੍ਹਾਂ ਦੇ ਨਾਲ ਸਨ।
ਇਸ ਮੌਕੇ ਤੇ ਕਾਂਗਰਸ ‘ਤੇ ਹਮਲਾ ਕਰਦਿਆਂ ਬੱਬੇਹਾਲੀ ਨੇ ਕਿਹਾ ਕਿ ਲੋਕ ਕਾਂਗਰਸ ਨੂੰ ਕਿੰਨਾ ਚਾਹੁੰਦੇ ਹਨ, ਇਸ ਦਾ ਅੰਦਾਜ਼ਾ ਪਿਛਲੇ ਦਿਨੀਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਗੁਰਦਾਸਪੁਰ ਫੇਰੀ ਤੋਂ ਲਗਾਇਆ ਜਾ ਸਕਦਾ ਹੈ। ਮੁੱਖ ਮੰਤਰੀ ਚੰਨੀ, ਉਪ ਮੁੱਖ ਮੰਤਰੀ ਰੰਧਾਵਾ, ਦੋ ਮੰਤਰੀ ਅਰੂਨਾ ਚੌਧਰੀ, ਤ੍ਰਿਪਤ ਬਾਜਵਾ, ਚੇਅਰਮੈਨ ਅਤੇ ਵਿਧਾਇਕ ਬਰਿੰਦਰਮੀਤ ਪਾਹੜਾ, ਆਦਿ ਕਾਂਗਰਸ ਦੀ ਪੂਰੀ ਟੀਮ ਲੋਕਾਂ ਨੂੰ ਲਾਮਬੰਦ ਕਰਨ ਵਿੱਚ ਨਾਕਾਮ ਰਹੀ ਅਤੇ ਕੁਰਸੀਆਂ ਖਾਲੀ ਰਹਿਆਂ। ਉਨ੍ਹਾਂ ਕਿਹਾ ਕਿ ਪਹਿਲੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝੂਠੀ ਸਹੁੰ ਖਾ ਕੇ ਸੱਤਾ ‘ਤੇ ਕਬਜ਼ਾ ਕੀਤਾ ਸੀ ਅਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਨਾਕਾਮਯਾਬ ਹੋ ਕੇ ਚਾਲ ਖੇਲਦਿਆ ਕਾਂਗਰਸ ਹਾਈਕਮਾਨ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦਾ ਡਰਾਮਾ ਕੀਤਾ । ਬੱਬੇਹਾਲੀ ਨੇ ਕਿਹਾ ਕਿ ਲੋਕਾਂ ਦਾ ਚੰਨੀ ਤੋਂ ਵੀ ਮੋਹ ਭੰਗ ਹੋ ਚੁੱਕਾ ਹੈ ਕਿਉਂਕਿ ਉਹ ਵੀ ਸਿਰਫ਼ ਐਲਾਨਾਂ ਕਰਦੇ ਨਜ਼ਰ ਆਉਂਦੇ ਹਨ।
ਇਸ ਮੌਕੇ ਕੇਜਰੀਵਾਲ ‘ਤੇ ਨਿਸ਼ਾਨਾ ਸਾਧਦੇ ਹੋਏ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਉਹ ਰੋਜ਼ ਪੰਜਾਬੀਆਂ ਨੂੰ ਦਿੱਲੀ ‘ਚ ਵਿਕਾਸ ਦੇ ਝੂਠੇ ਦਾਅਵੇ ਦੀਆਂ ਗੱਲਾਂ ਸੁਣਾ ਕੇ ਭਰਮਾ ਕੇ ਮੂਰਖ ਬਣਾਉਣ ਦੀ ਗੱਲ ਕਰਦੇ ਹਨ। ਜਦੋਂ ਕਿ ਦਿੱਲੀ ਵਿੱਚ ਰਹਿੰਦੇ ਪੰਜਾਬੀ ਜਿਨ੍ਹਾਂ ਦੇ ਰਿਸ਼ਤੇਦਾਰ ਪੰਜਾਬ ਵਿੱਚ ਰਹਿੰਦੇ ਹਨ, ਉਹ ਪੰਜਾਬੀਆਂ ਨੂੰ ਫੋਨ ਕਰਕੇ ਸੂਚਿਤ ਕਰ ਰਹੇ ਹਨ ਕਿ ਉਹ ਇਸ ਠੱਗੀ ਦਾ ਸ਼ਿਕਾਰ ਨਾ ਹੋਣ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਸੂਝਵਾਨ ਹਨ ਅਤੇ ਕਾਂਗਰਸ ਅਤੇ ‘ਆਪ’ ਦੀ ਅਸਲੀਅਤ ਜਾਣ ਚੁੱਕੇ ਹਨ।
ਇਸ ਮੌਕੇ ਬਟਾਲਾ ਤੋਂ ਅਕਾਲੀ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ, ਜੋ ਪਹਿਲਾਂ ‘ਆਪ’ ਦੇ ਕਨਵੀਨਰ ਸਨ, ਨੇ ਵੀ ਅਰਵਿੰਦ ਕੇਜਰੀਵਾਲ ਨੂੰ ਸਿਰਫ਼ ਵਨ ਮੈਨ ਸ਼ੋਅ ਵਾਂਗ ਖੋਖਲਾ ਦੱਸਿਆ ਅਤੇ ਉਨ੍ਹਾਂ ਦੇ ਦਾਅਵੀਆਂ ਨੂੰ ਵੀ ਝੂਠਾ ਕਰਾਰ ਦਿੱਤਾ।
ਇਸ ਮੌਕੇ ਤੇ ਲਖਬੀਰ ਸਿੰਘ ਲੋਧੀਨੰਗਲ, ਗੁਰਇਕਬਾਲ ਸਿੰਘ ਮਾਹਲ, ਰਾਜਨਬੀਰ ਸਿੰਘ ਘੁੰਮਣ, ਕਮਲਜੀਤ ਚਾਵਲਾ, ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਸੁਖਬੀਰ ਸਿੰਘ ਵਾਹਲਾ, ਬਸਪਾ ਜ਼ਿਲ੍ਹਾ ਕੋਆਰਡੀਨੇਟਰ ਧਰਮਪਾਲ, ਦੇਵ ਰਾਜ ਹੰਸ, ਹਰਬੰਸ ਲਾਲ, ਐਡਵੋਕੇਟ ਅਮਰਜੋਤ ਸਿੰਘ ਬੱਬੇਹਾਲੀ, ਗੁਰਨਾਮ ਸਿੰਘ ਜੱਸਲ, ਸਤੀਸ਼ ਕੁਮਾਰ ਡਿੰਪਲ ਹਾਜ਼ਰ ਸਨ।