ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਕੀਤੀ ਨਾਰੇਬਾਜ਼ੀ, ਪੰਜਾਬ ਕਿਸਾਨ ਤੇ ਮਜ਼ਦੂਰ ਯੂਨੀਅਨ ਨੇ ਦਿੱਤਾ ਸਮਰਥਨ
ਗੁਰਦਾਸਪੁਰ, 3 ਦਿਸੰਬਰ (ਮੰਨਣ ਸੈਣੀ)। ਸਰਕਾਰੀ ਕਾਲਜ/ਗੈਸਟ ਫੈਕਲਟੀ ਅਸਿਸਟੈਂਟ ਪ੍ਰੋਫੈਸਰਾਂ ਨੇ ਮੰਗਾਂ ਨੂੰ ਲੈ ਕੇ ਕਾਲਜ ਰੋਡ ’ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪੰਜਾਬ ਕਿਸਾਨ ਤੇ ਮਜ਼ਦੂਰ ਯੂਨੀਅਨ ਨੇ ਉਹਨਾਂ ਨੂੰ ਆਪਣਾ ਸਮਰਥਨ ਦਿੱਤਾ। ਯੂਨੀਅਨ ਨੇ ਨੌਕਰੀਆਂ ਪੱਕੇ ਕਰਨ ਦੀ ਮੰਗ ਕੀਤੀ।
ਐਸੋਸੀਏਸ਼ਨ ਦੇ ਵੱਖ-ਵੱਖ ਆਗੂਆਂ ਨੇ ਕਿਹਾ ਕਿ ਉਹ ਪਿਛਲੇ 15-20 ਸਾਲਾਂ ਤੋਂ ਸਰਕਾਰੀ ਕਾਲਜਾਂ ਵਿੱਚ ਕੰਮ ਕਰ ਰਹੇ ਹਨ ਅਤੇ ਸਰਕਾਰ ਨੇ ਆਰਜ਼ੀ ਪ੍ਰੋਫੈਸਰਾਂ ਵਿਰੁੱਧ ਆਪਣੀ ਪੇਸ਼ੇਵਾਰ ਵਿਰੋਧੀ ਨੀਤੀ ਅਪਣਾਈ ਹੋਈ ਹੈ। ਪਿਛਲੇ 32 ਦਿਨਾਂ ਤੋਂ ਸਰਕਾਰੀ ਕਾਲਜਾਂ ਵਿੱਚ ਪ੍ਰਦਰਸ਼ਨ ਚੱਲ ਰਿਹਾ ਹੈ ਪਰ ਹੁਣ ਤੱਕ ਸਰਕਾਰ ਕੋਈ ਵੀ ਯੋਗ ਕਦਮ ਨਹੀਂ ਚੁੱਕ ਰਹੀ। ਪ੍ਰੋਫੈਸਰਾਂ ਦੀਆਂ ਨੌਕਰੀਆਂ ਪੱਕੇ ਕਰਨ ਲਈ ਲਿਖਤੀ ਦੇਣ ਦੀ ਬਜਾਏ ਹਰ ਵਾਰ ਲਾਲੀਪਾਪ ਦੇ ਕੇ ਸਮਾਂ ਬਤੀਤ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਪਹਿਲ ਦੇ ਆਧਾਰ ’ਤੇ ਸਰਕਾਰੀ ਕਾਲਜਾਂ ਵਿੱਚ ਕੰਮ ਕਰਦੇ ਸਹਾਇਕ ਪ੍ਰੋਫੈਸਰਾਂ ਦੀਆਂ ਨੌਕਰੀਆਂ ਬਿਨਾਂ ਸ਼ਰਤ ਪੱਕਾ ਕਰੇ ਅਤੇ ਖਾਲੀ ਪਈਆਂ ਅਸਾਮੀਆਂ ਨੂੰ ਭਰਿਆ ਜਾਵੇ। ਇਸ ਮੌਕੇ ਪ੍ਰੋ. ਜੋਗਾ ਸਿੰਘ, ਪ੍ਰੋ. ਹਰਜੀਤ ਸਿੰਘ, ਪ੍ਰੋ. ਸਤਵਿੰਦਰ ਸਿੰਘ, ਪ੍ਰੋ. ਗੁਰਦੀਪ, ਪ੍ਰੋ. ਦਿਨੇਸ਼, ਪ੍ਰੋ. ਬਲਜੀਤ ਕੌਰ, ਪ੍ਰੋ. ਭਾਰਤੀ, ਪ੍ਰੋ. ਕੁਲਦੀਪ, ਸੁਖਬੀਰ ਕੌਰ, ਪ੍ਰੋ. ਸੰਦੀਪ ਕੌਰ, ਰਾਜਵਿੰਦਰ ਕੌਰ ਆਦਿ ਹਾਜ਼ਰ ਸਨ।