5 ਦਸੰਬਰ ਨੂੰ ਜਲੰਧਰ ਵਿਖੇ ਸੂਬਾਈ ਰੈਲੀ ਵਿੱਚ ਹੁਮ-ਹੁਮਾਂ ਕੇ ਸ਼ਾਮਲ ਹੋਣ ਦਾ ਐਲਾਨ.
ਗੁਰਦਾਸਪੁਰ, 3 ਦਿਸੰਬਰ (ਮੰਨਣ ਸੈਣੀ)। ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ ਯੂਨੀਅਨ ਵੱਲੋਂ 3-4 ਦਸੰਬਰ 2021 ਨੂੰ ਸਿਹਤ ਵਿਭਾਗ ਅੰਦਰ ਹਰੇਕ ਤਰ੍ਹਾਂ ਦੇ ਕੰਮਾਂ ਦਾ ਮੁਕੰਮਲ ਬਾਈਕਾਟ ਕਰਦਿਆਂ ਦੋ ਦਿਨਾਂ ਹੜ੍ਹਤਾਲ ਸ਼ੁਰੂ ਕਰ ਦਿੱਤੀ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਆਸ਼ਾ ਵਰਕਰਾਂ ਨੇ ਸਮੁੱਚੇ ਕੰਮ ਦਾ ਬਾਈਕਾਟ ਕਰਕੇ ਆਪਣੇ ਆਪਣੇ ਪ੍ਰਾਇਮਰੀ ਹੈਲਥ ਸੈਂਟਰ ਵਿੱਚ ਰੋਸ ਮੁਜ਼ਾਹਰੇ ਕੀਤੇ ਗਏ ਹਨ। ਬਹਿਰਾਮਪੁਰ ਵਿਖੇ ਗੁਰਵਿੰਦਰ ਕੌਰ ਬਹਿਰਾਮਪੁਰ ਦੀ ਅਗਵਾਈ ਹੇਠ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਜ ਨੇ ਇਕਠੇ ਹੋਕੇ ਚੰਨੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰਜਨੀ ਅਵਾਂਖਾ, ਨਿਸ਼ਾ ਕਲੀਜਪੁਰ, ਵੀਨਾ ਬਹਿਰਾਮਪੁਰ, ਅਨੀਤਾ , ਗੀਤਾ ਦੇਵੀ, ਅਨੂੰ , ਸੁਨੀਤਾ ਰਾਣੀ, ਅਨੂੰਰਾਧਾ, ਸੀਮਾ ਕੁਮਾਰੀ, ਰਾਜ ਰਾਣੀ ਆਗੂਆਂ ਨੇ ਕਿਹਾ ਕਿ ‘ਚੰਨੀ ਸਰਕਾਰ’ ਕੋਲ ਲਾਰੇ ਲੱਪੇ ਅਤੇ ਫੋਕੇ ਐਲਾਨਾਂ ਤੋਂ ਇਲਾਵਾ ਆਸ਼ਾ ਵਰਕਰਾਂ, ਫੈਸਿਲੀਟੇਟਰਾਂ ਅਤੇ ਹੋਰ ਕੱਚੇ ਵਰਕਰਾਂ ਲਈ ਨਾ ਤਾਂ ਸਮਾਂ ਹੈ ਅਤੇ ਨਾ ਹੀ ਨੀਤੀ। ਪੰਜਾਬ ਸਰਕਾਰ ਵੱਲੋਂ ਕਰੋਨ ਵੈਕਸੀਨਾਂ ਦੇ ਸੈਸ਼ਨ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ ਹੈ।
ਘਟੋ ਘਟ ਉਜਰਤ ਕਾਨੂੰਨ ਦੇ ਤਹਿਤ ਮਹੀਨਾਵਾਰ ਤਨਖਾਹ ਨਹੀਂ ਦਿੱਤੀ ਜਾਂਦੀ। ਲੋਕਾਂ ਨੂੰ ਸਿਹਤ ਸੁਵਿਧਾਵਾਂ ਪ੍ਰਦਾਨ ਕਰਨ ਵਾਲੀਆਂ ਆਸ਼ਾ ਵਰਕਰਾਂ ਨੂੰ ਕੋਈ ਬਿਮਾਰੀ ਅਤੇ ਪ੍ਰਸੂਤਾ ਛੁੱਟੀ ਨਹੀਂ ਮਿਲਦੀ। ਜਥੇਬੰਦੀਆਂ ਵੱਲੋਂ ਲਗਾਤਾਰ ਰੋਸ਼ ਪ੍ਰਦਰਸਨ ਕੀਤੇ ਜਾ ਰਹੇ ਹਨ। ਮੰਤਰੀਆਂ ਵਲੋਂ ਆਸ਼ਾ ਵਰਕਰਾਂ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਦੌਰਾਨ ਵਾਅਦੇ ਕੀਤੇ ਜਾਂਦੇ ਹਨ ਜਿਸ ਨੂੰ ਲਾਗੂ ਨਹੀਂ ਕੀਤਾ ਜਾਂਦਾ। ਜਿਸ ਕਾਰਨ ਪੰਜਾਬ ਭਰ ਦੀਆਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਵੱਲੋਂ 3-4 ਦਸੰਬਰ ਨੂੰ ਦੋ ਦਿਨਾਂ ਹੜ੍ਹਤਾਲ ਤੇ ਜਾਣ ਲਈ ਮਜਬੂਰ ਹੋਣਾ ਪਿਆ ਹੈ। ਅਤੇ 5 ਦਸੰਬਰ ਨੂੰ ਮਾਣ ਭੱਤਾ, ਕੱਚਾ ਕੰਟਰੈਕਟ ਮੁਲਾਜ਼ਮ ਮੋਰਚੇ ਵੱਲੋਂ ਜਲੰਧਰ ਵਿਖੇ ਕੀਤੀ ਜਾ ਰਹੀ ਸੂਬਾਈ ਰੈਲੀ ਵਿੱਚ ਹੁਮ-ਹੁਮਾਂ ਕੇ ਸ਼ਮੂਲੀਅਤ ਕੀਤੀ ਜਾਵੇਗੀ