ਡਿਪਟੀ ਕਮਿਸ਼ਨਰ ਵਲੋਂ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਦਾ ਉਦਘਾਟਨ
ਹਰ ਮੰਗਲਵਾਰ ਗੁਰਦਾਸਪੁਰ ਅਤੇ ਬਟਾਲਾ ਵਿਖੇ ਲੱਗਣਗੇ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਕੈਂਪ
ਗੁਰਦਾਸਪੁਰ, 22 ਜੂਨ ( ਮੰਨਨ ਸੈਣੀ ) ਸਲੱਮ ਏਰੀਆ ਗੁਰਦਾਸਪੁਰ ਅਤੇ ਬਟਾਲਾ ਵਿਚ ਰਹਿ ਰਹੇ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਉਨਾਂ ਦੇ ਘਰਾਂ ਤਕ ਸਿਹਤ ਸੇਵਾਵਾਂ ਪੁਜਦਾ ਕੀਤੀਆਂ ਗਈਆਂ ਹਨ। ਜਿਸ ਦੇ ਚੱਲਦਿਆਂ ਅੱਜ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਸਲੱਮ ਏਰੀਆ (ਢਾਬ) ਵਾਰਡ ਨੰਬਰ 10 ਗੁਰਦਾਸਪੁਰ ਵਿਖੇ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ ਹੈ, ਜਿਸ ਵਿਚ ਡਾਕਟਰਾਂ ਵਲੋਂ ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ ਅਤੇ ਮਰੀਜਾਂ ਨੂੰ ਦਵਾਈਆਂ ਵੰਡੀਆਂ ਗਈਆਂ। ਉਨਾਂ ਅੱਗੇ ਦੱਸਿਆ ਕਿ ਜੇਕਰ ਕਿਸੇ ਮਰੀਜ਼ ਦਾ ਟੈਸਟ ਆਦਿ ਦੀ ਲੋੜ ਹੋਈ ਤਾਂ ਸਿਵਲ ਹਸਪਤਾਲ ਵਿਚੋਂ ਕੀਤਾ ਜਾਵੇਗਾ ਅਤੇ ਜੇਕਰ ਕਿਸੇ ਪੀੜਤ ਨੂੰ ਸਰਕਾਰੀ ਹਸਪਤਾਲਾਂ ਵਿਚ ਟੈਸਟਾਂ ਤੋਂ ਇਲਾਵਾ ਹੋਰ ਕੋਈ ਦਵਾਈ ਜਾਂ ਟੈਸਟ ਦੀ ਲੋੜ ਪਵੇਗੀ ਤਾਂ ਜਿਲਾ ਰੈੱਡ ਕਰਾਸ ਸੁਸਾਇਟੀ ਵਲੋਂ ਉਸਦੀ ਮਦਦ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਗੁਰਦਾਸਪੁਰ ਤੋਂ ਇਲਾਵਾ ਬਟਾਲਾ ਸਲੱਮ ਏਰੀਆ ਵਿਖੇ ਵੀ ਲੋਕਾਂ ਦੀ ਸਹੂਲਤ ਲਈ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ ਹੈ, ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨਾਂ ਦੱਸਿਆ ਕਿ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹਰ ਮੰਗਲਵਾਰ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਜਾਵੇਗਾ।
ਇਸ ਤੋਂ ਪਹਿਲਾਂ ਉਨਾਂ ਸਲੱਮ ਏਰੀਆਂ ਦਾ ਦੋਰਾ ਕੀਤਾ ਅਤੇ ਝੁੱਗੀਆਂ-ਝੋਪੜੀਆਂ ਵਿਚ ਰਹਿ ਰਹੇ ਵਾਸੀਆਂ ਨਾਲ ਗੱਲਬਾਤ ਕਰਕੇ ਉਨਾਂ ਦੀਆਂ ਮੁਸ਼ਕਿਲਾਂ ਸੁਣੀਆਂ। ਉਨਾਂ ਦੱਸਿਆ ਕਿ ਜਲਦ ਹੀ ਪੰਜਾਬ ਸਰਕਾਰੀ ਦੀ ਪਾਲਿਸੀ ਤਹਿਤ ਝੁੱਗੀਆਂ-ਝੋਪੀਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਮਾਲਕਾਨਾ ਹੱਕ ਦਿੱਤੇ ਜਾਣਗੇ ਤਾਂ ਜੋ ਉਹ ਆਪਣੇ ਮਕਾਨਾਂ ਦੀ ਉਸਾਰੀ ਕਰ ਸਕਣ, ਜਿਸ ਲਈ ਉਨਾਂ ਦੀ ਮਦਦ ਕੀਤੀ ਜਾਵੇਗੀ।
ਇਸ ਮੌਕੇ ਅਰਸ਼ਦੀਪ ਸਿੰਘ ਲੁਬਾਣਾ ਐਸ.ਡੀ.ਐਮ ਗੁਰਦਾਸਪੁਰ, ਡਾ. ਸੁਰਿੰਦਰ ਕੋਰ ਪਨੂੰ ਸਮਾਜ ਸੇਵੀ, ਮੋਹਿਤ ਮਹਾਜਨ ਚੇਅਰਮੈਨ ਗੋਲਡ ਗਰੁੱਪ ਆਫ ਇੰਸਟੀਚਿਊਟ, ਡਾ. ਚੇਤਨਾ ਐਸ.ਐਮ.ਓ ਗੁਰਦਾਸਪੁਰ, ਰਾਜੀਵ ਕੁਮਾਰ ਸੈਕਰਟਰੀ ਜਿਲਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਵੀ ਮੋਜੂਦ ਸਨ।