CORONA ਦੇਸ਼ ਪੰਜਾਬ ਮੁੱਖ ਖ਼ਬਰ

ਕੋਵਿਡ -19 ਦੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ 9 ਫਰਵਰੀ ਤੋਂ ਖੁੱਲਣਗੇ ਮੈਰੀਟੋਰੀਅਸ ਸਕੂਲ: ਵਿਜੈ ਇੰਦਰ ਸਿੰਗਲਾ

ਕੋਵਿਡ -19 ਦੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ 9 ਫਰਵਰੀ ਤੋਂ ਖੁੱਲਣਗੇ ਮੈਰੀਟੋਰੀਅਸ ਸਕੂਲ: ਵਿਜੈ ਇੰਦਰ ਸਿੰਗਲਾ
  • PublishedFebruary 6, 2021

ਪਿਛਲੇ ਸਾਲ ਕੋਰੋਨਾ ਮਹਾਂਮਾਰੀ ਕਾਰਨ ਨਹੀਂ ਹੋ ਸਕੀ ਸੀ ਮੈਰੀਟੋਰੀਅਸ ਸਕੂਲਾਂ ਵਿਚ ਦਾਖਲਾ ਪ੍ਰੀਖਿਆ

ਪਹਿਲਾਂ ਤੋਂ ਰਜਿਸਟਰਡ ਵਿਦਿਆਰਥੀ ਹੁਣ ਐਂਟਰੈਂਸ ਟੈਸਟ ਤੋਂ ਬਾਅਦ ਮੈਰੀਟੋਰੀਅਸ ਸਕੂਲਾਂ ‘ਚ ਲੈ ਸਕਣਗੇ 12ਵੀਂ ਜਮਾਤ ਵਿਚ ਦਾਖਲਾ :ਸਕੂਲ ਸਿੱਖਿਆ ਮੰਤਰੀ

ਚੰਡੀਗੜ, 06 ਫਰਵਰੀ: ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਨੂੰ ਪੜਾਅਵਾਰ ਢੰਗ ਨਾਲ ਮੁੜ ਖੋਲਣ ਤੋਂ ਬਾਅਦ ਹੁਣ ਅੰਮਿ੍ਰਤਸਰ, ਬਠਿੰਡਾ, ਜਲੰਧਰ, ਲੁਧਿਆਣਾ, ਪਟਿਆਲਾ, ਮੁਹਾਲੀ, ਗੁਰਦਾਸਪੁਰ, ਫਿਰੋਜ਼ਪੁਰ, ਸੰਗਰੂਰ ਅਤੇ ਤਲਵਾੜਾ (ਹੁਸ਼ਿਆਰਪੁਰ) ਵਿਖੇ ਸਥਿਤ ਰੈਜ਼ੀਡੈਂਸ਼ੀਅਲ ਮੈਰੀਟੋਰੀਅਸ ਸਕੂਲ 9 ਫਰਵਰੀ ਤੋਂ ਖੋਲਣ ਦਾ ਫੈਸਲਾ ਕੀਤਾ ਹੈ।

ਸੂਬੇ ਦੇ ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਸੰਕਟਕਾਲੀ ਦੌਰ ਕਾਰਨ ਮੈਰੀਟੋਰੀਅਸ ਸਕੂਲ ਕੋਵਿਡ ਕੇਅਰ ਸੈਂਟਰਾਂ ਵਿੱਚ ਤਬਦੀਲ ਕੀਤੇ ਗਏ ਸਨ ਅਤੇ ਸੈਂਕੜੇ ਕੋਵਿਡ ਪਾਜ਼ੇਟਿਵ ਮਰੀਜ਼ਾਂ ਨੂੰ ਉੱਥੇ ਕੁਅਰੰਟਾਈਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਹਾਲਾਤ ਸੁਧਰਨ ਤੋਂ ਬਾਅਦ ਇਨ੍ਹਾਂ ਸਕੂਲਾਂ ਨੂੜ ਮੁੜ ਤੋਂ ਖੋਲ੍ਹਿਆ ਜਾ ਰਿਹਾ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਇਹ ਰੈਜ਼ੀਡੈਂਸ਼ੀਅਲ ਸਕੂਲ “ਸੁਸਾਇਟੀ ਫਾਰ ਪ੍ਰਮੋਸ਼ਨ ਆਫ ਕੁਆਲਟੀ ਐਜੂਕੇਸ਼ਨ ਫਾਰ ਪੂਅਰ ਐਂਡ ਮੈਰੀਟੋਰੀਅਸ ਸਟੂਡੈਂਟਸ ਆਫ ਪੰਜਾਬ ’’ ਦੀ ਸਰਪ੍ਰਸਤੀ ਹੇਠ ਚਲਾਏ ਜਾ ਰਹੇ ਹਨ ਤਾਂ ਜੋ ਹੋਣਹਾਰ ਵਿਦਿਆਰਥੀਆਂ ਵਿਸ਼ੇਸ਼ ਕਰਕੇ ਮੈਡੀਕਲ ਅਤੇ ਇੰਜੀਨੀਅਰਿੰਗ ਸੰਸਥਾਵਾਂ ਵਿੱਚ ਦਾਖਲਾ ਲੈਣ ਲਈ ,ਮੁਕਾਬਲਾ ਪ੍ਰੀਖਿਆਵਾਂ ਨੂੰ ਪਾਸ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਬੋਰਡਿੰਗ ਅਤੇ ਠਹਿਰਣ ਸਬੰਧੀ ਸਹੂਲਤਾਂ ਸਮੇਤ ਮੁਫ਼ਤ ਸਿੱਖਿਆ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਉਨਾਂ ਅੱਗੇ ਕਿਹਾ ਕਿ ਇਨਾਂ ਸਕੂਲਾਂ ਨੂੰ ਮੁੜ ਖੋਲਣ ਦੇ ਫੈਸਲੇ ਤੋਂ ਬਾਅਦ ਵਿਦਿਆਰਥੀਆਂ, ਅਧਿਆਪਕਾਂ, ਮੈੱਸ, ਕੰਟੀਨ ਵਰਕਰਾਂ ਲਈ ਕੋਵਿਡ-19 ਦੇ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਮਹਾਂਮਾਰੀ ਦੇ ਮੱਦੇਨਜ਼ਰ ਗਿਆਰਵੀਂ ਜਮਾਤ ਵਿੱਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਲਈ ਪਿਛਲੇ ਸਾਲ ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲਾ ਪ੍ਰੀਖਿਆ ਨਹੀਂ ਕਰਵਾਈ ਗਈ ਸੀ।

“ਪੰਜਾਬ ਸਰਕਾਰ ਨੇ ਵਿਦਿਆਰਥੀਆਂ ਦੀ ਮੰਗ ਨੂੰ ਸੁਹਿਰਦਤਾ ਨਾਲ ਵਿਚਾਰਦਿਆਂ ਸਰਕਾਰੀ ਸਕੂਲਾਂ ਵਿਚ ਪੜ੍ਹਦੇ 11ਵੀਂ ਜਮਾਤ ਦੇ ਉਹਨਾਂ ਵਿਦਿਆਰਥੀਆਂ ਨੂੰ ਇੱਕ ਮੌਕਾ ਦੇਣ ਦਾ ਫੈਸਲਾ ਕੀਤਾ ਹੈ, ਜਿਨਾਂ ਨੇ ਪਿਛਲੇ ਸਾਲ ਮੈਰੀਟੋਰੀਅਸ ਸਕੂਲਾਂ ਵਿਚ ਦਾਖਲਾ ਲੈਣ ਲਈ ਦਾਖਲਾ ਪ੍ਰੀਖਿਆ ਵਿਚ ਨਾਂ ਦਰਜ ਕਰਵਾਇਆ ਸੀ।” ਇਹ ਦੱਸਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਉਨਾਂ ਵਿਦਿਆਰਥੀਆਂ ਨੂੰ 2021-22 ਸੈਸ਼ਨ ਲਈ ਮੈਰੀਟੋਰੀਅਸ ਸਕੂਲਾਂ ਵਿੱਚ 12 ਵੀਂ ਜਮਾਤ ਵਿੱਚ ਮੈਰਿਟ ਦੇ ਅਧਾਰ ’ਤੇ ਦਾਖਲਾ ਦਿੱਤਾ ਜਾਵੇਗਾ।

ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਸਾਰੇ ਮੈਰੀਟੋਰੀਅਸ ਸਕੂਲਾਂ ਦੇ 12 ਵੀਂ ਜਮਾਤ  ਦੇ ਵਿਦਿਆਰਥੀਆਂ ਸਮੇਤ ਮੈਰੀਟੋਰੀਅਸ ਸਕੂਲ, ਤਲਵਾੜਾ (ਹਸ਼ਿਆਰਪੁਰ) ਵਿੱਚ ਪੜ੍ਹਦੇ 10ਵੀਂ ਜਮਾਤ ਦੇ ਵਿਦਿਆਰਥੀ ਆਪਣੇ ਮਾਪਿਆਂ ਦੀ ਸਹਿਮਤੀ ਅਤੇ ਕੋਵਿਡ-19 ਦੀ ਨੈਗੇਟਿਵ ਰਿਪੋਰਟ(ਆਰਟੀ-ਪੀਆਰਸੀ ਸਰਟੀਫਿਕੇਟ) ਪੇਸ਼ ਕਰਨ ਤੋਂ ਬਾਅਦ ਹੀ ਸਕੂਲ ਵਿੱਚ ਦਾਖਲ ਹੋ ਸਕਦੇ ਹਨ।  ਉਨਾਂ ਅੱਗੇ ਕਿਹਾ ਕਿ ਸਾਰੇ ਵਿਦਿਆਰਥੀ ਜ਼ਰੂਰੀ ਸਮਾਨ ਜਿਵੇਂ ਸੈਨੇਟਾਈਜ਼ਰ, ਮਾਸਕ (ਧੋਣ ਯੋਗ), ਸਾਬਣ, ਸਟੇਸ਼ਨਰੀ / ਪਾਣੀ ਦੀਆਂ ਬੋਤਲਾਂ, ਕੱਪੜੇ ਆਦਿ ਲਿਆਉਣਗੇ ਅਤੇ ਇਨਾਂ ਚੀਜ਼ਾਂ ਦੇ ਆਪਸ ਵਿੱਚ ਸਾਂਝਾ ਕਰਨ ਦੀ ਆਗਿਆ ਨਹੀਂ ਹੋਵੇਗੀ।

ਕੈਬਨਿਟ ਮੰਤਰੀ ਨੇ ਕਿਹਾ ਇਹ ਕਿ ਇਹ ਸਿਧਾਂਤ ਮੈੱਸ / ਕੰਟੀਨ ਠੇਕੇਦਾਰਾਂ ਅਤੇ ਕੰਟੀਨ ’ਚ ਕੰਮ ਕਰਦੇ ਕਰਿੰਦਿਆਂ ‘ਤੇ ਵੀ ਲਾਗੂ ਹੋਵੇਗਾ। ਕੰਟੀਨ ਅਤੇ ਹਾਲ ਨੂੰ ਤੁਰੰਤ ਸਵੱਛ ਬਣਾਉਣ ਲਈ ਦਿਸ਼ਾ -ਨਿਰਦੇਸ਼ ਜਾਰੀ ਕੀਤੇ ਗਏ ਹਨ। ਕੰਟੀਨ ਵਿੱਚ ਸਬਜੀਆਂ ਅਤੇ ਖਾਣ-ਪੀਣ ਦੀਆਂ ਚੀਜਾਂ ਲਿਆਉਣ ਵਾਲੇ ਵਿਅਕਤੀ ਨੂੰ ਥਰਮਲ ਸਕੈਨਿੰਗ ਅਤੇ ਕੋਵਿਡ -19 ਨੈਗੇਟਿਵ ਪ੍ਰਮਾਣ ਪੱਤਰ ਪੇਸ਼ ਕਰਨ ਤੋਂ ਬਾਅਦ ਹੀ ਕੰਟੀਨ ਵਿੱਚ ਦਾਖਲ ਹੋਣ ਦੀ ਆਗਿਆ ਹੋਵੇਗੀ।

ਸਕੂਲ ਸਿੱਖਿਆ ਮੰਤਰੀ ਨੇ ਕਿਹਾ ਕਿ ਸਕੂਲ ਦੇ ਮੁੱਖ ਗੇਟ ‘ਤੇ ਸੁਰੱਖਿਆ ਅਮਲੇ ਨੂੰ ਥਰਮਲ ਸਕੈਨਰ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਸਕੂਲ ਵਿਚ ਦਾਖਲ ਹੋਣ ਤੋਂ ਪਹਿਲਾਂ ਸਾਰੇ ਆਉਣ ਵਾਲਿਆਂ ਦੀ ਕੋਵਿਡ ਸਬੰਧੀ ਜਾਂਚ ਕੀਤੀ ਜਾ ਸਕੇ। ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਆਉਣ ਤੋਂ ਬਾਅਦ 24 ਘੰਟਿਆਂ ਲਈ ਕੁਅਰੰਟਾਈਨ ਕੀਤਾ ਜਾਵੇਗਾ। ਹੋਸਟਲ ਦੇ ਕਮਰਿਆਂ ਦੇ ਨਾਲ-ਨਾਲ ਕਲਾਸਰੂਮਾਂ ਵਿਚ ਸਮਾਜਕ ਦੂਰੀ ਰੱਖਣ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ। ਹੋਸਟਲ ਦੇ ਕਮਰਿਆਂ ਵਿਚ ਬੈੱਡਾਂ ਦਰਮਿਆਨ ਘੱਟੋ-ਘੱਟ 6 ਫੁੱਟ ਦੀ ਦੂਰੀ  ਰੱਖਣੀ ਲਾਜ਼ਮੀ ਹੈ ਅਤੇ ਕਲਾਸਰੂਮਾਂ ਵਿਚ ਹਰੇਕ ਵਿਦਿਆਰਥੀ ਲਈ ਵੱਖੋ-ਵੱਖ ਬੈਂਚ ਮੁਹੱਈਆ ਕਰਵਾਏ ਜਾਣਗੇ। ਸਮਾਜਿਕ ਦੂਰੀ ਨੂੰ ਬਣਾਈ ਰੱਖਣ ਲਈ ਜਮਾਤਾਂ ਦੇ ਸੈਕਸ਼ਨਾਂ ਦੀ ਗਿਣਤੀ ਦੁੱਗਣੀ ਕੀਤੀ ਜਾਵੇਗੀ। ਪੁਰਸ਼ /ਮਹਿਲਾ ਵਾਰਡਨ ਹੋਸਟਲ ਦੇ ਹਰੇਕ ਕਮਰੇ ਵਿੱਚ ਸਮਾਜਕ ਦੂਰੀ ਦੀ ਪਾਲਣਾ ਸਬੰਧੀ ਨਿਗਰਾਨੀ ਕਰਨਗੇ। ਅਧਿਆਪਕਾਂ / ਵਾਰਡਨਾਂ  ਵਲੋਂ ਵਿਦਿਆਰਥੀਆਂ ਦੀ ਮਾਨਸਿਕ, ਸਰੀਰਕ ਅਤੇ ਭਾਵਨਾਤਮਕ ਦਸ਼ਾ ਦੀ ਦੇਖ-ਰੇਖ ਕਰਨ ਲਈ ਵਿਦਿਆਰਥੀਆਂ ਦੀ ਨਿਯਮਿਤ ਕਾਉਂਸਲਿੰਗ ਨੂੰ ਯਕੀਨੀ ਬਣਾਇਆ ਜਾਵੇਗਾ।  

Written By
The Punjab Wire