ਗੁਰਦਾਸਪੁਰ ਹਲਕੇ ਦੇ ਲੋਕਾਂ ਦਾ ਠਾਠਾਂ ਮਾਰਦਾ ਇਕੱਠ 2022 ਦੀ ਜਿੱਤ ਦਾ ਪ੍ਰਤੱਖ ਸਬੂਤ-ਬੱਬੇਹਾਲੀ
ਕਿਹਾ-ਝੂਠ ਅਤੇ ਲਾਰਿਆਂ ਦੇ ਸਾਰੇ ਰਿਕਾਰਡ ਤੋੜ ਰਹੀ ਹੈ ਚੰਨੀ ਦੀ ਸਰਕਾਰ
ਗੁਰਦਾਸਪੁਰ, 12 (ਮੰਨਣ ਸੈਣੀ)। ਦਸੰਬਰ ਸ਼੍ਰੋਮਣੀ ਅਕਾਲੀ ਦਲ ਵੱਲੋਂ 14 ਦਸੰਬਰ ਨੂੰ ਮੋਗਾ ਵਿਖੇ ਕੀਤੀ ਜਾਣ ਵਾਲੀ ਰੈਲੀ ਦੇ ਸਬੰਧ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਗੁਰਦਾਸਪੁਰ ਨਾਲ ਸਬੰਧਤ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਵੱਲੋਂ ਸੱਦੀ ਵਰਕਰਾਂ ਦੀ ਮੀਟਿੰਗ ਇਕ ਵੱਡੀ ਰੈਲੀ ਦਾ ਰੂਪ ਧਾਰਨ ਕਰ ਗਈ। ਇਸ ਰੈਲੀ ਦੌਰਾਨ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਬੱਬੇਹਾਲੀ ਨੇ ਕਿਹਾ ਕਿ ਇਹ ਛੋਟੀ ਜਿਹੀ ਮੀਟਿੰਗ ਅੱਜ ਵਿਰੋਧੀਆਂ ਲਈ ਸਿਰਫ਼ ਇੱਕ ਟ੍ਰੇਲਰ ਹੈ ਜਦੋਂ ਕਿ ਵਿਰੋਧੀਆਂ ਨੂੰ ਅਸਲੀ ਫ਼ਿਲਮ ਹਲਕੇ ਦੇ ਲੋਕ ਚੋਣਾਂ ਦੌਰਾਨ ਦਿਖਾਉਣਗੇ।
ਬੱਬੇਹਾਲੀ ਨੇ ਕਿਹਾ ਕਿ ਸਮੁੱਚੇ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੇ ਹੱਕ ਵਿਚ ਲਹਿਰ ਚੱਲ ਰਹੀ ਹੈ ਕਿਉਂਕਿ ਪੰਜਾਬ ਦੇ ਲੋਕ ਕਾਂਗਰਸ ਵੱਲੋਂ ਪੰਜ ਸਾਲਾਂ ਤੋਂ ਬੋਲੇ ਜਾ ਰਹੇ ਝੂਠ ਤੋਂ ਅੱਕ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਪੌਣੇ ਪੰਜ ਸਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਗੁੰਮਰਾਹ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਅਤੇ ਹੁਣ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਝੂਠ ਅਤੇ ਲਾਰਿਆਂ ਦੇ ਸਾਰੇ ਰਿਕਾਰਡ ਤੋੜ ਰਹੀ ਹੈ। ਬੱਬੇਹਾਲੀ ਨੇ ਕਿਹਾ ਕਿ ਪੰਜਾਬ ਦੇ ਲੋਕ ਅੱਜ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਕਿ ਕਾਂਗਰਸੀ ਆਗੂ ਸਿਰਫ ਕੁਰਸੀ ਦੀ ਲੜਾਈ ਲੜ ਰਹੇ ਹਨ ਅਤੇ ਕੁਰਸੀ ਖੋਹਣ ਲਈ ਇਹ ਆਪਣੀ ਹੀ ਪਾਰਟੀ ਦੇ ਆਗੂਆਂ ਖ਼ਿਲਾਫ਼ ਸਾਜ਼ਿਸ਼ਾਂ ਕਰ ਰਹੇ ਹਨ। ਇਸ ਲਈ ਕਾਂਗਰਸ ਤੋਂ ਪੰਜਾਬ ਦੇ ਭਲੇ ਦੀ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ। ਬੱਬੇਹਾਲੀ ਨੇ ਕਿਹਾ ਕਿ ਪੰਜਾਬ ਵਿੱਚ ਆ ਕੇ ਵੱਡੇ ਵਾਅਦੇ ਕਰਨ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਸਲ ਸੱਚਾਈ ਦਿੱਲੀ ਜਾ ਕੇ ਪਤਾ ਲੱਗਦੀ ਹੈ ਜਿੱਥੇ ਕੇਜਰੀਵਾਲ ਦੀ ਕਹਿਣੀ ਅਤੇ ਕਰਨੀ ਵਿੱਚ ਵੱਡਾ ਫ਼ਰਕ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਆਪਣੇ ਸੂਬੇ ਦਿੱਲੀ ਵਿਚ ਮੁਲਾਜ਼ਮਾਂ ਸਮੇਤ ਹਰੇਕ ਵਰਗ ਤ੍ਰਾਹ ਤ੍ਰਾਹ ਕਰ ਰਿਹਾ ਹੈ। ਜਿਹੜਾ ਮੁੱਖ ਮੰਤਰੀ ਦਿੱਲੀ ਵਰਗੇ ਇੱਕ ਛੋਟੇ ਜਿਹੇ ਸੂਬੇ ਦੇ ਲੋਕਾਂ ਨੂੰ ਸੰਤੁਸ਼ਟ ਨਹੀਂ ਕਰ ਸਕਿਆ ਉਹ ਪੰਜਾਬ ਵਰਗੇ ਵਿਸ਼ਾਲ ਸੂਬੇ ਦੇ ਲੋਕਾਂ ਦੀ ਭਲਾਈ ਲਈ ਫੋਕੇ ਵਾਅਦੇ ਕਰਨ ਤੋਂ ਬਗੈਰ ਹੋਰ ਕੁਝ ਨਹੀਂ ਕਰ ਸਕਦਾ।
ਬੱਬੇਹਾਲੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਹਰੇਕ ਵਰਕਰ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ ਅਤੇ ਚੌਦਾਂ ਦਸੰਬਰ ਨੂੰ ਮੋਗਾ ਵਿਖੇ ਕੀਤੀ ਜਾਣ ਵਾਲੀ ਵਿਸ਼ਾਲ ਰੈਲੀ ਨਾ ਸਿਰਫ 2022 ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਦੀ ਬਣਨ ਵਾਲੀ ਸਰਕਾਰ ਦਾ ਮੁੱਢ ਬੰਨ੍ਹੇਗੀ ਸਗੋਂ ਇਹ ਰੈਲੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਅਰਥੀ ਦਾ ਕਿੱਲ ਸਿੱਧ ਹੋਵੇਗੀ। ਬੱਬੇਹਾਲੀ ਨੇ ਕਿਹਾ ਕਿ ਪੰਜਾਬ ਦੇ ਹਰੇਕ ਵਿਧਾਨ ਸਭਾ ਹਲਕੇ ਵਿੱਚੋਂ ਹਜ਼ਾਰਾਂ ਲੋਕ ਇਸ ਰੈਲੀ ਵਿਚ ਪਹੁੰਚਣਗੇ ਜਿਸ ਤਹਿਤ ਵਿਧਾਨ ਸਭਾ ਹਲਕਾ ਗੁਰਦਾਸਪੁਰ ਤੋਂ 50 ਬੱਸਾ ਅਤੇ 80 ਕਾਰਾਂ ਦਾ ਕਾਫਲਾ ਸ. ਮਹਿੰਦਰ ਸਿੰਘ ਖੇਡ ਸਟੇਡੀਅਮ ਬੱਬੇਹਾਲੀ ਤੋਂ 13 ਦਸੰਬਰ ਦੀ ਰਾਤ ਨੂੰ ਮੋਗਾ ਲਈ ਰਵਾਨਾ ਹੋਵੇਗਾ। ਉਨ੍ਹਾਂ ਹਲਕਾ ਗੁਰਦਾਸਪੁਰ ਦੇ ਸਮੂਹ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੇ ਕਰੀਬ ਦੋ ਮਹੀਨੇ ਸਖ਼ਤ ਮਿਹਨਤ ਕਰਨ ਤਾਂ ਜੋ ਕਾਂਗਰਸ ਦੀ ਜ਼ਾਲਮ ਸਰਕਾਰ ਨੂੰ ਪੰਜਾਬ ਚੋਂ ਬਾਹਰ ਕਰ ਕੇ ਸੂਬੇ ਅੰਦਰ ਖੁਸ਼ਹਾਲੀ ਦਾ ਦੌਰ ਲਿਆਂਦਾ ਜਾ ਸਕੇ।
ਅੱਜ ਦੀ ਇਸ ਮੀਟਿੰਗ ਨੂੰ ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਪਾਲ ਭਗਤ ਸਮੇਤ ਹੋਰ ਵੱਖ ਵੱਖ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ ਅਤੇ ਕਿਹਾ ਕਿ ਨਾ ਸਿਰਫ਼ ਹਲਕਾ ਗੁਰਦਾਸਪੁਰ ਅੰਦਰ ਸਗੋਂ ਸਮੁੱਚੇ ਜ਼ਿਲ੍ਹੇ ਅੰਦਰ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸ਼ਾਨ ਨਾਲ ਜਿੱਤਾਂ ਦਰਜ ਕਰਨਗੇ। ਆਗੂਆਂ ਨੇ ਕਿਹਾ ਕਿ ਕਾਂਗਰਸ ਦੇ ਵਿਧਾਇਕ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਹਨ ਜਦੋਂ ਕਿ ਕਾਂਗਰਸ ਦੇ ਵਰਕਰ ਅਤੇ ਦੂਜੀ ਕਤਾਰ ਦੇ ਆਗੂ ਵੀ ਕਾਂਗਰਸ ਨੂੰ ਕੋਸ ਰਹੇ ਹਨ। ਕਿਉਂਕਿ ਇਸ ਸਰਕਾਰ ਦੇ ਨੁਮਾਇੰਦਿਆਂ ਨੇ ਸਿਰਫ਼ ਆਪਣੇ ਘਰ ਹੀ ਭਰੇ ਹਨ ਜਦੋਂਕਿ ਪੰਜਾਬ ਦੇ ਹਿੱਤਾਂ ਅਤੇ ਆਮ ਲੋਕਾਂ ਦੀ ਖੁਸ਼ਹਾਲੀ ਲਈ ਕਿਸੇ ਨੇ ਕੁਝ ਨਹੀਂ ਕੀਤਾ।