ਗੁਰਦਾਸਪੁਰ

ਚੇਅਰਮੈਨ ਅਸ਼ਵਨੀ ਸੇਖੜੀ ਨੇ ਤੇਲੀਆਂਵਾਲ ਕੱਚਾ ਕੋਟ ਇਲਾਕੇ ਵਿੱਚ ਸੀਵਰੇਜ ਪਾਉਣ ਦੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ

ਚੇਅਰਮੈਨ ਅਸ਼ਵਨੀ ਸੇਖੜੀ ਨੇ ਤੇਲੀਆਂਵਾਲ ਕੱਚਾ ਕੋਟ ਇਲਾਕੇ ਵਿੱਚ ਸੀਵਰੇਜ ਪਾਉਣ ਦੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ
  • PublishedAugust 21, 2021

ਇਸ ਗੱਲ ਦੀ ਮਨ ਨੂੰ ਬਹੁਤ ਤਸੱਲੀ ਕਿ ਮੇਰੇ ਵੱਲੋਂ ਬਟਾਲਾ ਸ਼ਹਿਰ ਲਈ ਪਾਸ ਕਰਵਾਈ ਅਮੁਰਤ ਯੋਜਨਾ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ – ਅਸਵਨੀ ਸੇਖੜੀ

ਬਟਾਲਾ, 21 ਅਗਸਤ ( ਮੰਨਨ ਸੈਣੀ  ) – ਪੰਜਾਬ ਸਰਕਾਰ ਵੱਲੋਂ ਇਤਿਹਾਸਕ ਸ਼ਹਿਰ ਬਟਾਲਾ ਦੇ ਵਿਕਾਸ ਵਿੱਚ ਕੋਈ ਕਮੀਂ ਨਹੀਂ ਛੱਡੀ ਜਾਵੇਗੀ ਅਤੇ ਸ਼ਹਿਰ ਦੀ 100 ਫੀਸਦੀ ਵਸੋਂ ਨੂੰ ਪੀਣ ਵਾਲੇ ਸਾਫ਼ ਤੇ ਸੁੱਧ ਪਾਣੀ ਦੀ ਸਹੂਲਤ ਦੇਣ ਦੇ ਨਾਲ ਹਰ ਘਰ ਨੂੰ ਸੀਵਰੇਜ ਸਪਲਾਈ ਨਾਲ ਜੋੜਿਆ ਜਾਵੇਗਾ। ਬਟਾਲਾ ਸ਼ਹਿਰ ਵਿੱਚ ਅਮੁਰਤ ਯੋਜਨਾ ਤਹਿਤ 141 ਕਰੋੜ ਰੁਪਏ ਦੀ ਲਾਗਤ ਹਰ ਗਲੀ-ਮੁੱਹਲੇ ਵਿੱਚ ਸੀਵਰੇਜ ਅਤੇ ਜਲ ਸਪਲਾਈ ਦੀਆਂ ਲਾਈਨਾਂ ਵਿਛਾਈਆਂ ਜਾ ਰਹੀਆਂ ਹਨ ਅਤੇ ਜਲਦੀ ਇਹ ਪ੍ਰੋਜੈਕਟ ਮੁਕੰਮਲ ਹੋ ਜਾਵੇਗਾ।

ਇਹ ਪ੍ਰਗਟਾਵਾ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਅਸ਼ਵਨੀ ਸੇਖੜੀ ਨੇ ਅੱਜ ਬਟਾਲਾ ਦੇ ਤੇਲੀਆਂਵਾਲ ਕੱਚਾ ਕੋਟ ਇਲਾਕੇ ਵਿੱਚ ਸੀਵਰੇਜ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਨ ਮੌਕੇ ਸਥਾਨਕ ਨਿਵਾਸੀਆਂ ਨਾਲ ਗੱਲਬਾਤ ਦੌਰਾਨ ਕੀਤਾ। ਸ੍ਰੀ ਸੇਖੜੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਬਹੁਤ ਤਸੱਲੀ ਹੈ ਕਿ ਉਨ੍ਹਾਂ ਵੱਲੋਂ ਬਟਾਲਾ ਸ਼ਹਿਰ ਲਈ ਪਾਸ ਕਰਵਾਈ ਗਈ ਅਮੁਰਤ ਯੋਜਨਾ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਬਹੁਤ ਸਾਰੇ ਇਲਾਕੇ ਜੋ ਸੀਵਰੇਜ ਸਪਲਾਈ ਨਾ ਹੋਣ ਕਾਰਨ ਬਹੁਤ ਤਰਸਯੋਗ ਹਾਲਤ ਵਿੱਚ ਸਨ ਪਰ ਹੁਣ ਉਨ੍ਹਾਂ ਇਲਾਕਿਆਂ ਵਿੱਚ ਵੀ ਸੀਵਰੇਜ ਪੈਣ ਨਾਲ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਹੈ। ਸ੍ਰੀ ਸੇਖੜੀ ਨੇ ਕਿਹਾ ਕਿ ਤੇਲੀਆਂਵਾਲ ਕੱਚਾ ਕੋਟ ਇਲਾਕੇ ਵਿੱਚ 1 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਤੇ ਜਲ ਸਪਲਾਈ ਦੀਆਂ ਲਾਈਨਾਂ ਵਿਛਾਈਆਂ ਜਾ ਰਹੀਆਂ ਹਨ ਅਤੇ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਇਸ ਇਲਾਕੇ ਦੀ ਸਾਰੀ ਵਸੋਂ ਨੂੰ ਵੱਡੀ ਸਹੂਲਤ ਮਿਲੇਗੀ।

ਚੇਅਰਮੈਨ ਸ੍ਰੀ ਅਸ਼ਵਨੀ ਸੇਖੜੀ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਅਮੁਰਤ ਯੋਜਨਾ ਦਾ ਵਿਸਥਾਰ ਕਰਵਾਇਆ ਹੈ, ਜਿਸ ਤਹਿਤ 50 ਕਰੋੜ ਰੁਪਏ ਹੋਰ ਖਰਚ ਕਰਕੇ ਗੇਟਾਂ ਦੇ ਅੰਦਰੂਨ ਸ਼ਹਿਰ ਵਿੱਚ ਵੀ ਸੀਵਰੇਜ ਪ੍ਰਣਾਲੀ ਨੂੰ ਦਰੁਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਹੋਰ ਵਿਕਾਸ ਕਾਰਜ ਵੀ ਤੇਜ਼ੀ ਨਾਲ ਜਾਰੀ ਹਨ ਅਤੇ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੈ ਕਿ ਇਸ ਸਾਲ ਦੇ ਅਖੀਰ ਤੱਕ ਇਹ ਸਾਰੇ ਕੰਮ ਮੁਕੰਮਲ ਹੋ ਜਾਣ।

ਇਸ ਮੌਕੇ ਸ੍ਰੀ ਸਵਰਨ ਮੁੱਢ ਸਿਟੀ ਕਾਂਗਰਸ ਪ੍ਰਧਾਨ, ਸਵਿੰਦਰ ਸਿੰਘ ਭਾਗੋਵਾਲ, ਡਿਪਟੀ ਵੋਹਰਾ, ਹੀਰਾ ਅੱਤਰੀ, ਗੁਲਜ਼ਾਰੀ ਲਾਲ ਭੱਲਾ, ਡਿੱਕੀ ਬੱਲ, ਰਾਜੇਸ਼ ਸੋਨੀ, ਡਾ. ਸਵਿੰਦਰ ਸਿੰਘ ਬਿੱਟੂ, ਦਵਿੰਦਰ ਸਿੰਘ, ਜਸਬੀਰ ਸਿੰਘ, ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਤਰਸੇਮ ਸਿੰਘ, ਬਲਵਿੰਦਰ ਸਿੰਘ, ਪਵਨਦੀਪ ਸਿੰਘ, ਹਨੀ ਸਿੰਘ, ਨਰਿੰਦਰ ਸਿੰਘ, ਸੁਖਦੇਵ ਸਿੰਘ, ਰਜੀਵ ਗਿੱਲ, ਮਨਿੰਦਰ ਸਿੰਘ, ਗੁਰਨਾਮ ਸਿੰਘ, ਹਰਚਰਨ ਸਿੰਘ, ਮਨਦੀਪ ਸਿੰਘ, ਵਿਜੇ ਅੱਤਰੀ, ਹਰਮਨਦੀਪ ਸਿੰਘ, ਲਵਪ੍ਰੀਤ ਸਿੰਘ ਅਤੇ ਬਿਕਰਮਜੀਤ ਸਿੰਘ ਵੀ ਮੌਜੂਦ ਸਨ।

Written By
The Punjab Wire