ਗੁਰਦਾਸਪੁਰ ਪੰਜਾਬ

ਕਾਂਗਰਸ ਦੀ ਹੋਈ ਕਰਾਰੀ ਹਾਰ ਨੇ ਬਾਹੂਬਲੀਆਂ ਅਤੇ ਹੰਕਾਰੀਆਂ ਦਾ ਮਾਣ ਤੋੜਿਆ-ਰਮਨ ਬਹਿਲ

ਕਾਂਗਰਸ ਦੀ ਹੋਈ ਕਰਾਰੀ ਹਾਰ ਨੇ ਬਾਹੂਬਲੀਆਂ ਅਤੇ ਹੰਕਾਰੀਆਂ ਦਾ ਮਾਣ ਤੋੜਿਆ-ਰਮਨ ਬਹਿਲ
  • PublishedNovember 23, 2024

ਕਿਹਾ ਲੋਕਾਂ ਨੇ ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ’ਤੇ ਲਾਈ ਮੋਹਰ, ਵਿਰੋਧੀਆਂ ਨੂੰ ਸਿਖਾਇਆ ਸਬਕ

ਗੁਰਦਾਸਪੁਰ, 23 ਨਵੰਬਰ 2024 (ਦੀ ਪੰਜਾਬ ਵਾਇਰ )।ਪੰਜਾਬ ਅੰਦਰ ਹੋਈਆਂ ਜਿਮਨੀ ਚੋਣਾਂ ਦੌਰਾਨ 3 ਅਹਿਮ ਸੀਟਾਂ ’ਤੇ ਆਮ ਆਦਮੀ ਪਾਰਟੀ ਦੀ ਹੋਈ ਸ਼ਾਨਦਾਰ ਜਿੱਤ ਕਾਰਨ ਅੱਜ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਹਲਕਾ ਗੁਰਦਾਸਪੁਰ ਦੇ ਇੰਚਾਰਜ ਰਮਨ ਬਹਿਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਜਸ਼ਨ ਮਨਾਏ। ਇਸ ਮੌਕੇ ਆਤਿਸ਼ਬਾਜੀ ਚਲਾ ਕੇ ਆਪ ਵਲੰਟੀਅਰਾਂ ਨੇ ਭੰਗੜਾ ਪਾਇਆ ਤੇ ਨਾਲ ਹੀ ਚੇਅਰਮੈਨ ਰਮਨ ਬਹਿਲ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ।

ਇਸ ਮੌਕੇ ਰਮਨ ਬਹਿਲ ਨੇ ਡੇਰਾ ਬਾਬਾ ਨਾਨਕ ਤੋਂ ਜੇਤੂ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਦਾ ਮੂੁੰਹ ਮਿੱਠਾ ਕਰਵਾਇਆ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿ ਇਸ ਜਿੱਤ ਨੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੇ ਆਉਣ ਵਾਲੇ ਸੁਨਿਹਰੀ ਭਵਿੱਖ ਸਬੰਧੀ ਸਾਰੇ ਸ਼ੰਕੇ ਦੂਰ ਕਰ ਦਿੱਤੇ ਹਨ। ਉਨਾਂ ਕਿਹਾ ਕਿ ਇਸ ਜਿੱਤ ਨਾਲ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਪਕੜ ਹੋਰ ਵਧੇਗੀ ਅਤੇ ਪੰਜਾਬ ਦੇ ਲੋਕਾਂ ਨੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਬਣਾਈਆਂ ਨੀਤੀਆਂ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੀਤੇ ਜਾ ਰਹੇ ਕਾਰਜਾਂ ’ਤੇ ਮੋਹਰ ਲਗਾ ਕੇ ਇਹ ਸਿੱਧ ਕਰ ਦਿੱਤਾ ਹੈ ਕਿ ਪੰਜਾਬ ਅੰਦਰ ਹਰੇਕ ਵਰਗ ਦੇ ਲੋਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਸੰਤੁਸ਼ਟ ਹਨ।

ਬਹਿਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਮੁਫਤ ਬਿਜਲੀ, ਪਾਣੀ ਅਤੇ ਹੋਰ ਅਨੇਕਾਂ ਸਹੂਲਤਾਂ ਨੇ ਅੱਜ ਹਰੇਕ ਵਰਗ ਦੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਰਮਨ ਪਹਿਲ ਨੇ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸੰਦੀਪ ਪਾਠਕ ਅਤੇ ਰਾਘਵ ਚੱਡਾ ਨੂੰ ਇਸ ਸ਼ਾਨਦਾਰ ਜਿੱਤ ਦੀ ਵਧਾਈ ਦਿੱਤੀ।

ਬਹਿਲ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਅਤੇ ਆਪਣੇ ਆਪ ਨੂੰ ਆਉਣ ਵਾਲਾ ਮੁੱਖ ਮੰਤਰੀ ਦੱਸਣ ਵਾਲੇ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਰੰਧਾਵਾ ਦੀ ਹੋਈ ਹਾਰ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਦੇ ਲੋਕ ਹੁਣ ਕਾਂਗਰਸ ਨੂੰ ਨਕਾਰ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਦਾ ਹਸ਼ਰ ਇਸ ਤੋਂ ਵੀ ਬੁਰਾ ਹੋਵੇਗਾ। ਉਨਾਂ ਕਿਹਾ ਕਿ ਇਨਾਂ ਚੋਣਾਂ ਦੌਰਾਨ ਜਿੱਥੇ ਲੋਕਤੰਤਰ ਦੀ ਜਿੱਤ ਹੋਈ ਹੈ ਉੱਥੇ ਲੋਕਾਂ ਨੇ ਹੰਕਾਰ ਅਤੇ ਬਾਹੂਬਲੀਆਂ ਦੀ ਧੱਕੇਸ਼ਾਹੀ ਨੂੰ ਵੀ ਮੂੰਹ ਤੋੜਵਾਂ ਜਵਾਬ ਦਿੱਤਾ ਹੈ।

ਉਨਾਂ ਕਿਹਾ ਕਿ ਜਿੱਥੇ ਤੱਕ ਹਲਕਾ ਡੇਰਾ ਬਾਬਾ ਨਾਨਕ ਦੀ ਗੱਲ ਹੈ ਤਾਂ ਇਸ ਹਲਕੇ ਵਿੱਚ ਕਾਂਗਰਸ ਦੇ ਹੰਕਾਰ ਨੂੰ ਚੂਰ ਚੂਰ ਕਰਕੇ ਰੱਖ ਦਿੱਤਾ ਹੈ ਅਤੇ ਕਾਂਗਰਸੀਆਂ ਨੂੰ ਹੁਣ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੀ ਧੱਕੇਸ਼ਾਹੀ ਅਤੇ ਪੈਸੇ ਦਾ ਜ਼ੋਰ ਵੋਟਰਾਂ ਨੂੰ ਪ੍ਰਭਾਵਿਤ ਨਹੀਂ ਕਰ ਸਕੇਗਾ। ਬਹਿਲ ਨੇ ਇਹਨਾਂ ਚੋਣਾਂ ਦੌਰਾਨ ਪਾਰਟੀ ਦੇ ਸਮੁੱਚੇ ਵਲੰਟੀਅਰਾਂ ਨੂੰ ਵੀ ਵਧਾਈ ਦਿੱਤੀ।

Written By
The Punjab Wire