• ਸਬੰਧਤ ਵਿਭਾਗਾਂ ਨੂੰ ਸਕੂਲ ਪ੍ਰਬੰਧਕੀ ਕਮੇਟੀਆਂ, ਪੰਚਾਇਤਾਂ ਤੇ ਸਥਾਨਕ ਸਰਕਾਰਾਂ ਨਾਲ ਮਿਲ ਕੇ ਮੁਹਿੰਮ ਵਿੱਢਣ ਦੇ ਨਿਰਦੇਸ਼ ਦਿੱਤੇ
ਚੰਡੀਗੜ•, 16 ਅਕਤੂਬਰ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਬੱਚਿਆਂ ਦੀ ਸਿਹਤ ਨੂੰ ਮੱਦੇਨਜ਼ਰ ਰੱਖਦਿਆਂ ਖਾਸ ਕਰਕੇ ਮੌਜੂਦਾ ਸਮੇਂ ਕੋਵਿਡ ਦੀ ਸਥਿਤੀ ਦੌਰਾਨ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਨੂੰ 30 ਨਵੰਬਰ ਤੱਕ ਸਾਫ ਪੀਣ ਵਾਲਾ ਪਾਣੀ ਅਤੇ ਪਖਾਨਿਆਂ ਦਾ ਪ੍ਰਬੰਧ ਕਰਨਾ ਯਕੀਨੀ ਬਣਾਇਆ ਜਾਵੇ।
ਸਾਫ ਪੀਣ ਵਾਲੇ ਪਾਣੀ ਅਤੇ ਸਾਫ ਸਫਾਈ ਲਈ ਪਾਣੀ ਦੀ ਲੋੜੀਂਦੀ ਮਾਤਰਾ ਦੀ ਕਮੀ ਕਾਰਨ ਬੱਚਿਆਂ ਵਿੱਚ ਪੈਦਾ ਹੋ ਰਹੀਆਂ ਸਿਹਤ ਸਮੱਸਿਆਵਾਂ ‘ਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਇਸ ਸਬੰਧੀ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਅਤੇ ਸਵੱਛ ਤੇ ਸਿਹਤਮੰਦ ਪੰਜਾਬ ਪ੍ਰੋਗਰਾਮ ਤਹਿਤ ਵੱਡੇ ਪੱਧਰ ‘ਤੇ ਮੁਹਿੰਮ ਵਿੱਢਣ ਦੇ ਆਦੇਸ਼ ਦਿੱਤੇ। ਇਹ ਮੁਹਿੰਮ ਸਬੰਧਤ ਸਕੂਲ ਪ੍ਰਬੰਧਕੀ ਕਮੇਟੀਆਂ, ਪੰਚਾਇਤਾਂ ਤੇ ਸਥਾਨਕ ਸਰਕਾਰਾਂ ਦੀ ਵੀ ਸਰਗਰਮ ਹਿੱਸੇਦਾਰੀ ਨਾਲ ਚਲਾਈ ਜਾਵੇਗੀ।
ਮੁੱਖ ਮੰਤਰੀ ਦੇ ਨਿਰਦੇਸ਼ਾਂ ਬਾਰੇ ਮੁੱਖ ਸਕੱਤਰ ਵਿਨੀ ਮਹਾਜਨ ਨੇ ਵੀਰਵਾਰ ਸ਼ਾਮ ਸਕੂਲ ਸਿੱਖਿਆ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ, ਵਿੱਤ, ਸਥਾਨਕ ਸਰਕਾਰਾਂ, ਪੇਂਡੂ ਵਿਕਾਸ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗਾਂ ਨੂੰ ਜਾਣੂੰ ਕਰਵਾਇਆ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਿਨੀ ਮਹਾਜਨ ਨੇ ਸਥਾਨਕ ਸਰਕਾਰਾਂ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗਾਂ ਨੂੰ ਆਖਿਆ ਕਿ ਸਬੰਧਤ ਵਿਭਾਗਾਂ ਦੀ ਅਨੁਮਾਨਤ ਜ਼ਰੂਰਤ ਅਨੁਸਾਰ ਸਾਰੇ ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਨੂੰ ਪਾਈਪ ਵਾਲਾ ਪੀਣ ਵਾਲਾ ਪਾਣੀ ਅਤੇ ਪਖਾਨਿਆਂ ਦਾ ਪ੍ਰਬੰਧ ਯਕੀਨੀ ਬਣਾਉਣ ਲਈ ਤੁਰੰਤ ਕਦਮ ਚੁੱਕੇ ਜਾਣ।
ਵਿਨੀ ਮਹਾਜਨ ਨੇ ਕਿਹਾ ਕਿ ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ਵਿੱਚ ਸਾਫ ਪੀਣ ਵਾਲੇ ਪਾਣੀ ਅਤੇ ਪਖਾਨਿਆਂ ਤੇ ਸਾਫ ਸਫਾਈ ਲਈ ਪਾਣੀ ਦੀ ਵਿਵਸਥਾ ਦੀ 100 ਫੀਸਦੀ ਕਵਰੇਜ਼ ਬਾਰੇ ਸਬੰਧਤ ਪੰਚਾਇਤਾਂ/ਸਥਾਨਕ ਸਰਕਾਰਾਂ ਸਵੈ ਘੋਸ਼ਣਾ ਪੱਤਰ ਦੇਣਗੀਆਂ। ਇਸ ਗੱਲ ਉਤੇ ਵੀ ਜ਼ੋਰ ਦਿੱਤਾ ਗਿਆ ਕਿ ਇਸ ਮੁਹਿੰਮ ਦੌਰਾਨ ਸਾਰੀਆਂ ਸਬੰਧਤ ਧਿਰਾਂ ਕੋਵਿਡ-19 ਦੇ ਵੱਖ-ਵੱਖ ਪ੍ਰੋਟੋਕੋਲ ਤੇ ਸਲਾਹਕਾਰੀਆਂ ਦੀ ਪਾਲਣਾ ਕਰਨ ਲਈ ਸੰਵੇਦਨਸ਼ੀਲ ਹੋਣਗੀਆਂ।
ਵਿਨੀ ਮਹਾਜਨ ਨੇ ਕਿਹਾ ਇਹ ਮੁਹਿੰਮ ਬੱਚਿਆਂ ਦੀ ਏਕੀਕ੍ਰਿਤ ਜੀਵਨ ਹੁਨਰ ਸਿੱਖਿਆ ਦੇ ਨਾਲ-ਨਾਲ ਸਾਫ ਸਫਾਈ ਦੇ ਅਹਿਮ ਵਿਵਹਾਰਾਂ ਜਿਵੇਂ ਕਿ ਪਾਣੀ ਦੀ ਸੁਰੱਖਿਆ ਤੇ ਸੰਭਾਲ, ਪੀਣ ਵਾਲੇ ਪਾਣੀ ਦੇ ਸੁਰੱਖਿਅਤ ਭੰਡਾਰਨ, ਸਾਬਣ ਨਾਲ ਹੱਥ ਧੋਣੇ, ਨਿੱਜੀ ਅਤੇ ਕਮਿਊਨਿਟੀ ਸਾਫ ਸਫਾਈ ‘ਤੇ ਕੇਂਦਰਿਤ ਹੁੰਦੀ ਹੋਈ ਬੱਚਿਆਂ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰੇਗੀ।
ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਪ੍ਰਮੁੱਖ ਸਕੱਤਰ ਰਾਜੀ ਪੀ ਸ੍ਰੀਵਾਸਤਵਾ ਤੇ ਸਕੂਲ ਸਿੱਖਿਆ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਮੀਟਿੰਗ ਵਿੱਚ ਜਾਣਕਾਰੀ ਦਿੱਤੀ ਕਿ ਸੂਬੇ ਵਿੱਚ 27302 ਆਂਗਣਵਾੜੀ ਕੇਂਦਰ ਅਤੇ 19146 ਸਰਕਾਰੀ ਸਕੂਲ ਹਨ ਜਿਨ•ਾਂ ਵਿੱਚ ਇਹ ਮੁਹਿੰਮ ਚਲਾਈ ਜਾਵੇਗੀ ਕਿ ਸਾਫ ਪੀਣ ਵਾਲਾ ਪਾਣੀ ਮੁਹੱਈਆ ਕਰਨਾ ਅਤੇ ਪਖਾਨਿਆਂ ਲਈ ਪ੍ਰਬੰਧ ਤੇ ਉਨ•ਾਂ ਵਾਸਤੇ ਪਾਣੀ ਸਪਲਾਈ ਯਕੀਨੀ ਬਣਾਉਣਾ ਹੋਵੇਗਾ।
ਜਲ ਸਪਲਾਈ ਤੇ ਸੈਨੀਟੇਸ਼ਨ ਦੀ ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ ਨੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਨੂੰ ਬਾਕੀ ਰਹਿੰਦੇ ਸਕੂਲਾਂ ਵਿੱਚ 7152 ਪਖਾਨਿਆਂ ਦੀਆਂ ਸੀਟਾਂ ਦੀ ਉਸਾਰੀ (ਪਖਾਨਿਆਂ ਦੀ ਕਿੱਲਤ ਦੂਰ ਕਰਨ ਲਈ) ਅਤੇ 467 ਸਕੂਲਾਂ ਵਿੱਚ ਸਾਫ ਸਫਾਈ ਵਾਸਤੇ ਪਾਣੀ ਮੁਹੱਈਆ ਕਰਵਾਉਣ ਲਈ 38.76 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਉਨ•ਾਂ ਅੱਗੇ ਕਿਹਾ ਕਿ ਬੱਚਿਆਂ ਪੱਖੀ ਪਖਾਨਿਆਂ ਦੀ ਸੀਟਾਂ ਦੀ ਉਸਾਰੀ ਅਤੇ ਸਾਫ ਸਫਾਈ ਵਾਸਤੇ ਪਾਣੀ ਮੁਹੱਈਆ ਕਰਵਾਉਣ ਦੇ ਨਾਲ 1330 ਆਂਗਣਵਾੜੀਆਂ ਵਿੱਚ ਸਿੱਖਿਆਦਾਇਕ ਸੰਦੇਸ਼ਾਂ ਦੀ ਪੇਂਟਿੰਗ ਲਈ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਨੂੰ 4.65 ਕਰੋੜ ਰੁਪਏ ਜਾਰੀ ਕੀਤੇ ਗਏ ਹਨ।