Close

Recent Posts

CORONA ਗੁਰਦਾਸਪੁਰ ਪੰਜਾਬ

ਡਿਪਟੀ ਕਮਿਸ਼ਨਰ ਵਲੋਂ ਜ਼ਿਲਾ ਵਾਸੀਆਂ ਨੂੰ ਅਪੀਲ, ਜਨਮ ਦਿਨ, ਵਿਆਹ ਦੀ ਵਰੇ੍ਹਗੰਢ ਜਾਂ ਵਿਆਹ ਆਦਿ ਮੌਕੇ ‘ਕੋਵਿਡ ਰਾਹਤ ਫੰਡ’ ਵਿਚ ਕਰਨ ਦਾਨ

ਡਿਪਟੀ ਕਮਿਸ਼ਨਰ ਵਲੋਂ ਜ਼ਿਲਾ ਵਾਸੀਆਂ ਨੂੰ ਅਪੀਲ, ਜਨਮ ਦਿਨ, ਵਿਆਹ ਦੀ ਵਰੇ੍ਹਗੰਢ ਜਾਂ ਵਿਆਹ ਆਦਿ ਮੌਕੇ ‘ਕੋਵਿਡ ਰਾਹਤ ਫੰਡ’ ਵਿਚ ਕਰਨ ਦਾਨ
  • PublishedJune 4, 2021

‘ਕੋਵਿਡ ਰਾਹਤ ਫੰਡ’ ਰਾਹੀਂ ਕੋਵਿਡ ਪੀੜਤ ਲੋੜਵੰਦ ਲੋਕਾਂ ਦੀ ਕੀਤੀ ਜਾ ਰਹੀ ਆਰਥਿਕ ਮਦਦ-41 ਪੀੜਤਾਂ ਨੂੰ 1 ਲੱਖ 53 ਹਜਾਰ ਰੁਪਏ ਦੀ ਕੀਤੀ ਜਾ ਚੁੱਕੀ ਹੈ ਵਿੱਤੀ ਸਹਾਇਤਾ

ਦੀ ਪੰਜਾਬ ਵਾਇਰ ਡਾਟ ਕਾਮ ਵਲੋਂ ‘ਕੋਵਿਡ ਰਾਹਤ ਫੰਡ’ ਵਿਚ ਕੀਤੀ ਗਈ ਰਾਸ਼ੀ ਭੇਂਟ

ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣ ਇਸ ਸੰਕਟ ਦੀ ਘੜੀ ਵਿਚ ਵੱਧ ਤੋਂ ਵੱਧ ਸਹਿਯੋਗ ਦੇਣ

ਗੁਰਦਾਸਪੁਰ, 4 ਜੂਨ ( ਮੰਨਨ ਸੈਣੀ)। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਰੋਨਾ ਬਿਮਾਰੀ ਨਾਲ ਪੀੜਤਾਂ ਦਾ ਇਲਾਜ ਕਰਨ ਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਦੇਣ ਦੇ ਨਾਲ ਪੀੜਤਾਂ ਦੀ ਸੰਭਾਲ ਕਰਨ ਵਾਲਿਆਂ ਦੀ ਆਰਥਿਕ ਤੌਰ ’ਤੇ ਮਦਦ ਵੀ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਜ਼ਿਲਾ ਰੈੱਡ ਕਰਾਸ ਰਾਹੀਂ ਕੋਵਿਡ ਪੀੜਤ ਦੇ ਪਰਿਵਾਰਕ ਮੈਂਬਰਾਂ ਦੀ ‘ਕੋਵਿਡ ਰਾਹਤ ਫੰਡ’ ਰਾਹੀਂ ਵਿੱਤੀ ਮਦਦ ਕੀਤੀ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿਖੇ ਕੋਵਿਡ ਪੀੜਤਾਂ ਦਾ ਇਲਾਜ ਮੁਫਤ ਚੱਲ ਰਿਹਾ ਹੈ ਪਰ ਕਮਜੋਰ ਵਰਗ ਦੇ ਲੋਕ ਖਾਸਕਰਕੇ ਦਿਹਾੜੀਦਾਰ ਟੈਸਟ ਕਰਵਾਉਣ ਲਈ ਕਤਰਾਉਂਦੇ ਹਨ ਕਿ ਜੇਕਰ ਉਹ ਬਿਮਾਰੀ ਤੋਂ ਪ੍ਰਭਾਵਿਤ ਹੋਏ ਤਾਂ ਉਨਾਂ ਨੂੰ ਹਸਪਤਾਲ ਦਾਖਲ ਹੋਣਾ ਪਵੇਗਾ ਤੇ ਮਗਰ ਪਰਿਵਾਰ ਦਾ ਗੁਜਾਰਾ ਕਿਵੇਂ ਚੱਲੇਗਾ। ਜਿਸ ਨੂੰ ਮੁਖਦਿਆਂ ਜ਼ਿਲ੍ਹਾ ਰੈੱਡ ਕਰਾਸ ਰਾਹੀਂ ਉਨਾਂ ਦੇ ਅਟੈਂਡਟਾਂ ਦੀ ਵਿੱਤੀ ਮਦਦ ਕੀਤੀ ਜਾ ਰਹੀ ਹੈ। ਜ਼ਿਲੇ ਵਿਚ ਦਾਖਲ ਲੋੜਵੰਦ ਪੀੜਤ ਦੀ ਦੇਖਭਾਲ ਕਰਨ ਵਾਲੇ ਨੂੰ ਰੋਜ਼ਾਨਾ 500 ਰੁਪਏ, ਜਿਲੇ ਤੋਂ ਬਾਹਰ ਦਾਖਲ ਪੀੜਤ ਦੇ ਅਟੈਂਡਟ ਨੂੰ 1 ਹਜਾਰ ਰੁਪਏ ਅਤੇ ਆਈ.ਸੀ.ਯੂ ਵਿਚ ਦਾਖਲ ਅਟੈਂਡਟ ਨੂੰ 2 ਹਜਾਰ ਰੁਪਏ ਦੀ ਵਿੱਤੀ ਮਦਦ ਕੀਤੀ ਜਾਂਦੀ ਹੈ। ਇਹ ਰਾਸ਼ੀ 10 ਦਿਨ ਤਕ ਪ੍ਰਦਾਨ ਕੀਤੀ ਜਾਂਦੀ ਹੈ। ਜਿਲਾ ਰੈੱਡ ਕਰਾਸ ਸੁਸਾਇਟੀ ਵਲੋਂ 04 ਜੂਨ ਤਕ 41 ਪੀੜਤਾਂ ਨੂੰ 1 ਲੱਖ 53 ਹਜਾਰ 250 ਰੁਪਏ ਦੀ ਮਦਦ ਕੀਤੀ ਜਾ ਚੁੱਕੀ ਹੈ।

ਡਿਪਟੀ ਕਮਿਸ਼ਨਰ ਨੇ ਮਨੁੱਖਤਾ ਦੀ ਭਲਾਈ ਲਈ ‘ਕੋਵਿਡ ਰਾਹਤ ਫੰਡ’ ਵਿਚ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਨੂੰ ਅੱਗੇ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਲੋੜਵੰਦ ਲੋਕਾਂ ਦੀ ਮਦਦ ਲਈ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ ਅਤੇ ਨਾਲ ਹੀ ਉਨਾਂ ਜ਼ਿਲਾ ਵਾਸੀਆਂ ਨੂੰ ਕਿਹਾ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਜਨਮ ਦਿਨ, ਵਿਆਹ ਦੀ ਵਰੇ੍ਹਗੰਢ ਜਾਂ ਵਿਆਹ ਆਦਿ ਦੇ ਮੌਕੇ ਨੂੰ ਹੋਰ ਸਾਰਥਕ ਤੇ ਯਾਦਗਾਰ ਬਣਾਉਣ ਲਈ ‘ਕੋਵਿਡ ਰਾਹਤ ਫੰਡ’ ਵਿਚ ਦਾਨ ਕਰਨ ਤਾਂ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾ ਸਕੇ ਅਤੇ ਇਸ ਸੰਕਟ ਦੀ ਘੜੀ ਵਿਚ ਆਪਸੀ ਸਹਿਯੋਗ ਨਾਲ ਬਿਮਾਰੀ ਵਿਰੁੱਧ ਫਤਿਹ ਹਾਸਲ ਕੀਤੀ ਜਾਵੇ।

ਦੱਸਣਯੋਗ ਹੈ ਕਿ ਗੁਰਦਾਸਪੁਰ ਤੋਂ ਦੀ ਪੰਜਾਬ ਵਾਇਰ ਡਾਟ ਕਾਮ ਦੇ ਪੱਤਰਕਾਰ ਵਲੋਂ ਆਪਣੀ ਪਤਨੀ ਦੇ ਜਨਮ ਦਿਨ ਮੌਕੇ ‘ਕੋਵਿਡ ਰਾਹਤ ਫੰਡ’ ਵਿਚ 5 ਹਜ਼ਾਰ ਰੁਪਏ ਦਾ ਯੋਦਗਾਨ ਪਾਇਆ ਗਿਆ ਹੈ।

ਚਾਹਵਾਨ ਦਾਨੀ ਸੱਜਣ ਜਿਲਾ ਰੈੱਡ ਕਰਾਸ ਦਫਤਰ ਗੁਰਦਾਸਪੁਰ ਵਿਖੇ ਆ ਕੇ ਜਾਂ ਸੈਕਰਟਰੀ ਜ਼ਿਲ੍ਹਾ ਰੈੱਡ ਕਰਾਸ ਸ੍ਰੀ ਰਾਜੀਵ ਕੁਮਾਰ ਦੇ ਮੋਬਾਇਲ ਨੰਬਰ 62831-14877 ’ਤੇ ਸੰਪਰਕ ਕਰ ਸਕਦੇ ਹਨ।

Written By
The Punjab Wire