CORONA ਦੇਸ਼ ਪੰਜਾਬ ਮੁੱਖ ਖ਼ਬਰ

ਹੱਕਾਂ ਲਈ ਲੜ ਰਹੇ ਕਿਸਾਨਾਂ ਦ‍ਾ ਕਰਾਂਗੇ ਹਰ ਪੱਖ ਤੋਂ ਸਹਿਯੋਗ : ਡਾ. ਓਬਰਾਏ

ਹੱਕਾਂ ਲਈ ਲੜ ਰਹੇ ਕਿਸਾਨਾਂ ਦ‍ਾ ਕਰਾਂਗੇ ਹਰ ਪੱਖ ਤੋਂ ਸਹਿਯੋਗ : ਡਾ. ਓਬਰਾਏ
  • PublishedDecember 5, 2020

ਰਾਸ਼ਨ ਤੋਂ ਬਾਅਦ ਟਰੱਸਟ ਨੇ ਦਿੱਲੀ ਭੇਜੀਆਂ ਐਂਬੂਲੈਂਸਾਂ,ਦਵਾਈਆਂ ਤੇ ਮਾਹਿਰ ਡਾਕਟਰਾਂ ਦੀ ਟੀਮ

ਕੰਬਲ,ਜੈਕਟਾਂ ਤੇ ਨਿਹੰਗ ਸਿੰਘਾਂ ਦੇ ਘੋੜਿਆਂ ਦੇ ਰਾਸ਼ਨ ਦਾ ਵੀ ਕੀਤਾ ਪ੍ਰਬੰਧ

ਮੌਸਮ ਦੀ ਨਜ਼ਾਕਤ ਨੂੰ ਵੇਖਦਿਆਂ ਹੋਇਆਂ ਟਰਾਲੀਆਂ ਤੇ ਵੀ ਲਾਏ ਜਾ ਰਹੇ ਨੇ ਰਿਫਲੈਕਟਰ

ਅੰਮ੍ਰਿਤਸਰ, 5 ਦਸੰਬਰ- ਨਾਮਵਰ ਸਮਾਜ ਸੇਵੀ ਅਤੇ ਲੋਕ-ਦਰਦੀ ਡਾ. ਐਸ.ਪੀ.ਸਿੰਘ ਓਬਰਾਏ ਦੀ ਅਗਵਾਈ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਮੌਜੂਦਾ ਕਿਸਾਨ ਅੰਦੋਲਨ ਦੌਰਾਨ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਹਰ ਪੱਖ ਤੋਂ ਸਹਿਯੋਗ ਕਰਨ ਦਾ ਐਲਾਨ ਕਰਦਿਆਂ ਲੰਗਰ ਲਈ ਸੁੱਕੀ ਰਸਦ ਭੇਜਣ ਤੋਂ ਬਾਅਦ ਹੁਣ ਵੱਡੀ ਮਾਤਰਾ ਵਿੱਚ ਕੰਬਲ,ਜੈਕਟਾਂ,ਦਵਾਈਆਂ,ਐਂਬੂਲੈਂਸਾਂ ਤੇ ਮਾਹਿਰ ਡਾਕਟਰਾਂ ਦੀ ਟੀਮਾਂ ਤੋਂ ਇਲਾਵਾ ਨਿਹੰਗ ਸਿੰਘਾਂ ਦੇ ਘੋੜਿਆਂ ਲਈ ਰਾਸ਼ਨ ਭੇਜਣ ਅਤੇ ਟਰੈਕਟਰ-ਟਰਾਲੀਆਂ ਆਦਿ ਤੇ ਰਿਫਲੈਕਟਰ ਲਾਉਣ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਟਰੱਸਟ ਦੇ ਬਾਨੀ ਡਾ. ਐੱਸ.ਪੀ.ਸਿੰਘ ਓਬਰਾਏ ਨੇ ਕਿਹਾ ਕਿ ਠੰਢ ਦੇ ਇਸ ਮੌਸਮ ‘ਚ ਆਪਣੇ ਘਰਾਂ ਤੋਂ ਜਾ ਕੇ ਦਿੱਲੀ ਦੀਆਂ ਸੜਕਾਂ ‘ਤੇ ਆਪਣੇ ਹੱਕਾਂ ਲਈ ਲੜ ਰਹੇ ਜੁਝਾਰੂ ਕਿਸਾਨਾਂ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਹਰ ਸੰਭਵ ਮਦਦ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਹ ਖ਼ੁਦ ਤੇ ਉਨ੍ਹਾਂ ਦੀ ਸਮੁੱਚੀ ਟੀਮ ਸੰਘਰਸ਼ਸ਼ੀਲ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋਡ਼ ਕੇ ਕੰਮ ਕਰੇਗੀ ਅਤੇ ਕਿਸਾਨ ਜਥੇਬੰਦੀਆਂ ਦੇ ਇੱਕ ਹੀ ਸੁਨੇਹੇ ਤੇ ਉਨ੍ਹਾਂ ਨੂੰ ਲੋੜੀਂਦਾ ਸਾਮਾਨ ਉਥੇ ਪੁੱਜਦਾ ਕੀਤਾ ਜਾਵੇਗਾ।

ਡਾ.ਓਬਰਾਏ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਵੱਲੋਂ ਪਹਿਲੇ ਪੜਾਅ ਤਹਿਤ ਕਿਸਾਨ ਆਗੂਆਂ ਤੇ ਹੋਰਨਾਂ ਧਾਰਮਿਕ ਜਥੇਬੰਦੀਆਂ ਜੋ ਮੋਰਚਾ ਲਾਈ ਬੈਠੇ ਕਿਸਾਨਾਂ ਲਈ ਲੰਗਰ ਤਿਆਰ ਕਰ ਰਹੀਆਂ ਹਨ,ਉਨ੍ਹਾਂ ਨੂੰ 20 ਟਨ ਸੁੱਕੀਆਂ ਰਸਦਾਂ ਤੇ ਰਾਸ਼ਨ ਆਦਿ ਭੇਜਣ ਤੋਂ ਬਾਅਦ ਹੁਣ ਟਰੱਸਟ ਵੱਲੋਂ ਠੰਢ ਦੇ ਇਸ ਮੌਸਮ ‘ਚ ਕਿਸਾਨਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਵੱਡੀ ਮਾਤਰਾ ‘ਚ ਲੋੜੀਂਦੀਆਂ ਦਵਾਈਆਂ,5 ਐਂਬੂਲੈਂਸ ਗੱਡੀਆਂ ਵੀ ਭੇਜੀਆਂ ਗਈਆਂ ਹਨ। ਜਿਨ੍ਹਾਂ ਵਿਚੋਂ 4 ਐਂਬੂਲੈਂਸਾਂ ਨੂੰ ਵੱਖ-ਵੱਖ ਚਾਰੇ ਦਿਸ਼ਾਵਾਂ ‘ਚ ਖੜ੍ਹਾ ਕੀਤਾ ਜਾਵੇਗਾ ਅਤੇ 1 ਐਂਬੂਲੈਂਸ ਜੋ ਵੈਂਟੀਲੇਟਰ ਦੀ ਸੁਵਿਧਾ ਨਾਲ ਲੈਸ ਹੈ,ਉਸ ਨੂੰ ਇੱਕ ਵਿਸ਼ੇਸ਼ ਪੁਆਇੰਟ ਤੇ ਖੜ੍ਹਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਟਰੱਸਟ ਦੇ ਮੈਂਬਰ ਐਡਵੋਕੇਟ ਜੋਗਿੰਦਰ ਸਿੰਘ ਜਿੰਦੂ ਦੀ ਦੇਖ-ਰੇਖ ਹੇਠ 18 ਮਾਹਿਰ ਡਾਕਟਰਾਂ ਦੀਆਂ ਟੀਮਾਂ ਵੀ ਧਰਨੇ ਵਾਲੀ ਥਾਂ ਤੇ ਪਹੁੰਚ ਕੇ ਕਿਸਾਨਾਂ ਦੀ ਸੇਵਾ ‘ਚ ਜੁੱਟ ਗਈਆਂ ਹਨ।

ਇਸ ਤੋਂ ਇਲਾਵਾ ਟਰੱਸਟ ਵੱਲੋਂ 3 ਹਜ਼ਾਰ ਗਰਮ ਕੰਬਲ,3 ਹਜ਼ਾਰ ਜੈਕਟਾਂ, ਨਹਾਉਣ-ਧੋਣ ਸਮੇਂ ਵਰਤਣ ਲਈ ਵੱਖ-ਵੱਖ ਸਾਈਜ਼ਾਂ ਦੇ 12 ਹਜ਼ਾਰ ਸਲੀਪਰ (ਚੱਪਲਾਂ) ਅਤੇ ਕਿਸਾਨਾਂ ਨੂੰ ਸਹਿਯੋਗ ਦੇ ਰਹੇ ਨਿਹੰਗ ਸਿੰਘਾਂ ਦੇ ਘੋੜਿਆਂ ਲਈ 5 ਟਨ ਖੁਰਾਕ ਵੀ ਭੇਜੀ ਗਈ ਹੈ। ਡਾ.ਓਬਰਾਏ ਨੇ ਇਹ ਵੀ ਦੱਸਿਆ ਕਿ ਧੁੰਦ ਦੇ ਇਸ ਮੌਸਮ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਾਉਣ ਲਈ ਟਰੱਸਟ ਵੱਲੋਂ ਦਿੱਲੀ ਜਾ ਰਹੇ ਅਤੇ ਉੱਥੇ ਮੌਜੂਦ ਟਰੈਕਟਰ-ਟਰਾਲੀਆਂ ਤੇ ਲਾਉਣ ਲਈ 1 ਲੱਖ ਰਿਫਲੈਕਟਰ ਵੀ ਭੇਜੇ ਗਏ ਹਨ।

Written By
The Punjab Wire