ਖੋਜ ਕੇਂਦਰ ਦੇ ਬਣਨ ਨਾਲ ਗੰਨਾ ਕਾਸ਼ਤਕਾਰ ਨੂੰ ਚੰਗੇ ਝਾੜ ਵਾਲੀਆਂ ਫਸਲਾਂ ਤੇ ਚੰਗੀਆਂ ਕਿਸਮਾਂ ਦਾ ਬੀਜ ਉਪਲੱਬਧ ਹੋਵੋਗਾ
ਕਲਾਨੌਰ (ਗੁਰਦਾਸਪੁਰ), 12 ਦਸੰਬਰ ( ਮੰਨਣ ਸੈਣੀ )। ਸ. ਸੁਖਜਿੰਦਰ ਸਿੰਘ ਰੰਧਾਵਾ, ਉੱਪ ਮੁੱਖ ਮੰਤਰੀ ਪੰਜਾਬ ਵਲੋਂ ਅੱਜ ਗੁਰੂ ਨਾਨਕ ਦੇਵ ਸ਼ੂਗਰਕੇਨ ਰਿਸਰਚ ਐਂਡ ਡਿਵਲਪਮੈਂਟ ਇੰਸਟੀਚਿਊਟ, ਕਲਾਨੋਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸ. ਸ਼ਿਵਰਾਜ ਸਿੰਘ ਧਾਲੀਵਾਲ ਜੀ.ਐਮ ਖੰਡ ਮਿੱਲ ਅਜਨਾਲਾ-ਕਮ-ਡਾਇਰੈਕਟਰ, ਡਾ. ਨਾਨਕ ਸਿੰਘ ਐਸ.ਐਸ.ਪੀ ਗੁਰਦਾਸਪੁਰ, ਸ. ਊਦੇਵੀਰ ਸਿੰਘ ਰੰਧਾਵਾ, ਡਾ. ਗੁਲਜ਼ਾਰ ਸਿੰਘ ਡਾਇਰੈਕਟਰ ਪੀ.ਏ.ਯੂ ਕਪੂਰਥਲਾ, ਡਾ.ਜੀ.ਐਸ ਮਾਂਗਟ ਡਾਇਰੈਕਟਰ ਪੀ.ਏ.ਯੂ ਲੁਧਿਆਣਾ, ਡਾ. ਐਸ.ਕੇ ਪਾਂਡੇ ਡਾਇਰੈਕਟਰ ਆਈ.ਸੀ.ਏ.ਆਰ, ਸ਼ੂਗਰਕੈਨ ਬਰੀਡਿੰਗ ਇੰਸਟੀਚਿਊਟ ਕਰਨਾਲ, ਡਾ.ਬੀ.ਆਰ ਡੋਲੇ, ਚੀਫ ਕੇਨ ਐਡਵਾਈਜ਼ਰ, ਨਵੀਂ ਦਿੱਲੀ, ਕੰਵਲਜੀਤ ਸਿੰਘ ਡੀ.ਐਮ ਸ਼ੂਗਰਫੈੱਡ ਪੰਜਾਬ, ਜਸਦੀਪ ਸਿੰਘ ਚੇਅਰਮੈਨ ਮਾਰਕਫੈੱਡ, ਨਰਿੰਦਰ ਸਿੰਘ ਚੇਅਰਮੈਨ ਬਲਾਕ ਸੰਮਤੀ ਡੇਰਾ ਬਾਬਾ ਨਾਨਕ, ਭਗਵੰਤ ਸਿੰਘ ਚੇਅਰਮੈਨ ਮਾਰਕਿਟ ਕਮੇਟੀ ਕਲਾਨੋਰ, ਪੀ.ਕੇ ਭੱਲਾ ਜੀ.ਐਮ ਪਨਿਆੜ ਮਿੱਲ, ਰਣਧੀਰ ਠਾਕੁਰ ਖੇਤੀਬਾੜੀ ਅਫਸਰ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਮੌਜੂਦ ਸਨ।
ਉਦਘਾਟਨ ਕਰਨ ਉਪਰੰਤ ਉੱਪ ਮੁੱਖ ਮੰਤਰੀ ਸ. ਰੰਧਾਵਾ, ਜਿਨਾਂ ਕੋਲ ਸਹਿਕਾਰਤਾ ਵਿਭਾਗ ਵੀ ਹੈ, ਨੇ ਦੱਸਿਆ ਕਿ ਗੁਰੂ ਨਾਨਕ ਦੇਵ ਸ਼ੂਗਰਕੇਨ ਰਿਸਰਚ ਐਂਡ ਡਿਵਲਪਮੈਂਟ ਇੰਸਟੀਚਿਊਟ, ਕਲਾਨੋਰ, 100 ਏਕੜ ਵਿਚ ਬਣਿਆ ਹੈ, ਜਿਸ ਉੱਪਰ 47 ਕਰੋੜ ਰੁਪਏ ਖਰਚ ਕੀਤੇ ਗਏ ਹਨ। ਉਨਾਂ ਦੱਸਿਆ ਕਿ 30 ਨਵੰਬਰ 2020 ਨੂੰ ਇਸ ਇੰਸਟੀਚਿਊਟ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਤੇ ਤਿੰਨ ਫੇਜ਼ਾਂ ਵਿਚ ਇਸਦਾ ਕੰਮ ਚੱਲੇਗਾ।
ਸ. ਰੰਧਾਵਾ ਨੇ ਅੱਗੇ ਕਿਹਾ ਕਿ ਸਰਹੱਦੀ ਖੇਤਰ ਵਿਚ ਰਹਿੰਦੇ ਗੰਨਾ ਕਾਸ਼ਤਕਾਰਾਂ ਲਈ ਇਹ ਇੰਸਟੀਚਿਊਟ ਇਕ ਵੱਡਾ ਮੀਲ ਪੱਥਰ ਸਾਬਤ ਹੋਵੇਗਾ, ਇਸ ਖੋਜ ਕੇਂਦਰ ਦੇ ਬਣਨ ਨਾਲ ਗੰਨਾ ਕਾਸ਼ਤਕਾਰ ਨੂੰ ਚੰਗੇ ਝਾੜ ਵਾਲੀਆਂ ਅਤੇ ਚੰਗੀਆਂ ਕਿਸਮਾਂ ਦਾ ਬੀਜ ਉਪਲੱਬਧ ਕਰਵਾਇਆ ਜਾਵੇਗਾ। ਇਸ ਨਾਲ ਜਿਥੇ ਗੰਨਾ ਕਾਸ਼ਤਕਾਰ ਦੀ ਪ੍ਰਤੀ ਏਕੜ ਆਮਦਨ ਵਿਚ ਵਾਧਾ ਹੋਵੇਗਾ, ਓਥੇ ਸਹਿਕਾਰੀ ਖੰਡ ਮਿੱਲਾਂ ਨੂੰ ਵੀ ਮੁਨਾਫਾ ਹੋਵੇਗਾ। ਉਨਾਂ ਅੱਗੇ ਦੱਸਿਆ ਕਿ ਇਹ ਖੋਜ ਕੇਂਦਰ ਵਿਚ ਕਿਸਾਨਾਂ ਨੂੰ ਗੰਨੇ ਦੀ ਸਿਖਲਾਈ ਅਤੇ ਪੂਰੀ ਤਕਨੀਕੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ। ਸਲਾਹਕਾਰੀ, ਸਲਾਹਕਾਰ ਅਤੇ ਵਿਸਤਾਰ ਵਿਚ ਸੇਵਾਵਾਂ ਮਿਲਣਗੀਆਂ। ਗੰਨੇ ਦਾ ਸਰਵੇਖਣ ਅਤੇ ਸੂਚਨਾ ਸੇਵਾਵਾਂ ਉਪਲੱਬਧ ਹੋਣਗੀਆਂ। ਗੰਨੇ ਦੀ ਕਾਸ਼ਤ ਲਈ ਮਸ਼ੀਨਕਰਨ ਨੂੰ ਅਪਾਣਾਉਣ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ।
ਸ. ਰੰਧਾਵਾ ਨੇ ਕਿਸਾਨਾਂ ਨੂੰ ਤੁਪਕਾ ਪ੍ਰਣਾਲੀ (ਡਿ੍ਰਪ ਸਿਸਟਮ) ਅਪਣਾਉਣ ਦੀ ਅਪੀਲ ਕਰਦਿਆਂ ਦੱਸਿਆ ਕਿ ਇਸ ਨਾਲ ਫਸਲ ਨੂੰ ਬਿਮਾਰੀ ਤੋਂ ਬਚਾਇਆ ਜਾ ਸਕਦਾ ਹੈ ਅਤੇ ਪਾਣੀ ਦੀ ਵੀ ਵੱਡੀ ਬਚਤ ਹੁੰਦੀ ਹੈ। ਉਨਾਂ ਦੱਸਿਆ ਕਿ 80 ਤਕ ਫੀਸਦ ਸਬਸਿਡੀ ਹਾਸਲ ਕਰਕੇ ਤੁਪਕਾ ਪ੍ਰਣਾਲੀ ਅਪਣਾਓ। ਉਨਾਂ ਅੱਗੇ ਕਿਹਾ ਕਿ ਕਲਾਨੋਰ ਵਿਖੇ ਪਰਾਲੀ ਦੀ ਸੰਭਾਲ ਲਈ ਇਕ ਪਲਾਂਟ ਲਗਾਇਆ ਜਾਵੇਗਾ, ਜਿਸ ਨਾਲ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਨਿਜਾਤ ਮਿਲੇਗੀ ਅਤੇ ਪਰਾਲੀ ਵੇਚ ਕੇ ਆਮਦਨ ਵੀ ਹੋਵੇਗੀ।
ਸਹਿਕਾਰਤਾ ਮੰਤਰੀ ਸ. ਰੰਧਾਵਾ ਨੇ ਦੱਸਿਆ ਕਿ ਸਹਿਕਾਰੀ ਖੰਡ ਮਿੱਲ, ਗੁਰਦਾਸਪੁਰ ਦੀ ਮੌਜੂਦਾ ਸਮਰੱਥਾ 2000 ਟੀ.ਸੀ.ਡੀ. ਤੋਂ ਵਧਾ ਕੇ 5000 ਟੀ.ਸੀ.ਡੀ. ਕਰਨ ਦੇ 413.80 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਜਿਸ ਨਾਲ ਮਿੱਲ ਰੋਜਾਨਾ 50,000 ਤੋਂ 60,000 ਟਨ ਗੰਨੇ ਦੀ ਪਿੜਾਈ ਕਰੇਗੀ ਅਤੇ ਸੂਬੇ ਦੇ ਗਰਿੱਡ ਨੂੰ 20 ਮੈਗਾਵਾਟ ਬਿਜਲੀ ਸਪਲਾਈ ਵੀ ਕਰੇਗੀ। ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ 413.80 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਵੇਗਾ ਜਿਸ ਵਿੱਚੋਂ 369 ਕਰੋੜ ਰਪਏ ਪਲਾਂਟ, ਮਸੀਨਰੀ ਅਤੇ ਨਿਰਮਾਣ ਕਾਰਜਾਂ ਉਤੇ ਖਰਚ ਕੀਤੇ ਜਾਣੇ ਹਨ। ਇਸ ਤੋਂ ਇਲਾਵਾ 120 ਕੇ.ਐਲ.ਪੀ.ਡੀ. ਦੀ ਸਮਰੱਥਾ ਵਾਲਾ ਈਥਾਨੌਲ ਪਲਾਂਟ ਵੀ ਸਥਾਪਿਤ ਕੀਤਾ ਜਾ ਰਿਹਾ ਹੈ।
ਸ. ਰੰਧਾਵਾ ਨੇ ਅੱਗੇ ਸੰਬੋਧਨ ਕਰਦਿਆਂ ਕਿਹਾ ਕਿ ਗੰਨਾ ਉਤਪਾਦਕਾਂ ਅਤੇ ਖੰਡ ਮਿੱਲਾਂ ਦੇ ਹਿੱਤਾਂ ਨੂੰ ਜਾਣਬੁੱਝ ਕੇ ਨਜਰਅੰਦਾਜ ਕਰਨ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਜ਼ਿੰਮੇਵਾਰ ਹੈ, ਜਿਸ ਦੀ ਅਣਦੇਖੀ ਕਾਰਨ ਖੰਡ ਮਿੱਲਾਂ ਦਾ ਨੁਕਸਾਨ ਹੋਇਆ। ਉਪ ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਸਾਰੇ 87 ਲੈਂਡ ਮੌਰਟਗੇਜ ਬੈਂਕ ਵਿੱਤੀ ਘਾਟੇ ਵਿੱਚ ਸਨ, ਜਿਨ੍ਹਾਂ ਨੂੰ ਹੁਣ ਦੀ ਪੰਜਾਬ ਸਰਕਾਰ ਨੇ ਮਜਬੂਤ ਕੀਤਾ ਹੈ।
ਪੰਜਾਬ ਮੰਡਲ ਦੀ ਗੱਲ ਕਰਦਿਆਂ ਉੱਪ ਮੁੱਖ ਮੰਤਰੀ ਪੰਜਾਬ ਸ. ਰੰਧਾਵਾ ਨੇ ਕਿਹਾ ਕਿ ਸੂਬੇ ਭਰ ਅੰਦਰ ਹਰੇਕ ਵਰਗ ਦੀ ਭਲਾਈ ਲਈ ਪੰਜਾਬ ਸਰਕਾਰ ਨੇ ਵੱਡੇ ਉਪਰਾਲੇ ਕੀਤੇ ਹਨ ਅਤੇ ਰਾਜ ਦੇ ਸਰਬਪੱਖੀ ਵਿਕਾਸ ਲਈ ਸਰਕਾਰ ਯਤਨਸ਼ੀਲ ਹੈ। ਹਲਕੇ ਡੇਰਾ ਬਾਬਾ ਨਾਨਕ ਦੇ ਸਰਬਪੱਖੀ ਵਿਕਾਸ ਦੀ ਗੱਲ ਕਰਦਿਆਂ ਸ. ਰੰਧਾਵਾ ਨੇ ਦੱਸਿਆ ਕਿ ਹਲਕੇ ਅੰਦਰ ਬਿਨਾਂ ਕਿਸੇ ਭੇਦਭਾਵ ਦੇ ਵਿਕਾਸ ਕੰਮ ਕੀਤੇ ਗਏ ਹਨ ਅਤੇ ਪਿੰਡਾਂ ਅੰਦਰ ਖੇਡ ਸਟੇਡੀਅਮ, ਪਾਰਕ, ਗਲੀਆਂ-ਨਾਲੀਆਂ ਆਦਿ ਦੇ ਵਿਕਾਸ ਕੰਮ ਕਰਵਾਏ ਗਏ ਹਨ। ਸਿਹਤ ਸੇਵਾਵਾਂ ਦੀ ਗੱਲ ਕਰਦਿਆਂ ਸ. ਰੰਧਾਵਾ ਨੇ ਦੱਸਿਆ ਕਿ ਕਲਾਨੋਰ ਵਿਚ 2 ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ ਐਮਰਜੰਸੀ ਸੇਵਾਵਾਂ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਡੇਰਾ ਬਾਬਾ ਨਾਨਕ ਵਿਖੇ 5 ਕਰੋੜ ਰੁਪਏ ਦੀ ਲਾਗਤ ਨਾਲ ਆਪਰੇਸ਼ਨ ਥਿਏਟਰ, ਐਮਰਜੰਸੀ ਸਹੂਲਤਾਂ ਸਮੇਤ ਵੱਖ-ਵੱਖ ਸਿਹਤ ਸੇਵਾਂਵਾ ਪ੍ਰਦਾਨ ਕੀਤੀਆਂ ਗਈਆਂ ਹਨ। ਇਤਿਹਾਸਕ ਤੇ ਧਾਰਮਿਕ ਕਸਬੇ ਡੇਰਾ ਬਾਬਾ ਨਾਨਕ ਵਿਖੇ ਹੈਰੀਟੇਜ ਸਟਰੀਟ ਬਣਾਈ ਜਾ ਰਹੀ ਹੈ, ਜਿਸ ਉੱਪਰ 87 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਸ਼ਿਵ ਮੰਦਰ ਕਲਾਨੋਰ ਤੇ ਡੇਰਾ ਬਾਬਾ ਨਾਨਕ ਵਿਖੇ ਵਿਖੇ ਸ਼ਾਨਦਾਰ ਪਾਰਕ ਬਣਾਈ ਗਈ ਹੈ।
ਸ. ਰੰਧਾਵਾ ਨੇ ਅੱਗੇ ਕਿਹਾ ਕਿ ਸਰਹੱਦੀ ਪਿੰਡ, ਜੋ ਅੰਤਰਰਾਸ਼ਟਰੀ ਸਰਹੱਦ ਦੇ ਬਿਲਕੁਲ ਨੇੜੇ ਵੱਸਦੇ ਹਨ, ਵਿਖੇ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕੀਤੇ ਗਏ ਹਨ।