ਸਿੱਖਿਆ ਦੇ ਖੇਤਰ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ
ਕਾਦੀਆਂ, (ਗੁਰਦਾਸਪੁਰ) 21 ਅਗਸਤ ( ਮੰਨਨ ਸੈਣੀ) ।ਜਿਲਾ ਰੈੱਡ ਕਰਾਸ ਸੁਸਾਇਟੀ ਵਲੋ ਭਾਰਤ ਵਿਕਾਸ ਪ੍ਰੀਸ਼ਦ ਦੇ ਸਹਿਯੋਗ ਨਾਲ ਸਥਾਨਕ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਵਿੱਚ 35 ਦਿਵਿਆਂਗਾਂ ਨੂੰ ਟ੍ਰਾਈਸਾਈਕਲ ਵੰਡੇ ਗਏ। ਟ੍ਰਾਈਸਾਈਕਲ ਵੰਡ ਸਮਾਰੋਹ ਵਿੱਚ ਵਿਧਾਇਕ ਕਾਦੀਆਂ ਸਰੀ ਫਤਿਹਜੰਗ ਸਿੰਘ ਬਾਜਵਾ ਅਤੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ‘ਤੇ ਚੇਅਰਪਰਸਨ ਅਤੇ ਧਰਮ ਪਤਨੀ ਸ੍ਰੀਮਤੀ ਸਹਿਲਾ ਕਾਦਰੀ ਅਤੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਰਾਜੀਵ ਸਿੰਘ ਹਾਜ਼ਰ ਸਨ।
ਸਮਾਗਮ ਦੀ ਸ਼ੁਰੂਆਤ ਵਿੱਚ ਵਿਧਾਇਕ ਫਤਿਹਜੰਗ ਸਿੰਘ ਬਾਜਵਾ ,ਡੀਸੀ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਅਤੇ ਚੇਅਰਪਰਸਨ ਸਹਿਲਾ ਕਾਦਰੀ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਉੱਤਰੀ ਪੰਜਾਬ ਦੇ ਪ੍ਰਧਾਨ ਬੁੱਧੀਸ਼ ਅਗਰਵਾਲ ਅਤੇ ਜਨਰਲ ਸਕੱਤਰ ਸ਼ਿਵਰਾਜਨ ਪੁਰੀ ਵੀ ਹਾਜ਼ਰ ਸਨ।
ਇਸ ਮੌਕੇ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ, ਹਰ ਵਿਅਕਤੀ ਦੀ ਮਦਦ ਲਈ ਵਚਨਬੱਧ ਹੈ ਅਤੇ ਵਿਸ਼ੇਸ਼ ਤੌਰ ‘ਤੇ ਅੰਗਹੀਣਾਂ ਨੂੰ ਉਨ੍ਹਾਂ ਦੀ ਸਹੂਲਤ ਅਨੁਸਾਰ ਟਰਾਈਸਾਈਕਲ , ਵ੍ਹੀਲਚੇਅਰ ਵੰਡ ਕੇ ਅਤੇ ਨਕਲੀ ਅੰਗ ਲਗਾ ਕੇ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ ਉਨ੍ਹਾਂ ਦਾ ਪਹਿਲਾ ਫਰਜ਼ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਜ਼ਿਲ੍ਹੇ ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਸਾਰੇ ਅਪਾਹਜਾਂ ਦੇ ਯੂ ਡੀ ਆਈ ਡੀ ਕਾਰਡ ਬਣਾਏ ਹਨ । ਉਨ੍ਹਾਂ ਕਿਹਾ ਕਿ ਹਰ ਇੱਕ ਦਿਵਿਆਂਗ ਵਿਅਕਤੀ ਨੂੰ ਉਸ ਦੀ ਜ਼ਰੂਰਤ ਅਨੁਸਾਰ ਟ੍ਰਾਈਸਾਈਕਲ ਦਿੱਤਾ ਜਾਵੇਗਾ । ਉਨ੍ਹਾਂ ਦੱਸਿਆ ਕਿ 20 ਮਾਰਚ ਨੂੰ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਲਗਾਏ ਗਏ ਮੁਫਤ ਦਿਵਿਆਂਗ ਸਹਾਇਤਾ ਭਲਾਈ ਕੈਂਪ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਰਾਹੀਂ ਅੰਗਹੀਣਾਂ ਨੂੰ ਟਰਾਈ ਸਾਈਕਲ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਸੀ, ਅੱਜ ਉਨ੍ਹਾਂ ਨੇ ਉਹ ਵਾਅਦਾ ਪੂਰਾ ਕਰ ਦਿੱਤਾ ਹੈ। ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਕਾਦੀਆਂ ਦੀ ਟੀਮ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਵੱਲੋਂ ਵਿਸ਼ੇਸ਼ ਯਤਨ ਕਰਕੇ, ਸਮਾਜਿਕ ਸਹਾਇਤਾ ਦਿੰਦੇ ਹੋਏ, ਵੱਖ -ਵੱਖ ਪਿੰਡਾਂ ਦੇ ਅਪਾਹਜਾਂ ਦਾ ਪਤਾ ਲਗਾ ਕੇ ਅਤੇ ਉਨ੍ਹਾਂ ਦੇ ਯੂਡੀਆਈਡੀ ਕਾਰਡ ਬਣਾਉਣ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਹੈ ।ਸੰਸਥਾ ਵੱਲੋਂ ਦਿਵਿਆਂਗਾਂ ਦੀ ਸੂਚੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜੀ ਗਈ ਸੀ। ਜਿਸ ਦੇ ਆਧਾਰ ‘ਤੇ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਵੱਲੋਂ ਸਾਈਕਲ ਅਲਾਟ ਕੀਤੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣੂ ਕਰਵਾਇਆ ਗਿਆ।
ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਵੱਖ -ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਅਤੇ ਸਿੱਖਿਆ ਦੇ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਸਮਾਜ ਸੇਵਕਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸੰਸਥਾ ਦੇ ਪ੍ਰਧਾਨ ਮੁਕੇਸ਼ ਵਰਮਾ, ਜਨਰਲ ਸਕੱਤਰ ਜਸਬੀਰ ਸਿੰਘ ਸਭਰਾ ਵਿੱਤ ਸਕੱਤਰ ਪਵਨ ਕੁਮਾਰ , ਗੌਰਵ ਰਾਜਪੂਤ ਵਿਸ਼ਵ ਗੌਰਵ, ਸਰਵਣ ਸਿੰਘ, ਡਾ ਵਿਕਰਮਜੀਤ ਸਿੰਘ ਬਾਜਵਾ ਕਸ਼ਮੀਰ ਸਿੰਘ ਰਾਜਪੂਤ , ਪ੍ਰਿੰਸੀਪਲ ਸਤੀਸ਼ ਗੁਪਤਾ, ਸੰਜੀਵ ਵਿਗ, ਵਿਨੋਦ ਕੁਮਾਰ ਟੋਨੀ, ਸੰਜੀਤ ਪਾਲ ਸਿੰਘ ਸੰਧੂ, ਸੁਰਿੰਦਰ ਮੋਹਨ, ਕੰਵਰ ਪ੍ਰਤਾਪ ਸਿੰਘ ਬਾਜਵਾ , ਨੈਸ਼ਨਲ ਐਵਾਰਡੀ ਐਮ ਐਲ ਸ਼ਰਮਾ ,ਬਬੀਤਾ ਖੋਸਲਾ , ਪ੍ਰਿੰਸੀਪਲ ਸ਼ਾਲਿਨੀ ਸ਼ਰਮਾ, ਪ੍ਰਿੰਸੀਪਲ ਸੁਨੀਤਾ ਸ਼ਰਮਾ, ਅਜੇ ਕੁਮਾਰ, ਅਸ਼ੋਕ ਨਈਅਰ, ਗੁਰਪ੍ਰੀਤ ਸਿੰਘ, ਚੇਅਰਮੈਨ ਅਰੁਣ ਅਬਰੋਲ, ਜਸਬੀਰ ਸਿੰਘ ਢੀਂਡਸਾ , ਰਤਨਦੀਪ ਸਿੰਘ ਮਾਝਾ,ਦੀਪਕ ਲੱਡਾ, ਰਾਜਬੀਰ ਸਿੰਘ ਆਦਿ ਹਾਜ਼ਰ ਸਨ।