ਆਨਰੇਰੀ ਸਲਾਹਕਾਰ ਨਿਯੁਕਤ ਕਰਨ ‘ਤੇ ਕੀਤਾ ਮੁੱਖ ਮੰਤਰੀ ਚੰਨੀ ਦਾ ਧੰਨਵਾਦ
ਸਰਕਾਰ ਚਾਹੇ ਤਾਂ ਸਰਬੱਤ ਦਾ ਭਲਾ ਟਰੱਸਟ ਦੇਵੇਗਾ ਸਰਕਾਰੀ ਹਸਪਤਾਲਾਂ ਨੂੰ ਮਸ਼ੀਨਰੀ
ਅੰਮ੍ਰਿਤਸਰ, 3 ਦਸੰਬਰ । ਲੋਕ ਸੇਵਾ ਦੇ ਖੇਤਰ ‘ਚ ਲੰਬੇ ਸਮੇਂ ਤੋਂ ਮਿਸਾਲੀ ਕਾਰਜ ਕਰਨ ਵਾਲੇ ਉੱਘੇ ਕਾਰੋਬਾਰੀ ਡਾ: ਐਸ.ਪੀ.ਸਿੰਘ ਓਬਰਾਏ ਨੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਹੋਇਆਂ ਸਿਹਤ ਅਤੇ ਹੁਨਰ-ਵਿਕਾਸ ਦੇ ਖੇਤਰਾਂ ‘ਚ ਉਨ੍ਹਾਂ ਦੀਆਂ ਸੇਵਾ ਰੂਪੀ ਸੇਵਾਵਾਂ ਲੈਣ ਲਈ ਆਨਰੇਰੀ ਸਲਾਹਕਾਰ ਨਿਯੁਕਤ ਕਰਨ ‘ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਕਿਸੇ ਵੀ ਤਰ੍ਹਾਂ ਦੀ ਸਿਆਸਤ ਤੋਂ ਨਿਰਲੇਪ ਰਹਿ ਕੇ ਇਨ੍ਹਾਂ ਦੋਹਾਂ ਖੇਤਰਾਂ ‘ਚ ਨਵੇਂ ਮੀਲ੍ਹ-ਪੱਥਰ ਸਥਾਪਿਤ ਕਰੇਗਾ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨਾਲ ਹੋਈ ਮੀਟਿੰਗ ਦੌਰਾਨ ਉਨ੍ਹਾਂ ਮੁੱਖ ਮੰਤਰੀ ਨਾਲ ਦੋ ਜ਼ਰੂਰੀ ਨੁਕਤੇ ਸਾਂਝੇ ਕੀਤੇ ਸਨ, ਜਿਨ੍ਹਾਂ ‘ਚ ਇਕ ਪੰਜਾਬ ਦੀ ਨੌਜਵਾਨੀ ਲਈ ਹੁਨਰ-ਵਿਕਾਸ (ਸਕਿੱਲ ਡਿਵੈਲਮੈਂਟ ਫ਼ਾਰ ਪੰਜਾਬ) ਸੀ ਜਦ ਕਿ ਦੂਜਾ ਸਿਹਤ ਸਹੂਲਤਾਂ ਤੇ ਹੁਨਰ-ਵਿਕਾਸ (ਸਕਿੱਲ ਇਨ ਮੈਡੀਕਲ ਫੀਲਡ) ਸੀ। ਉਨ੍ਹਾਂ ਦੱਸਿਆ ਕਿ ਮੇਰਾ ਅਸਲ ਮਨੋਰਥ ਪੰਜਾਬ ਦੀ ਨੌਜਵਾਨੀ ਨੂੰ ਕਿੱਤਾ-ਮੁੱਖੀ ਸਿੱਖਿਆ ਦੇ ਕੇ ਰੁਜ਼ਗਾਰ ਦੇਣਾ ਹੈ। ਉਨ੍ਹਾਂ ਕਿਹਾ ਕਿ ਆਪਾਂ ਸਭ ਵੇਖ ਰਹੇ ਹਾਂ ਕਿ ਸਾਡੇ ਸਾਰੇ ਹੀ ਨੌਜਵਾਨ ਬਾਹਰ ਨੂੰ ਭੱਜੇ ਜਾ ਰਹੇ ਹਨ।
ਡਾ: ਓਬਰਾਏ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਪੰਜਾਬੀ ਨੌਜਵਾਨ ਬਿਨਾਂ ਕਿਸੇ ਹੁਨਰ ਕਾਰਨ ਵਿਦੇਸ਼ਾਂ ‘ਚ ਰੁਲਣ ਜਾਂ ਗਲਤ ਹੱਥਾਂ ‘ਚ ਚੜ੍ਹ ਕੇ ਆਪਣੀ ਜ਼ਿੰਦਗੀ ਬਰਬਾਦ ਕਰਨ । ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੁਫਨਾ ਹੈ ਕਿ ਉਹ ਸਰਕਾਰ ਦੀ ਮਦਦ ਨਾਲ ਇੱਥੇ ਹੀ ਸਿੱਖਿਅਤ ਟੈਕਨੀਸ਼ਨ, ਵਾਰਡ ਅਟੈਂਡੈਂਟ ਦੇ ਨਾਲ-ਨਾਲ ਐੱਮ.ਆਰ.ਆਈ., ਸੀ.ਟੀ. ਸਕੈਨ,ਡਾਇਲਸਿਸ, ਐਕਸਰੇ, ਈ.ਸੀ.ਜੀ. ਆਦਿ ਕਰਨ ਵਾਲੇ ਵੱਡੀ ਗਿਣਤੀ ‘ਚ ਸਿੱਖਿਅਤ ਤਕਨੀਕੀ ਮਾਹਿਰ ਤਿਆਰ ਕੀਤੇ ਜਾਣ ਤਾਂ ਜੋ ਇਨ੍ਹਾਂ ਦੀ ਕਮੀ ਨੂੰ ਦੂਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਸਾਰੀ ਪ੍ਰਕਿਰਿਆ ਦੌਰਾਨ ਸਰਕਾਰ ‘ਤੇ ਕੋਈ ਵੀ ਆਰਥਿਕ ਬੋਝ ਨਹੀਂ ਪਵੇਗਾ ਕਿਉਂਕਿ ਇਸ ਦਾ ਸਾਰਾ ਖ਼ਰਚ ਉਹ ਖੁਦ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਰਾਹੀਂ ਕਰਨਗੇ। ਸਰਕਾਰ ਨੂੰ ਸਿਰਫ਼ ਆਪਣੇ ਹੁਨਰ-ਵਿਕਾਸ ਕੇਂਦਰ (ਸਕਿੱਲ ਡਿਵੈਲਮੈਂਟ ਸੈਂਟਰ) ਹੀ ਟਰੱਸਟ ਰਾਹੀਂ ਚਲਵਾਉਣ ਲਈ ਇੱਕ ਲਿਖਤੀ ਸਮਝੌਤਾ (ਐੱਮ.ਓ.ਯੂ.) ਕਰਨਾ ਹੋਵੇਗਾ। ਉਨ੍ਹਾਂ ਇਥੇ ਇਹ ਵੀ ਦੱਸਿਆ ਕਿ ਕੋਰੋਨਾ ਕਾਲ ਦੌਰਾਨ ਉਨ੍ਹਾਂ ਵੱਲੋਂ ਪੰਜਾਬ ਦੇ ਵੱਖ- ਵੱਖ ਸਰਕਾਰੀ ਹਸਪਤਾਲਾਂ ਨੂੰ ਦਿੱਤੇ ਗਏ 20 ਵੈਂਟੀਲੇਟਰ ਅੱਜ ਤੱਕ ਤਕਨੀਕੀ ਮਾਹਿਰਾਂ ਦੀ ਘਾਟ ਕਾਰਨ ਵਰਤੋਂ ਵਿੱਚ ਨਹੀਂ ਆ ਸਕੇ ।
ਸ. ਓਬਰਾਏ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸੂਬੇ ਦੇ ਸਰਕਾਰੀ ਹਸਪਤਾਲਾਂ ਅੰਦਰ ਸਿਹਤ ਨਾਲ ਸਬੰਧਤ ਲੋੜੀਂਦੀ ਹਰੇਕ ਤਰ੍ਹਾਂ ਦੀ ਮਸ਼ੀਨਰੀ ਦੇਣ ਦੀ ਵੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਦਿੱਤੀ ਜਾਣ ਵਾਲੀ ਮਸ਼ੀਨਰੀ ਨਾਲ ਹੋਣ ਵਾਲੇ ਟੈਸਟਾਂ ਦੀ ਕੀਮਤ ਵੀ ਟਰੱਸਟ ਤੈਅ ਕਰੇਗਾ ਤਾਂ ਜੋ ਲੋਕ ਨਾਂ-ਮਾਤਰ ਖਰਚ ਤੇ ਸਰਕਾਰੀ ਹਸਪਤਾਲਾਂ ਤੋਂ ਆਪਣਾ ਇਲਾਜ ਕਰਵਾ ਕੇ ਸਿਹਤ ਸਮੱਸਿਆਵਾਂ ਦੌਰਾਨ ਆਉਂਦੇ ਬੇਲੋੜੇ ਖ਼ਰਚ ਅਤੇ ਲੁੱਟ-ਖਸੁੱਟ ‘ਤੋਂ ਨਿਜਾਤ ਪਾ ਸਕਣ।
ਡਾ. ਓਬਰਾਏ ਨੇ ਸਪੱਸ਼ਟ ਕੀਤਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦਾ ਕਿਸੇ ਵੀ ਸਿਆਸੀ ਪਾਰਟੀ ਜਾਂ ਸਿਆਸਤ ਨਾਲ ਕੋਈ ਸੰਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾਂ ਹੀ ਸਿੱਖ ਗੁਰੂਆਂ ਦੇ ਦਰਸਾਏ ਸੇਵਾ ਦੇ ਮਾਰਗ ਤੇ ਚਲਦਿਆਂ ਆਪਣੀ ਸੇਵਾ ਦੌਰਾਨ ਕਦੇ ਵੀ ਰੰਗ, ਧਰਮ, ਜਾਤ ਜਾਂ ਨਸਲ ਦਾ ਵਖਰੇਵਾਂ ਨਹੀਂ ਕੀਤਾ। ਉਨ੍ਹਾਂ ਕਿਹਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪਿਛਲੇ 11 ਸਾਲਾਂ ਤੋਂ ਲਗਾਤਾਰ ਲੋੜਵੰਦ ਲੋਕਾਂ ਦੀ ਸੇਵਾ ਨੂੰ ਹੀ ਪਹਿਲ ਦਿੱਤੀ ਗਈ ਹੈ ਜੋ ਹਮੇਸ਼ਾਂ ਜਾਰੀ ਰਹੇਗੀ । ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਸਾਰੀਆਂ ਪਾਰਟੀਆਂ ਜਾਂ ਸਰਕਾਰਾਂ ਨਾਲ ਕੰਮ ਕਰਨ ਨੂੰ ਤਿਆਰ ਹਾਂ ਜੋ ਲੋੜਵੰਦ ਲੋਕਾਂ ਦੀ ਸੇਵਾ ਵਿੱਚ ਵਿਸ਼ਵਾਸ ਰੱਖਦੀਆਂ ਹਨ।