ਹੋਰ ਪੰਜਾਬ ਮੁੱਖ ਖ਼ਬਰ

ਮੁੱਖ ਮੰਤਰੀ ਨੇ ਡਿਜੀਟਲ ਵਿਧੀ ਰਾਹੀਂ ਸ੍ਰੀ ਗੁਰੂ ਤੇਗ਼ ਬਹਾਦਰ ਸਟੇਟ ਯੂਨੀਵਰਸਿਟੀ ਆਫ਼ ਲਾਅ ਦਾ ਨੀਂਹ ਪੱਥਰ ਰੱਖਿਆ

ਮੁੱਖ ਮੰਤਰੀ ਨੇ ਡਿਜੀਟਲ ਵਿਧੀ ਰਾਹੀਂ ਸ੍ਰੀ ਗੁਰੂ ਤੇਗ਼ ਬਹਾਦਰ ਸਟੇਟ ਯੂਨੀਵਰਸਿਟੀ ਆਫ਼ ਲਾਅ ਦਾ ਨੀਂਹ ਪੱਥਰ ਰੱਖਿਆ
  • PublishedAugust 27, 2021

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਨੇ ਅਤੇ ਚਾਂਦੀ ਦੇ ਯਾਦਗਾਰੀ ਸਿੱਕੇ ਜਾਰੀ ਕੀਤੇ

ਚੰਡੀਗੜ੍ਹ, 27 ਅਗਸਤ।ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਵਰਚੂਅਲ ਤੌਰ ਉਤੇ ਸ੍ਰੀ ਗੁਰੂ ਤੇਗ਼ ਬਹਾਦਰ ਸਟੇਟ ਯੂਨੀਵਰਸਿਟੀ ਆਫ਼ ਲਾਅ, ਤਰਨ ਤਾਰਨ ਦਾ ਨੀਂਹ ਪੱਥਰ ਰੱਖਿਆ। ਇਸੇ ਦੌਰਾਨ ਮੁੱਖ ਮੰਤਰੀ ਨੇ ਵਿੱਤ ਵਿਭਾਗ ਨੂੰ ਇਸ ਸੰਸਥਾ ਨੂੰ ਸਮੇਂ ਸਿਰ ਕਾਰਜਸ਼ੀਲ ਕਰਨ ਲਈ ਢੁਕਵੇਂ ਫੰਡ ਯਕੀਨੀ ਬਣਾਉਣ ਦੇ ਹੁਕਮ ਦਿੱਤੇ। ਇਸ ਮੌਕੇ ਮੁੱਖ ਮੰਤਰੀ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਨੇ ਤੇ ਚਾਂਦੀ ਦੇ ਯਾਦਗਾਰੀ ਸਿੱਕੇ ਵੀ ਜਾਰੀ ਕੀਤੇ।

ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਸੂਬੇ ਵਿਚ ਵਿਦਿਅਕ ਪ੍ਰਾਜੈਕਟਾਂ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਆਲਮੀ ਪੱਧਰ ਦੀ ਮੁਕਾਬਲੇਬਾਜ਼ੀ ਦੇ ਯੋਗ ਬਣਾਉਣ ਲਈ ਸਿੱਖਿਆ ਨੂੰ ਸਭ ਤੋਂ ਮਹੱਤਵਪੂਰਨ ਖੇਤਰ ਦੱਸਿਆ।

ਮੁੱਖ ਮੰਤਰੀ ਨੇ ਸਕੂਲ ਸਿੱਖਿਆ ’ਚ ਪੰਜਾਬ ਨੂੰ ਮੁਲਕ ਦਾ ਅੱਵਲ ਸੂਬਾ ਬਣਾਉਣ ਲਈ ਸਿੱਖਿਆ ਵਿਭਾਗ ਦੀ ਸ਼ਲਾਘਾ ਕੀਤੀ। ਸਿੱਖਿਆ ਨੂੰ ਤਰਜੀਹੀ ਖੇਤਰ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਕੂਲ ਸਿੱਖਿਆ ਵਿਚ ਸਿਖਰਲਾ ਦਰਜਾ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਦਾ ਅਗਲਾ ਉਦੇਸ਼ ਉਚੇਰੀ ਸਿੱਖਿਆ ਅਤੇ ਤਕਨੀਕੀ ਸਿੱਖਿਆ ਵਿਚ ਵੀ ਪੰਜਾਬ ਨੂੰ ਅੱਵਲ ਸੂਬਾ ਬਣਾਉਣਾ ਹੈ।

ਸਿੱਖਿਆ ਪ੍ਰਤੀ ਆਪਣੀ ਸਰਕਾਰ ਦੀ ਪਹਿਲ ਦੀ ਲੀਹ ਉਤੇ ਮੁੱਖ ਮੰਤਰੀ ਨੇ ਕਿਹਾ ਕਿ ਉਹ 2 ਅਕਤੂਬਰ ਨੂੰ 18 ਨਵੇਂ ਡਿਗਰੀ ਕਾਲਜਾਂ ਅਤੇ 25 ਆਈ.ਟੀ.ਆਈਜ਼ ਦਾ ਵੀ ਉਦਘਾਟਨ ਕਰਨਗੇ। ਉਨ੍ਹਾਂ ਜ਼ੋਰ ਦੇ ਕੇ ਕਿਹਾ, “ਸਿੱਖਿਆ ਬਦਲਦੇ ਸਮੇਂ ਦੀ ਹਾਣੀ ਹੋਣੀ ਚਾਹੀਦੀ ਹੈ।” ਉਨ੍ਹਾਂ ਨੇ ਇਸ ਲਈ ਨਿਰੰਤਰ ਮੁਲਾਂਕਣ ਦੀ ਲੋੜ ਵੀ ਦਰਸਾਈ ਤਾਂ ਕਿ ਆਉਂਦੇ ਦਹਾਕਿਆਂ ਵਿਚ ਸਿੱਖਿਆ ਗੈਰ-ਮੁਨਾਸਬ ਨਾ ਬਣ ਜਾਵੇ।

ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ ਭਾਵੇਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਅਤੇ ਪੰਜਾਬ ਯੂਨੀਵਰਸਿਟੀ ਵੱਲੋਂ ਲਾਅ ਡਿਗਰੀ ਪ੍ਰਦਾਨ ਕੀਤੀ ਜਾ ਰਹੀ ਹੈ, ਇਸ ਤੋਂ ਇਲਾਵਾ ਸੂਬੇ ਦੇ ਤਕਰੀਬਨ 30 ਕਾਲਜਾਂ ਵਿਚ ਵੀ ਕਾਨੂੰਨ ਦੀ ਪੜ੍ਹਾਈ ਕਰਵਾਈ ਜਾ ਰਹੀ ਹੈ ਅਤੇ ਸਿਰਫ ਇਕ ਲਾਅ ਯੂਨੀਵਰਸਿਟੀ (ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ, ਪਟਿਆਲਾ) ਸੀ ਅਤੇ ਹੁਣ ਇਹ ਨਵੀਂ ਯੂਨੀਵਰਸਿਟੀ ਸੂਬੇ ਦੇ ਨੌਜਵਾਨਾਂ ਨੂੰ ਕਾਨੂੰਨ ਨਾਲ ਸਬੰਧਤ ਵਿਸ਼ੇਸ਼ ਕੋਰਸ ਕਰਵਾਏਗੀ।

ਕੈਪਟਨ ਅਮਰਿੰਦਰ ਸਿੰਘ ਨੇ ਖੁਲਾਸਾ ਕੀਤਾ ਕਿ ਨਵੀਂ ਬਣਨ ਵਾਲੀ ਇਸ ਯੂਨੀਵਰਸਿਟੀ ਦੀਆਂ ਕਲਾਸਾਂ ਨਵਾਂ ਮੁੱਖ ਕੈਂਪਸ ਦੇ ਤਿਆਰ ਹੋਣ ਤੱਕ ਆਰਜ਼ੀ ਕੈਂਪਸ (ਟਰਾਂਜ਼ਿਟ ਕੈਂਪਸ) ਵਿਚ ਸ਼ੁਰੂ ਹੋਣਗੀਆਂ ਅਤੇ ਨਵੇਂ ਕੈਂਪਸ ਲਈ ਪਿੰਡ ਕੈਰੋਂ ਵਿਚ 25 ਏਕੜ ਜ਼ਮੀਨ ਦੀ ਵਿਵਸਥਾ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਿੰਡ ਕੈਂਰੋ ਵਿਚ ਬਣਨ ਜਾ ਰਹੀ ਯੂਨੀਵਰਸਿਟੀ ਸਹੀ ਮਾਅਨਿਆਂ ਵਿਚ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਂਰੋ ਨੂੰ ਸ਼ਰਧਾਂਜਲੀ ਹੋਵੇਗੀ ਜੋ ਆਧੁਨਿਕ ਪੰਜਾਬ ਦੇ ਸਿਰਜਕ ਸਨ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀ ਸਥਾਪਨਾ ਦਾ ਸਿਹਰਾ ਵੀ ਇਨ੍ਹਾਂ ਨੂੰ ਹੀ ਜਾਂਦਾ ਹੈ ਜਿਸ ਸਦਕਾ ਹਰੀ ਕ੍ਰਾਂਤੀ ਆਈ।

ਮੁੱਖ ਮੰਤਰੀ ਨੇ ਉਚੇਰੀ ਸਿੱਖਿਆ ਦੇ ਖੇਤਰ ਵਿਚ ਉਨ੍ਹਾਂ ਦੀ ਸਰਕਾਰ ਵੱਲੋਂ ਹਾਲ ਹੀ ਵਿਚ ਕੀਤੇ ਉਪਰਾਲਿਆਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ, ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਅਤੇ ਮੋਹਾਲੀ ਵਿਖੇ ਅਮਿੱਟੀ ਯੂਨੀਵਰਸਿਟੀ ਅਤੇ ਪਲਾਕਸਾ ਯੂਨੀਵਰਸਿਟੀ ਸਥਾਪਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਐਸਿਸਟੈਂਟ ਪ੍ਰੋਫੈਸਰਾਂ ਦੀਆਂ 931 ਅਸਾਮੀਆਂ ਭਰਨ ਦੀ ਪ੍ਰਕਿਰਿਆ ਪਹਿਲਾਂ ਹੀ ਚੱਲ ਰਹੀ ਹੈ।

ਇਸ ਦੌਰਾਨ ਮੁੱਖ ਮੰਤਰੀ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਨੇ ਤੇ ਚਾਂਦੀ ਦੇ ਯਾਦਗਾਰੀ ਸਿੱਕੇ ਜਾਰੀ ਕੀਤੇ। ਸੋਨੇ ਦੇ 5 ਗ੍ਰਾਮ ਦੇ ਸਿੱਕੇ ਦੀ ਕੀਮਤ 27,500 ਰੁਪਏ, 10 ਗ੍ਰਾਮ ਦੇ ਸੋਨੇ ਦੇ ਸਿੱਕੇ ਦੀ 55,000 ਅਤੇ 50 ਗ੍ਰਾਮ ਦੇ ਚਾਂਦੀ ਦੇ ਸਿੱਕੇ ਦੀ ਕੀਮਤ 51,000 ਰੁਪਏ ਰੱਖੀ ਗਈ ਹੈ। ਇਹ ਸਿੱਕੇ ਦੇਸ਼ ਭਰ ਵਿਚ ਸਥਿਤ ਫੁਲਕਾਰੀ ਦੇ ਆਊਟਲੈਟ ਉਤੇ ਵਿਕਰੀ ਲਈ ਮੁਹੱਈਆ ਹੋਣਗੇ ਅਤੇ ਇਸ ਤੋਂ ਇਲਾਵਾ ਇਸ ਉਦੇਸ਼ ਲਈ ਆਉਂਦੇ ਦਿਨਾਂ ਵਿਚ ਬੈਂਕਾਂ ਅਤੇ ਡਾਕ ਘਰਾਂ ਨਾਲ ਤਾਲਮੇਲ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ, ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਹ ਯੂਨੀਵਰਸਿਟੀ ਸਰਹੱਦੀ ਇਲਾਕੇ ਵਿਚ ਪੇਂਡੂ ਵਿਦਿਆਰਥੀਆਂ ਨੂੰ ਕਾਨੂੰਨ ਦੀ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਵਰਦਾਨ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪ੍ਰਸਤਾਵਿਤ ਯੂਨੀਵਰਸਿਟੀ ਨਾਲ ਜੁੜੇ ਮਾਮਲਿਆਂ ਨੂੰ ਦੇਖ ਰਹੀ ਹੈ ਅਤੇ ਛੇਤੀ ਹੀ ਨਵੇਂ ਉਪ ਕੁਲਪਤੀ ਦੀ ਨਿਯੁਕਤੀ ਦੀ ਪ੍ਰਕਿਰਿਆ ਆਰੰਭ ਦਿੱਤੀ ਜਾਵੇਗੀ।

ਨੌਵੇਂ ਸਿੱਖ ਗੁਰੂ ਤੇਗ਼ ਬਹਾਦਰ ਜੀ ਦੇ ਨਾਂਅ ਉਤੇ ਲਾਅ ਯੂਨੀਵਰਸਿਟੀ ਦੀ ਸਥਾਪਨਾ ਕਰਨ ਲਈ ਸੂਬਾ ਸਰਕਾਰ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਸ਼ਲਾਘਾ ਕਰਦੇ ਹੋਏ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਲਾਅ ਯੂਨੀਵਰਸਿਟੀ ਸਿੱਖਿਆ ਦੇ ਖੇਤਰ ਦੇ ਨਾਲ-ਨਾਲ ਰੋਜ਼ਗਾਰ ਦੇ ਮੌਕੇ ਸਿਰਜਣ ਲਈ ਮੀਲ ਪੱਥਰ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਉਦਯੋਗ ਵਿਭਾਗ ਨੇ ਯਾਦਗਾਰੀ ਸਿੱਕਿਆਂ ਦੀ ਡਿਜ਼ਾਈਨਿੰਗ ਅਤੇ ਤਿਆਰ ਕਰਨ ਲਈ ਐਮ.ਐਮ.ਟੀ.ਸੀ. ਨਾਲ ਲੋੜੀਂਦੇ ਪ੍ਰਬੰਧ ਕੀਤੇ ਅਤੇ ਪੰਜਾਬ ਦੀਆਂ ਸਾਰੀਆਂ ਫੁਲਕਾਰੀ ਇੰਪੋਰੀਅਮਜ਼ ਵਿਚ ਲੋਕਾਂ ਲਈ ਵਿਕਰੀ ਵਾਸਤੇ ਵੀ ਮੁਹੱਈਆ ਕਰਵਾਏ।

ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਭਾਵੇਂ ਕਿ ਸੂਬੇ ਵਿਚ ਕੌਮਾਂਤਰੀ ਪੱਧਰ ਦੀਆਂ ਬਹੁਤ ਸਾਰੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਸਥਾਪਤ ਹੋ ਰਹੀਆਂ ਹਨ ਪਰ ਸੂਬਾ ਸਰਕਾਰ ਵੀ ਆਪਣੀਆਂ ਯੂਨੀਵਰਸਿਟੀਆਂ ਨੂੰ ਵੀ ਅੰਤਰਰਾਸ਼ਟਰੀ ਪੱਧਰ ਦਾ ਬਣਾ ਰਹੀ ਹੈ।

ਇਸ ਮੌਕੇ ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਧੰਨਵਾਦ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਨੇ ਦਾਦਾ ਜੀ ਸਵਰਗੀ ਮਹਾਰਾਜਾ ਭੁਪਿੰਦਰ ਸਿੰਘ ਨੇ ਸਾਲ 1916 ਵਿਚ ਪਿੰਡ ਕੈਰੋਂ ਵਿਖੇ ਗਰਲਜ਼ ਹੋਸਟਲ ਦੀ ਉਸਾਰੀ ਕਰਵਾਈ ਸੀ। ਇੱਥੇ ਅੱਜ ਲਾਅ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖ ਕੇ ਕੈਪਟਨ ਅਮਰਿੰਦਰ ਸਿੰਘ ਵੀ ਸੂਬੇ ਦੇ ਕੋਨੇ-ਕੋਨੇ ਵਿਚ ਸਿੱਖਿਆ ਦਾ ਪਾਸਾਰ ਕਰਨ ਲਈ  ਆਪਣੇ ਪਰਿਵਾਰ ਦੀ ਵਿਰਾਸਤ ਨੂੰ ਅੱਗੇ ਤੋਰ ਰਹੇ ਹਨ।

ਪਿੰਡ ਜੱਲੇਵਾਲ ਦੇ ਸਰਪੰਚ ਨਵਦੀਪ ਸਿੰਘ ਨੇ ਇਸ ਯੂਨੀਵਰਸਿਟੀ ਨੂੰ ਸਿੱਖਿਆ ਦੇ ਖੇਤਰ ਵਿਚ ਇਲਾਕੇ ਦੇ ਲੋਕਾਂ ਲਈ ਜੀਵਨਧਾਰਾ ਦੱਸਿਆ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਸਰਹੱਦੀ ਇਲਾਕੇ ਲਈ ਸੂਬਾ ਸਰਕਾਰ ਵੱਲੋਂ ਸਥਾਪਤ ਕੀਤੀ ਇਸ ਪਹਿਲੀ ਯੂਨੀਵਰਸਿਟੀ ਵਾਸਤੇ ਚਾਰ ਕੋਰਸਾਂ ਨੂੰ ਪਹਿਲਾਂ ਹੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ।

ਇਸ ਮੌਕੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਅਸ਼ਵਨੀ ਸੇਖੜੀ ਅਤੇ ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਰਮੇਸ਼ ਕੁਮਾਰ ਗੰਟਾ ਵੀ ਹਾਜ਼ਰ ਸਨ।

Written By
The Punjab Wire