ਨਿੱਜੀ ਲੈਬਾਂ ਮਰੀਜ਼ਾਂ ਦੇ ਵੇਰਵਿਆਂ ਨੂੰ ਗੁਪਤ ਰੱਖਣਗੀਆਂ
ਚੰਡੀਗੜ੍ਹ, 8 ਸਤੰਬਰ: ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਠੱਲ੍ਹ ਪਾਉਣ ਲਈ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਸਮੇਂ ਸਿਰ ਪਛਾਣ ਲਈ ਲੋਕਾਂ ਦੀ ਵੱਧ ਤੋਂ ਵੱਧ ਜਾਂਚ ਕਰਨ ਦੇ ਮੱਦੇਨਜ਼ਰ, ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਸਿਹਤ ਅਥਾਰਟੀਆਂ ਦੁਆਰਾ ਸੂਚੀਬੱਧ ਹੋਣ ਉਪਰੰਤ ਨਿੱਜੀ ਹਸਪਤਾਲਾਂ/ਕਲੀਨਿਕਾਂ/ਲੈਬਾਂ ਨੂੰ ਕੋਵਿਡ-19 ਲਈ ਰੈਪਿਡ ਐਂਟੀਜੇਨ ਟੈਸਟ (ਆਰ.ਏ.ਟੀ.) ਕਰਨ ਦੀ ਆਗਿਆ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਨਿੱਜੀ ਸਿਹਤ ਅਦਾਰਿਆਂ ਵੱਲੋਂ ਕੋਵਿਡ-19 ਲਈ ਰੈਪਿਡ ਐਂਟੀਜੇਨ ਟੈਸਟ ਦੀ ਆਗਿਆ ਦੇਣ ਸਬੰਧੀ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਅਤੇ ਸਿਵਲ ਸਰਜਨਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਆਰ.ਏ.ਟੀ. ਕਿੱਟਾਂ ਮੁਫ਼ਤ ਦਿੱਤੀਆਂ ਜਾਣਗੀਆਂ। ਸਿਵਲ ਸਰਜਨ ਉਨ੍ਹਾਂ ਪ੍ਰਾਈਵੇਟ ਹਸਪਤਾਲਾਂ/ਕਲੀਨਿਕਾਂ/ਲੈਬਾਂ ਨੂੰ ਸੂਚੀਬੱਧ ਕਰਨਗੇ ਜੋ ਵਿਭਾਗ ਵੱਲੋਂ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ ਆਰ.ਏ.ਟੀ. ਕਿੱਟਾਂ ਨਾਲ ਟੈਸਟ ਕਰਨ ਲਈ ਸਵੈ-ਇੱਛਤ ਤੌਰ ‘ਤੇ ਸੂਚੀਬੱਧ ਹੋਣ ਲਈ ਤਿਆਰ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਜੇਕਰ ਕਿੱਟਾਂ ਸਿਹਤ ਵਿਭਾਗ ਦੁਆਰਾ ਮੁਹੱਈਆ ਕਰਵਾਈਆਂ ਗਈਆਂ ਹੋਣ ਤਾਂ ਨਿੱਜੀ ਹਸਪਤਾਲ/ਲੈਬ ਮਰੀਜ਼ਾਂ ਤੋਂ ਟੈਸਟ ਲਈ ਵੱਧ ਤੋਂ ਵੱਧ 250 ਰੁਪਏ ਲੈ ਸਕਦੇ ਹਨ। ਇਸ ਤੋਂ ਪਹਿਲਾਂ, ਪ੍ਰਾਈਵੇਟ ਲੈਬਾਂ, ਜੋ ਆਪਣੀ ਖੁਦ ਦੀਆਂ ਕਿੱਟਾਂ ਦੀ ਵਰਤੋਂ ਕਰ ਰਹੇ ਹਨ, ਲਈ ਰੈਪਿਡ ਐਂਟੀਜੇਨ ਟੈਸਟਿੰਗ ਦੀ ਕੀਮਤ 1000 ਰੁਪਏ ਤੋਂ ਘਟਾ ਕੇ 700 ਰੁਪਏ ਕਰ ਦਿੱਤੀ ਗਈ ਸੀ ਜਿਸ ਵਿੱਚ ਜੀਐਸਟੀ ਅਤੇ ਹੋਰ ਟੈਕਸ ਸ਼ਾਮਲ ਹਨ। ਨਿੱਜੀ ਹਸਪਤਾਲ/ਲੈਬ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੁਆਰਾ ਮੁਫਤ ਮੁਹੱਈਆ ਕਰਵਾਈਆਂ ਗਈਆਂ ਆਰ.ਏ.ਟੀ. ਕਿੱਟਾਂ ਦੀ ਵਰਤੋਂ ਲਈ ਐਸਓਪੀਜ਼ ਦੀ ਪਾਲਣਾ ਕਰਨਗੇ।
ਆਰ.ਏ.ਟੀ. ਕਿੱਟਾਂ ਦੀ ਵਰਤੋਂ ਲਈ ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ ‘ਤੇ ਚਾਨਣਾ ਪਾਉਂਦਿਆਂ ਸ. ਸਿੱਧੂ ਨੇ ਕਿਹਾ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਨਿੱਜੀ ਹਸਪਤਾਲਾਂ/ਲੈਬਾਂ ਨੂੰ ਆਰ.ਏ.ਟੀ. ਕਿੱਟਾਂ ਮੁਫ਼ਤ ਦਿੱਤੀਆਂ ਗਈਆਂ ਹਨ। ਨਿੱਜੀ ਹਸਪਤਾਲਾਂ/ਕਲੀਨਿਕਾਂ ਅਤੇ ਲੈਬਾਂ ਵਿੱਚ ਕੋਵਿਡ-19 ਦੇ ਸ਼ੱਕੀ ਮਰੀਜ਼ਾਂ ਦੇ ਨਮੂਨੇ ਲੈਣ ਲਈ ਵੱਖਰਾ ਆਈਸੋਲੇਟਡ ਖੇਤਰ ਹੋਣਾ ਚਾਹੀਦਾ ਹੈ। ਨਮੂਨਾ ਲੈਣ ਵਾਲਾ ਵਿਅਕਤੀ ਪੂਰੀ ਤਰ੍ਹਾਂ ਪੀ.ਪੀ.ਈ ਕਿੱਟ ਨੂੰ ਪਹਿਨਣਾ ਯਕੀਨੀ ਬਣਾਏਗਾ। ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਸੰਸਥਾ ਕੋਲ ਟੈਸਟ ਤੋਂ ਬਾਅਦ ਬਾਇਓਮੈਡੀਕਲ ਰਹਿੰਦ-ਖੂਹੰਦ ਦੇ ਪ੍ਰਬੰਧਨ ਦਾ ਸੁਚੱਜਾ ਬੰਦੋਬਸਤ ਹੋਣਾ ਚਾਹੀਦਾ ਹੈ।
ਸਿਹਤ ਮੰਤਰੀ ਨੇ ਸਪੱਸ਼ਟ ਕੀਤਾ ਕਿ ਸਿਹਤ ਵਿਭਾਗ ਦੁਆਰਾ ਦਿੱਤੇ ਗਏ ਲੌਗਇਨ ਆਈ ਡੀ ਦੀ ਵਰਤੋਂ ਕਰਕੇ ਸਾਰੇ ਰੈਪਿਡ ਐਂਟੀਜੇਨ ਟੈਸਟ ਨਤੀਜੇ ਆਈਸੀਐਮਆਰ ਪੋਰਟਲ ਵਿੱਚ ਐਂਟਰ ਕੀਤੇ ਜਾਂਦੇ ਹਨ। ਪਾਜ਼ੇਟਿਵ ਕੇਸਾਂ ਦੇ ਉੱਚ ਜੋਖਮ ਦੇ ਸੰਪਰਕ ਵਾਲੇ ਬਿਨਾਂ ਲੱਛਣ ਵਾਲੇ ਵਿਅਕਤੀਆਂ ਅਤੇ ਲੱਛਣ ਵਾਲੇ ਦੇ ਵਿਅਕਤੀਆਂ ਲਈ, ਜੋ ਰੈਪਿਡ ਐਂਟੀਜੇਨ ਟੈਸਟ ਵਿੱਚ ਨੈਗੇਟਿਵ ਪਾਏ ਗਏ ਹਨ, ਉਹਨਾਂ ਵਿਅਕਤੀਆਂ ਦੇ ਐਨਪੀ/ਓਪੀ ਸਵੈਬ ਨੂੰ ਵੀਟੀਐਮ ਵਿੱਚ ਇਕੱਠਾ ਕਰਕੇ ਕੋਵਿਡ -19 ਟੈਸਟ ਦੀ ਜਾਂਚ ਲਈ ਜਿੰਨੀ ਜਲਦੀ ਸੰਭਵ ਹੋ ਸਕੇ, ਰੀਅਲ ਟਾਈਮ ਆਰਟੀ-ਪੀਸੀਆਰ ਪ੍ਰਯੋਗਸ਼ਾਲਾ ਨੂੰ ਭੇਜਿਆ ਜਾਣਾ ਚਾਹੀਦਾ ਹੈ। ਪ੍ਰਾਈਵੇਟ ਹਸਪਤਾਲ ਅਜਿਹੇ ਨਮੂਨੇ ਪੈਕ ਕਰਨ ਲਈ ਲੋੜੀਂਦੇ ਲੋਜਿਸਟਿਕਸ ਦਾ ਪ੍ਰਬੰਧ ਕਰਨਗੇ ਅਤੇ ਆਰਟੀ-ਪੀਸੀਆਰ ਟੈਸਟਿੰਗ ਲੈਬ ਨੂੰ ਭੇਜਣਗੇ।
ਪ੍ਰੋਟੋਕੋਲ ਅਨੁਸਾਰ ਇਸ ਨੂੰ ਨਜ਼ਦੀਕੀ ਸਰਕਾਰੀ ਸਿਹਤ ਸਹੂਲਤ ਲਈ ਵੀ ਭੇਜਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰਮਾਣਿਤ ਨਿੱਜੀ ਹਸਪਤਾਲਾਂ/ਕਲੀਨਿਕਾਂ ਦੁਆਰਾ ਭੇਜੇ ਗਏ ਨਮੂਨਿਆਂ ਦੀ ਸਰਕਾਰੀ ਲੈਬਾਂ ਵਿੱਚ ਮੁਫ਼ਤ ਜਾਂਚ ਕੀਤੀ ਜਾਏਗੀ।