ਸੂਬਾ ਸਰਕਾਰ ਨੂੰ ਸਾਰੇ ਅਧਿਕਾਰਾਂ ਨਾਲ ਜਾਇਦਾਦ ਸੌਂਪਣ ਦੇ ਇਵਜ਼ ਵਿੱਚ ਬੇਗਮ ਮੁਨੱਵਰ ਉਲ ਨਿਸਾ ਨੂੰ 3 ਕਰੋੜ ਰੁਪਏ ਦੀ ਰਾਸ਼ੀ ਅਦਾ ਕਰਨ ਦੀ ਵੀ ਮਨਜ਼ੂਰੀ
ਚੰਡੀਗੜ੍ਹ, 11 ਜਨਵਰੀ। ਸੂਬੇ ਦੀ ਸ਼ਾਨਦਾਰ ਵਿਰਾਸਤ ਦੀ ਸੰਭਾਲ ਦੀ ਕੋਸ਼ਿਸ਼ ਵਜੋਂ ਮੰਤਰੀ ਮੰਡਲ ਨੇ ਅੱਜ ਸੰਗਰੂਰ ਜ਼ਿਲ੍ਹੇ ਵਿੱਚ ਮੁਬਾਰਿਕ ਮੰਜ਼ਿਲ ਪੈਲੇਸ, ਮਲੇਰਕੋਟਲਾ ਦੀ ਪ੍ਰਾਪਤੀ, ਸੰਭਾਲ ਅਤੇ ਵਰਤੋਂ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਹੈ।
ਮੁਬਾਰਿਕ ਮੰਜ਼ਿਲ ਪੈਲੇਸ ਦੀ ਪ੍ਰਾਪਤੀ ਲਈ ਇਸ ਜਾਇਦਾਦ ਨੂੰ ਸਾਰੇ ਅਧਿਕਾਰਾਂ ਨਾਲ ਸੌਂਪਣ ਦੇ ਇਵਜ਼ ਵਿੱਚ ਸਰਕਾਰ ਬੇਗਮ ਮੁਨੱਵਰ ਉਲ ਨਿਸਾ ਨੂੰ 3 ਕਰੋੜ ਰੁਪਏ ਦੀ ਰਾਸ਼ੀ ਅਦਾ ਕਰੇਗੀ।
ਇਹ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਦੀ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਮੀਟਿੰਗ ਦੌਰਾਨ ਹੋਈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਫੈਸਲਾ ਸੂਬੇ ਦੇ ਅਮੀਰ ਵਿਰਸੇ ਨੂੰ ਸੰਭਾਲਣ ਅਤੇ ਸਾਡੇ ਸ਼ਾਨਦਾਰ ਪਿਛੋਕੜ ਨਾਲ ਨੌਜਵਾਨ ਪੀੜ੍ਹੀਆਂ ਨੂੰ ਜੋੜਨ ਵਿੱਚ ਸਹਾਈ ਸਿੱਧ ਹੋਵੇਗਾ।
ਇਹ ਜ਼ਿਕਰਯੋਗ ਹੈ ਕਿ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਸਰਹਿੰਦ ਦੇ ਸੂਬੇਦਾਰ ਦਾ ਵਿਰੋਧ ਕਰਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਜ਼ੋਰਦਾਰ ਢੰਗ ਨਾਲ ਆਪਣੀ ਆਵਾਜ਼ ਬੁਲੰਦ ਕੀਤੀ ਸੀ ਜਿਸ ਕਰਕੇ ਪੰਜਾਬ ਦੇ ਇਤਿਹਾਸ ਵਿੱਚ ਉਨ੍ਹਾਂ ਦਾ ਬਹੁਤ ਹੀ ਸਤਿਕਾਰਤ ਸਥਾਨ ਹੈ। ਨਵਾਬ ਸ਼ੇਰ ਮੁਹੰਮਦ ਖਾਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ, ਜੋ ਉਸ ਵੇਲੇ 7 ਸਾਲ ਤੇ 9 ਸਾਲ ਦੀ ਉਮਰ ਦੇ ਸਨ, ਨੂੰ ਜਿਊਂਦੇ ਨੀਂਹਾਂ ਵਿੱਚ ਚਿਣਾਉਣ ਦੇ ਹੁਕਮ ਦੀ ਖੁੱਲ੍ਹੇਆਮ ਮੁਖਾਲਫ਼ਤ ਕੀਤੀ ਸੀ। ਨਵਾਬ ਸ਼ੇਰ ਮੁਹੰਮਦ ਖਾਨ ਦੇ ਇਸ ਬਹਾਦਰੀ ਭਰੇ ਕਦਮ ਬਾਰੇ ਪਤਾ ਲੱਗਣ ‘ਤੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਮਲੇਰਕੋਟਲਾ ਰਾਜ ਦੀ ਸੁਰੱਖਿਆ ਦਾ ਵਚਨ ਵੀ ਦਿੱਤਾ। ਗੁਰੂ ਸਾਹਿਬ ਜੀ ਨੇ ਨਵਾਬ ਸ਼ੇਰ ਮੁਹੰਮਦ ਖਾਨ ਨੂੰ ‘ਸ੍ਰੀ ਸਾਹਿਬ’ ਵੀ ਭੇਜੀ।
ਦੱਸਣਯੋਗ ਹੈ ਕਿ ਬੇਗਮ ਮੁਨੱਵਰ ਉਲ ਨਿਸਾ ਨੇ ਸੂਬਾ ਸਰਕਾਰ ਨੂੰ ਲਿਖਿਆ ਕਿ ਮੁਬਾਰਕ ਮੰਜ਼ਿਲ ਪੈਲੇਸ ਮਲੇਰਕੋਟਲਾ ਦੀ ਉਹ ਇਕਲੌਤੀ ਮਾਲਕ ਹੈ ਅਤੇ ਉਹ ਇਸ ਜਾਇਦਾਦ ਨੂੰ ਸੂਬਾ ਜਾਂ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਬਾਰੇ ਵਿਭਾਗ ਸਮੇਤ ਕਿਸੇ ਵੀ ਵਿਅਕਤੀ ਨੂੰ ਦੇਣ ਦੇ ਪੂਰੇ ਅਧਿਕਾਰ ਰੱਖਦੇ ਹਨ। ਇਸ ਜਾਇਦਾਦ ਦੀ ਅਸਲ ਮਾਲਕ ਹੋਣ ਦੇ ਨਾਤੇ ਉਸ ਨੇ ਇਹ ਵੀ ਦੱਸਿਆ ਕਿ ਇਹ ਮਹਿਲ ਬਹੁਮੁੱਲੀ ਵਿਰਾਸਤੀ ਜਾਇਦਾਦ ਹੈ ਜੋ 150 ਸਾਲ ਤੋਂ ਪੁਰਾਣੀ ਹੈ ਅਤੇ ਇਹ ਇਮਾਰਤ 32,400 ਸਕੁਏਅਰ ਫੁੱਟ ਵਿੱਚ ਫੈਲੀ ਹੋਈ ਹੈ ਜਿਸ ਨੂੰ ਮਲੇਰਕੋਟਲਾ ਰਾਜ ਅਤੇ ਪੰਜਾਬ ਦੇ ਇਤਿਹਾਸ ਦੇ ਅਨਿੱਖੜਵੇਂ ਹਿੱਸੇ ਵਜੋਂ ਭਵਿੱਖ ਲਈ ਸੁਚੱਜੇ ਢੰਗ ਨਾਲ ਸੰਭਾਲਣ ਦੀ ਲੋੜ ਹੈ। ਇਸ ਮੰਤਵ ਲਈ ਉਹ ਆਪਣੀ ਇੱਛਾ ਅਨੁਸਾਰ ਕੁਝ ਵੱਖ-ਵੱਖ ਸ਼ਰਤਾਂ ਨਾਲ ਇਸ ਮਹਿਲ ਨੂੰ ਅਧਿਗ੍ਰਹਿਣ, ਸੰਭਾਲ ਕਰਨ ਅਤੇ ਵਰਤੋਂ ਕਰਨ ਲਈ ਸੂਬੇ ਨੂੰ ਸੌਂਪਣ ਦੀ ਇੱਛਾ ਰੱਖਦੇ ਹਨ।
ਮੁੱਖ ਮੰਤਰੀ ਦਫਤਰ ਦੇ ਬੁਲਾਰੇ ਮੁਤਾਬਕ ਇਸ ਪ੍ਰਸਤਾਵਿਤ ਪੈਲੇਸ ਦੀ ਖਰੀਦ ਅਤੇ ਮੌਜੂਦਾ ਅਦਾਲਤੀ ਕੇਸਾਂ ਦੇ ਨਿਪਟਾਰੇ ਲਈ ਅੱਜ ਦੇ ਮੁਤਾਬਕ ਸੰਭਾਵਿਤ ਵਿੱਤੀ ਦੇਣਦਾਰੀ ਲਗਭਗ 5 ਕਰੋੜ ਰੁਪਏ ਬਣਦੀ ਹੈ। ਇਸ ਦੀ ਜ਼ਮੀਨ ਦੀ ਕੀਮਤ ਦਾ ਮੁਲਾਂਕਣ ਡਿਪਟੀ ਕਮਿਸ਼ਨਰ ਸੰਗਰੂਰ ਪਾਸੋਂ ਕਰਵਾਇਆ ਗਿਆ ਹੈ ਅਤੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਵੱਲੋਂ ਵੀ ਆਪਣੇ ਕੰਜਰਵੇਸ਼ਨ ਆਰਕੀਟੈਕਟ ਅਤੇ ਚੀਫ ਜਨਰਲ ਮੈਨੇਜਰ-ਕਮ-ਚੀਫ ਇੰਜੀਨੀਅਰ ਰਾਹੀਂ ਮੁਲਾਂਕਣ ਕਰਵਾਇਆ ਗਿਆ ਹੈ।