ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਆਪਣੀ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਸ਼ਨੀਵਾਰ ਨੂੰ ਚੰਡੀਗੜ੍ਹ ‘ਚ ਇਹ ਐਲਾਨ ਕੀਤਾ। ਪਾਰਟੀ ਦਾ ਨਾਂ ਸੰਯੁਕਤ ਸੰਘਰਸ਼ ਪਾਰਟੀ। ਹੁਣ ਚੜੂਨੀ ਪੰਜਾਬ ਵਿਧਾਨ ਸਭਾ ਚੋਣਾਂ ਆਪਣੇ ਬੈਨਰ ਹੇਠ ਲੜਣਗੇ। ਚੜੂਨੀ ਨੇ ਪ੍ਰੈਸ ਕਾਨਫਰੰਸ ਵਿੱਚ ਅਹੁਦੇਦਾਰਾਂ ਦਾ ਐਲਾਨ ਵੀ ਕੀਤਾ। ਉਹਨਾਂ ਕਿਹਾ ਕਿ ਉਹ ਸਮਾਜ ਦੇ ਗਰੀਬ ਵਰਗ ਲਈ ਕੰਮ ਕਰਨਗੇ। ਉਨ੍ਹਾਂ ਦਾ ਮੁੱਖ ਉਦੇਸ਼ ਨਸ਼ੇ ਨੂੰ ਖਤਮ ਕਰਨਾ ਹੋਵੇਗਾ। ਜਾਤ ਅਤੇ ਧਰਮ ਦੀ ਰਾਜਨੀਤੀ ਨਹੀਂ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਿਆਸਤ ਪ੍ਰਦੂਸ਼ਿਤ ਹੋ ਚੁੱਕੀ ਹੈ। ਇਸ ਨੂੰ ਬਦਲਣ ਦੀ ਲੋੜ ਹੈ। ਪੂੰਜੀਵਾਦ ਨੂੰ ਹੱਲਾਸ਼ੇਰੀ ਦੇਣ ਵਾਲੇ ਨੀਤੀ ਨਿਰਮਾਤਾ, ਸਰਮਾਏਦਾਰਾਂ ਦੇ ਹੱਕ ਵਿੱਚ ਨੀਤੀਆਂ ਘੜ ਰਹੇ ਹਨ। ਆਮ ਆਦਮੀ, ਗਰੀਬਾਂ ਲਈ ਕੁਝ ਨਹੀਂ ਕੀਤਾ ਗਿਆ। ਇਸ ਲਈ, ਅਸੀਂ ਆਪਣੀ ਨਵੀਂ ਪਾਰਟੀ, ਸੰਯੁਕਤ ਸੰਘਰਸ਼ ਪਾਰਟੀ ਦੀ ਸ਼ੁਰੂਆਤ ਕਰ ਰਹੇ ਹਾਂ।
ਬੀਕੇਯੂ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਸੀ ਕਿ ਮਿਸ਼ਨ ਪੰਜਾਬ-2022 ਤਹਿਤ ਉਹ ਪੰਜਾਬ ਵਿੱਚ ਪਾਰਟੀ ਬਣਾ ਕੇ ਚੋਣ ਲੜਨਗੇ। ਚੜੂਨੀ ਇਸ ਸਮੇਂ ਮਿਸ਼ਨ ਪੰਜਾਬ ਨੂੰ ਲੈ ਕੇ ਚੱਲ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਜਦੋਂ ਹਰਿਆਣਾ ਵਿੱਚ ਚੋਣਾਂ ਦੀ ਵਾਰੀ ਆਵੇਗੀ ਤਾਂ ਉਹ ਇਸ ਬਾਰੇ ਵੀ ਵਿਚਾਰ ਕਰਨਗੇ। ਚੜੂਨੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਉਮੀਦਵਾਰ ਜੋ ਵੀ ਹੋਵੇਗਾ, ਉਹ ਕਿਸਾਨ ਹੋਵੇਗਾ। ਇਸ ਲਈ ਅਜੇ ਵੀ ਚਰਚਾ ਚੱਲ ਰਹੀ ਹੈ।
ਚੜੂਨੀ ਪਹਿਲਾਂ ਵੀ ਕਈ ਵਾਰ ਕਹਿ ਚੁੱਕੇ ਹਨ ਕਿ ਸਿਆਸਤ ਵਿਚ ਆਉਣ ਤੋਂ ਬਿਨਾਂ ਕਿਸਾਨਾਂ ਦੀ ਭਲਾਈ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਨੇ ਕਿਸਾਨ ਅੰਦੋਲਨ ਦੌਰਾਨ ਹੀ ਮਿਸ਼ਨ ਯੂਪੀ ਤੋਂ ਪਹਿਲਾਂ ਮਿਸ਼ਨ ਪੰਜਾਬ ਚਲਾਉਣ ਦੀ ਗੱਲ ਕੀਤੀ ਸੀ। ਹਾਲਾਂਕਿ ਸੰਯੁਕਤ ਕਿਸਾਨ ਮੋਰਚਾ ਉਨ੍ਹਾਂ ਦੇ ਫੈਸਲੇ ਨਾਲ ਸਹਿਮਤ ਨਹੀਂ ਹੈ। ਚੜੂਨੀ ਨੇ ਮਿਸ਼ਨ ਪੰਜਾਬ ਤਹਿਤ ਫਤਹਿਗੜ੍ਹ ਸਾਹਿਬ ਦੇ ਦੌਰੇ ਦੌਰਾਨ ਉਮੀਦਵਾਰ ਦਾ ਐਲਾਨ ਵੀ ਕੀਤਾ ਹੈ।