ਹੋਰ ਗੁਰਦਾਸਪੁਰ ਪੰਜਾਬ

ਕਲਾਨੌਰ ਵਿਖੇ ਵਿਸ਼ਾਲ ਰੈਲੀ ਮੌਕੇ ਸੁਚਾ ਸਿੰਘ ਲੰਗਾਹ ਨੂੰ ਪੰਥ ’ਚ ਮੁੜ ਸ਼ਾਮਿਲ ਕਰਨ ਲਈ ਸੰਗਤ ਵਲੋਂ ਮਤਾ ਪਾਸ ਕਰਦਿਆਂ ਕੀਤੀ ਗਈ ਅਪੀਲ।

ਕਲਾਨੌਰ ਵਿਖੇ ਵਿਸ਼ਾਲ ਰੈਲੀ ਮੌਕੇ ਸੁਚਾ ਸਿੰਘ ਲੰਗਾਹ ਨੂੰ ਪੰਥ ’ਚ ਮੁੜ ਸ਼ਾਮਿਲ ਕਰਨ ਲਈ ਸੰਗਤ ਵਲੋਂ ਮਤਾ ਪਾਸ ਕਰਦਿਆਂ ਕੀਤੀ ਗਈ ਅਪੀਲ।
  • PublishedAugust 13, 2021

ਸੋਨੂੰ ਲੰਗਾਹ ਦੀ ਮੀਟਿੰਗ ਗਰਮੀ ਤੇ ਤਪਸ਼ ਦੇ ਬਾਵਜੂਦ ਸੰਗਤ ਦੇ ਆਪ ਮੁਹਾਰੇ ਪਹੁੰਚਣ ਨਾਲ ਵਿਸ਼ਾਲ ਰੈਲੀ ਦਾ ਰੂਪ ਧਾਰਿਆ

ਕਲਾਨੌਰ 13 ਅਗਸਤ ( ਮੰਨਨ ਸੈਣੀ )।  ਸ਼ੁਕਰਵਾਰ ਨੂੰ ਕਲਾਨੌਰ ਵਿਖੇ ਹੋਈ ਵਿਸ਼ਾਲ ਰੈਲੀ ਦੌਰਾਨ ਸੰਗਤ ਵਲੋਂ ਇਕ ਮਤਾ ਪੇਸ਼ ਹੋਇਆ ਜਿਸ ਵਿਚ ਸੁਚਾ ਸਿੰਘ ਲੰਗਾਹ ਨੂੰ ਪੰਥ ’ਚ ਮੁੜ ਸ਼ਾਮਿਲ ਕਰਨ ਲਈ ਸ੍ਰੀ ਅਕਾਲ ਤਖਤ ਸਾਦਹਬ ਦੇ ਜਥੇਦਾਰ ਨੂੰ ਅਪੀਲ ਕੀਤੀ ਗਈ ਜਿਸ ਨੂੰ ਹਾਜਰ ਸਮੂਹ ਸੰਗਤਾਂ ਵਲੋਂ ਜੈਕਾਰਿਆਂ ਦੀ ਗੂੰਜ ਨਾਲ ਮਨਜ਼ੂਰੀ ਦਿੱਤੀ ਗਈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਵਲੋਂ ਕੀਤੀ ਜਾ ਰਹੀ ਮੀਟਿੰਗ ਗਰਮੀ ਤੇ ਤਪਸ਼ ਦੇ ਬਾਵਜੂਦ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਗਈ।

ਇਸ ਰੈਲੀ ਦੌਰਾਨ ਬਾਬਾ ਹਰਭਿੰਦਰ ਸਿੰਘ ਟਾਹਲੀ ਸਾਹਿਬ ਵੱਲੋਂ ਸੁੱਚਾ ਸਿੰਘ ਲੰਗਾਹ ਨੂੰ ਪੰਥ ’ਚ ਮੁੜ ਸ਼ਾਮਿਲ ਕਰਨ ਬਾਰੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਬੇਨਤੀ ਭਰਿਆ ਇਕ ਮਤਾ ਰੱਖਿਆ ਗਿਆ ਜਿਸ ਨੂੰ ਸੰਗਤ ਵੱਲੋਂ ਮਤੇ ’ਚ ਕਿਹਾ ਗਿਆ ਕਿ ਸੁੱਚਾ ਸਿੰਘ ਲੰਗਾਹ ਜਿਸ ਨੇ ਧਾਰਮਿਕ ਕੁਰਹਿਤ ਪ੍ਰਤੀ ਸਿੱਖ ਰਹਿਤ ਮਰ‌ਯਾਦਾ ਅਨੁਸਾਰ ਪੰਜ ਪਿਆਰੇ ਸਾਹਿਬਾਨ ਕੋਲ ਵਿਧੀਵਤ ਪੇਸ਼ ਹੋਕੇ, ਖਿਮਾ ਯਾਚਨਾ ਕਰਦਿਆਂ ਮੁੜ ਅੰਮ੍ਰਿਤਪਾਨ ਕਰ ਚੁਕਾ ਹੈ। ਉਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇਕ ਨਿਮਾਣੇ ਸਿੱਖ ਵਜੋਂ ਪੰਥ ’ਚ ਵਾਪਸੀ ਲਈ ਅਨੇਕਾਂ ਵਾਰ ਬੇਨਤੀਆਂ ਕੀਤੀਆਂ ਹਨ।  ਸੁੱਚਾ ਸਿੰਘ ਲੰਗਾਹ ਸਮੂਹ ਪਰਿਵਾਰ ਸਮੇਤ ਭੁੱਲ ਬਖ਼ਸ਼ਾਉਣ ਅਤੇ ਪੰਥ ’ਚ ਵਾਪਸੀ ਲਈ ਇਕ ਨਿਮਾਣੇ ਸਿੱਖ ਵਜੋਂ ਪਿਛਲੇ 4 ਮਹੀਨਿਆਂ ਤੋਂ ਰੋਜ਼ਾਨਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਰਨਾਗਤ ਹੋ ਰਿਹਾ ਹੈ। ਮਨੁੱਖ ਭੁੱਲਣਹਾਰ ਹੈ ਅਤੇ  ਸ੍ਰੀ ਅਕਾਲ ਤਖ਼ਤ ਸਾਹਿਬ ਗੁਰੂ ਸਾਹਿਬਾਨ ਦਾ ਬਖ਼ਸ਼ਿੰਦ ਦਰ ਹੈ। ਇਸ ਮਹਾਨ ਸੰਕਲਪ ਨੂੰ ਆਪ ਜੀ ਬਤੌਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹੈਸੀਅਤ ’ਚ ਕਈ ਵਾਰ ਦੁਹਰਾ ਚੁੱਕੇ ਹਨ। ਸੰਗਤ ਦਾ ਇਹ ਇਕੱਠ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਖਿਮਾ ਕਰਨ ਦੀ ਆਪਣੇ ’’ ਬਿਰਦ’’ ਦੀ ਲਾਜ ਰੱਖ ਦੇ ਹੋਏ ਸੁੱਚਾ ਸਿੰਘ ਲੰਗਾਹ ਨੂੰ ਗੁਰ ਮਰਯਾਦਾ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰਦਿਆਂ ਸਿੱਖ ਰਹਿਤ ਮਰਯਾਦਾ ਅਨੁਸਾਰ ਬਣਦੀ ਸਜਾ ਲਗਾ ਕੇ ਪੰਥ ’ਚ ਮੁੜ ਸ਼ਾਮਿਲ ਕਰਨ ਦੀ ਨੂੰ ਅਪੀਲ ਕਰਦਾ ਹੈ।

????????????????????????????????????

ਵੱਖ ਵੱਖ ਬੁਲਾਰਿਆਂ ਨੇ ਸੁੱਚਾ ਸਿੰਘ ਲੰਗਾਹ ਦੇ ਬਜ਼ੁਰਗ  ਮਾਤਾ ਪਿਤਾ ਵੱਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਪਣੇ ਪੁੱਤਰ ਨੂੰ ਮੁਆਫ਼ ਕਰਨ ਕੀਤੀ ਗਈ ਫ਼ਰਿਆਦ ਦੀ ਪਰੋੜ੍ਹਤਾ ਕੀਤੀ ਅਤੇ ਜ਼ਿੰਦਗੀ ਦੇ ਆਖ਼ਰੀ ਪੜਾਅ ਨੂੰ ਹੰਢਾਅ ਰਹੇ ਬਜ਼ੁਰਗ ਮਾਤਾ ਪਿਤਾ ਦੀਆਂ ਭਾਵਨਾਵਾਂ ਤੇ ਤਰਲਿਆਂ ਨੂੰ ਕਬੂਲ ਕਰਨ ਦੀ ਜਥੇਦਾਰ ਸਾਹਿਬ ਨੂੰ ਅਪੀਲਾਂ ਕੀਤੀਆਂ। ਜਥੇ: ਵੱਸਣ ਸਿੰਘ ਜ਼ਫਰਵਾਲ ਨੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਸਿੱਖ ਰਹਿਤ ਮਰਯਾਦਾ ਪ੍ਰਤੀ ਪੂਰਨ ਬੋਧ ਹੋਣ ਦੇ ਬਾਵਜੂਦ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸ਼ਰਨ ਆਏ ਸ਼ਰਨਾਗਤ ਸੁੱਚਾ ਸਿੰਘ ਲੰਗਾਹ ਦੀ ਖਿਮਾ ਯਾਚਨਾ ਪ੍ਰਤੀ ਧਾਰਮਿਕ ਮਰਯਾਦਾ ਮੁਤਾਬਿਕ ਵਿਚਾਰ ਨਾ ਹੋਣ ਦੇਣ ਪਿੱਛੇ ਪੰਥ ਵਿਰੋਧੀ ਤਾਕਤਾਂ ਤੇ ਏਜੰਸੀਆਂ ਦਾ ਹੱਥ ਹੋਣ ਦੀ ਸੰਭਾਵਨਾ ਜਤਾਈ। ਉਨ੍ਹਾਂ ਕਿਹਾ ਕਿ ਏਜੰਸੀਆਂ ਤੇ ਪੰਥ ਵਿਰੋਧੀ ਤਾਕਤਾਂ ਇਹ ਨਹੀਂ ਚਾਹੁੰਦੀਆਂ ਕਿ ਸਿੱਖਾਂ ਦਾ ਇਕ ਕਦਾਵਰ ਆਗੂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਦਾ ਮੈਂਬਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਅਤੇ ਤਖ਼ਤ ਸਾਹਿਬ ਦੀ ਸਰਵਉੱਚਤਾ ਇਕ ਵਾਰ ਫਿਰ ਦੁਨੀਆ ਸਾਹਮਣੇ ਆਵੇ।  ਇਤਿਹਾਸ ਗਵਾਹ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ’ਤੋਂ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਦੋਸ਼ ਬਦਲੇ  ਧਾਰਮਿਕ ਸਜਾ ਸੁਣਾਈ ਗਈ। ਜੂਨ ’84 ਦੇ ਘੱਲੂਘਾਰੇ ਪਿੱਛੋਂ ਦੇਸ਼ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ, ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਅਤੇ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੂੰ ਤਨਖ਼ਾਹ ਲਾ ਕੇ ਮੁਆਫ਼ੀ ਦਿੱਤੀ ਗਈ।

ਉਨ੍ਹਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੁੱਚਾ ਸਿੰਘ ਲੰਗਾਹ ਦੇ ਮਾਮਲੇ ’ਤੇ ਕਿਸੇ ਵੀ ਸਿਆਸੀ ਦਬਾਅ ’ਚ ਨਾ ਆਉਣ ਅਤੇ ਸਿੱਖ ਰਹਿਤ ਮਰਯਾਦਾ ਅਤੇ ਸਿੱਖੀ ਪਰੰਪਰਾਵਾਂ ਨੂੰ ਬਹਾਲ ਰੱਖਣ ਦੀ ਅਪੀਲ ਕੀਤੀ।  ਸਰਕਲ ਪ੍ਰਧਾਨ ਡਾ: ਤਰਲੋਚਨ ਸਿੰਘ ਘੁੰਮਣ ਨੇ ਪੰਥ ਅਤੇ ਪੰਜਾਬ ਦੇ ਹੱਕਾਂ ਹਿਤਾਂ ਲਈ 100 ਸਾਲ ਪਹਿਲਾਂ ਅਨੇਕਾਂ ਸ਼ਹਾਦਤਾਂ ਨਾਲ ਹੋਂਦ ’ਚ ਆਏ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਗਰੁੱਪਾਂ ’ਚ ਏਕਤਾ ਕਰਾਉਣ ਪ੍ਰਤੀ ਆਪਣੀ ਅਹਿਮ ਤੇ ਇਤਿਹਾਸਕ ਭੂਮਿਕਾ ਅਦਾ ਕਰਨ ਦੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ। ਇਸ ਮੌਕੇ ਬਾਬਾ ਸ਼ਿਵਜੀ ਬੋਹੜੀ ਵਾਲੇ, ਜਥੇਦਾਰ ਬਲਬੀਰ ਸਿੰਘ ਰਾਏ ਚੱਕ, ਚੇਅਰਮੈਨ ਬਲਜੀਤ ਸਿੰਘ ਅਵਾਣ , ਅਵਤਾਰ ਸਿੰਘ ਮਾਹਲ, ਡਾ: ਤਰਲੋਚਨ ਸਿੰਘ ਘੁੰਮਣ, ਕੁਲਜੀਤ ਸਿੰਘ ਮਝੈਲ, ਬਾਬਾ ਤਜਿੰਦਰ ਸਿੰਘ ਟਾਬਾਂ ਵਾਲਾ, ਅਸ਼ੋਕ ਮਸੀਹ ਨੇ ਵੀ ਸੰਬੋਧਨ ਕੀਤਾ। 

Written By
The Punjab Wire