Close

Recent Posts

CORONA ਗੁਰਦਾਸਪੁਰ ਪੰਜਾਬ

ਵੈਕਸੀਨ ਲਗਾਉਣ ਲਈ ਡੀਸੀ ਨੇ ਘਰ-ਘਰ ਜਾ ਕੇ ਲੋਕਾਂ ਨੂੰ ਕੀਤੀ ਅਪੀਲ

ਵੈਕਸੀਨ ਲਗਾਉਣ ਲਈ ਡੀਸੀ ਨੇ ਘਰ-ਘਰ ਜਾ ਕੇ ਲੋਕਾਂ ਨੂੰ ਕੀਤੀ ਅਪੀਲ
  • PublishedJune 22, 2021

ਗੁਰਦਾਸਪੁਰ ਸ਼ਹਿਰ ਨੂੰ 100 ਫੀਸਦ ਵੈਕਸੀਨੇਸ਼ਨ ਪੂਰਾ ਕਰਨ ਲਈ ਸ਼ਹਿਰ ਵਾਸੀਆਂ ਨੂੰ ਅਪੀਲ 

ਗੁਰਦਾਸਪੁਰ, 22 ਜੂਨ ( ਮੰਨਨ ਸੈਣੀ )। ਜ਼ਿਲਾ ਵਾਸੀਆਂ ਨੂੰ ਕੋਵਿਡ ਵਿਰੋਧੀ ਵੈਕਸੀਨ ਲਗਾਉਣ ਲਈ ਵਿੱਢੀ ਗਈ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਪਿੰਡਾਂ ਤੇ ਸ਼ਹਿਰਾਂ ਅੰਦਰ ਵਿਸ਼ੇਸ ਅਭਿਆਨ ਚਲਾਇਆ ਜਾ ਰਿਹਾ ਹੈ। ਜਿਸ ਦੇ ਚੱਲਦਿਆਂ ਅੱਜ ਡਿਪਟੀ ਕਮਿਸ਼ਨਰ ਵਲੋਂ ਸ੍ਰੀ ਕ੍ਰਿਸ਼ਨਾ ਮੰਦਿਰ (ਮੰਡੀ) ਦੇ ਪਿਛਲੇ ਪਾਸੇ ਵਾਰਡ ਨੰਬਰ 13 ਤੇ 15 ਅੰਦਰ ਘਰ-ਘਰ ਜਾ ਕੇ ਲੋਕਾਂ ਨੂੰ ਵੈਕਸੀਨ ਲਗਾਉਣ ਦੀ ਅਪੀਲ ਕੀਤੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵੈਕਸੀਨ ਲਗਾਉਣ ਤੋਂਂ ਬਾਅਦ ਕੋਰੋਨਾ ਬਿਮਾਰੀ ਦੇ ਮਾੜੇ ਪ੍ਰਭਾਵਾਂ ਤੋਂ ਬਚਿਆ ਜਾ ਸਕਦਾ ਹੈ ਅਤੇ ਜੋ ਵਿਅਕਤੀ ਗੰਭੀਰ ਬਿਮਾਰੀਆਂ ਨਾਲ ਪੀੜਤ ਹਨ, ਜਿਵੇਂ ਸ਼ੂਗਰ, ਦਿਲ ਦੀ ਬਿਮਾਰੀ, ਕਿਡਨੀ ਦੀ ਸਮੱਸਿਆ ਜਾਂ ਕੈਂਸਰ ਆਦਿ ਨਾਲ ਪੀੜਤ ਹਨ ਉਨਾਂ ਲੋਕਾਂ ਨੂੰ ਵੈਕਸੀਨ ਤੁਰੰਤ ਲਗਾਉਣੀ ਚਾਹੀਦੀ ਹੈ, ਕਿਉਂਕਿ ਕੋੋਰੋਨਾ ਅਜਿਹੇ ਪੀੜਤਾਂ ਨੂੰ ਜਲਦ ਆਪਣੀ ਲਪੇਟ ਵਿਚ ਲੈਂਦਾ ਹੈ।

ਉਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ, ਆਪਣੇ ਪਰਿਵਾਰ ਤੇ ਜ਼ਿਲੇ ਦੀ ਭਲਾਈ ਲਈ ਵੈਕਸੀਨ ਜਰੂਰ ਲਗਾਉਣ। ਉਨਾਂ ਦੱਸਿਆ ਕਿ ਜਦ ਜਿਲੇ ਅੰਦਰ 2 ਫਰਵਰੀ ਨੂੰ ਵੈਕਸੀਨ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਸੀ ਤਾਂ ਉਨਾਂ ਨੇ ਸਭ ਤੋਂ ਪਹਿਲਾਂ ਵੈਕਸੀਨ ਲਗਵਾਈ ਸੀ। 

ਇਸ ਮੋਕੇ ਡਿਪਟੀ ਕਮਿਸ਼ਨਰ ਉਨਾਂ ਘਰਾਂ ਵਿਚ ਗਏ, ਜਿਨਾਂ ਵਲੋਂ ਅਜੇ ਤਕ ਵੈਕਸੀਨ ਨਹੀਂ ਲਗਾਈ ਗਈ ਸੀ। ਉਨਾਂ ਕਿਹਾ ਕਿ ਕੋੋਰੋਨਾ ਬਿਮਾਰੀ ਤੋਂ ਬਚਣ ਲਈ ਵੈਕਸੀਨ ਜਰੂਰ ਲਗਾਈ ਜਾਵੇ ਅਤੇ ਸ਼ਾਮ 8 ਵਜੇ ਤਕ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਵੈਕਸੀਨ ਲਗਾਈ ਜਾਵੇਗੀ। ਕੁਝ ਘਰਾਂ ਵਾਲਿਆਂ ਦੱਸਿਆ ਕਿ ਉਨਾਂ ਦੇ ਪਰਿਵਾਰ ਦੇ ਕੁਝ ਮੈਂਬਰ ਬਾਹਰ ਕੰਮ ਕਰਨ ਗਏ ਹਨ ਅਤੇ ਸ਼ਾਮ ਨੂੰ ਕੰਮ ਤੋਂ ਵਾਪਸ ਆਉਣ ’ਤੇ ਵੈਕਸੀਨ ਲਗਾਉਣਗੇ। ਦੱਸਣਯੋਗ ਹੈ ਕਿ 18 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ ਸਾਰੇ ਵਿਅਕਤੀਆਂ ਦੀ ਵੈਕਸ਼ੀਨੇਸ਼ਨ ਕੀਤੀ ਜਾ ਰਹੀ ਹੈ।

ਇਸ ਤੋਂ ਉਪਰੰਤ ਡਿਪਟੀ ਕਮਿਸ਼ਨਰ ਵਲੋਂ ਸਿਹਤ ਅਧਿਕਾਰੀਆਂ, ਬੀ.ਐਲ.ਓਜ਼ ਅਤੇ ਸੈਕਟਰ ਅਫਸਰ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਰੁਟੀਨ ਵਿਚ ਲੱਗ ਰਹੇ ਵੈਕਸੀਨੇਸ਼ਨ ਕੈਂਪਾਂ ਤੋਂ ਇਲਾਵਾ ਵਿਸ਼ੇਸ ਕੈਂਪ ਲਗਾਏ ਜਾਣ ਅਤੇ ਸਵੇਰੇ ਅਤੇ ਸ਼ਾਮ ਲਈ ਵੱਖੋ-ਵੱਖਰੀਆਂ ਵੈਕਸੀਨੇਸ਼ਨ ਟੀਮਾਂ ਦਾ ਗਠਨ ਕੀਤਾ ਜਾਵੇ, ਤਾਂ ਜੋ ਵਿਅਕਤੀ ਆਪਣੀ ਸਹੂਲਤ ਅਨੁਸਾਰ ਆਪਣਾ ਟੀਕਾ ਲਗਵਾ ਸਕਣ। ਉਨਾਂ ਬੀ.ਐਲ.ਓਜ਼ ਨੂੰ ਕਿਹਾ ਕਿ ਉਹ ਵੈਕਸੀਨ ਨਾ ਲਗਾਉਣ ਵਾਲੇ ਵਿਅਕਤੀਆਂ (18 ਸਾਲ ਤੋਂ ਉੱਪਰ ਵਾਲੇ ਸਾਰੇ ਵਿਅਕਤੀ) ਦੀ ਸੂਚੀ ਬਣਾਉਣ ਅਤੇ ਉਨਾਂ ਦੇ ਘਰਾਂ ਤਕ ਪਹੁੰਚ ਕਰਕੇ ਸਿਹਤ ਵਿਭਾਗ ਦੀ ਟੀਮ ਨਾਲ ਜਾ ਕੇ ਵੈਕਸੀਨੇਸ਼ਨ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਲਦ ਹੀ ਸਾਰਿਆਂ ਦੇ ਸਹਿਯੋਗ ਨਾਲ ਗੁਰਦਾਸਪੁਰ ਸ਼ਹਿਰ ਨੂੰ ਨਾ ਕੇਵਲ ਪੰਜਾਬ ਬਲਕਿ ਦੇਸ਼ ਦਾ ਪਹਿਲਾ 100 ਫੀਸਦ ਵੈਕਸੀਨੇਸ਼ਨ ਮੁਕੰਮਲ ਕਰਨ ਵਾਲਾ ਸ਼ਹਿਰ ਬਣਾਇਆ ਜਾਵੇਗਾ।

ਇਸ ਮੌਕੇ ਅਰਸ਼ਦੀਪ ਸਿੰਘ ਲੁਬਾਣਾ ਐਸ.ਡੀ.ਐਮ ਗੁਰਦਾਸਪੁਰ, ਡਾ. ਹਰਭਜਨ ਰਾਮ ਸਿਵਲ ਸਰਜਨ, ਡਾ. ਅਰਵਿੰਦ ਮਨਚੰਦਾ ਜ਼ਿਲ੍ਹਾ ਟੀਕਾਕਰਨ ਅਫਸਰ, ਡਾ. ਚੇਤਨਾ ਐਸ.ਐਮ.ਓ ਆਦਿ ਮੋਜੂਦ ਸਨ।

Written By
The Punjab Wire