ਪੰਜਾਬ

ਡਾ.ਓਬਰਾਏ ਦੀ ਬਦੌਲਤ 177 ਲੋਕਾਂ ਨੂੰ ਲੈ ਕੇ ਤੀਜੀ ਚਾਰਟਰਡ ਉਡਾਣ ਚੰਡੀਗੜ੍ਹ ਪਹੁੰਚੀ

ਡਾ.ਓਬਰਾਏ ਦੀ ਬਦੌਲਤ 177 ਲੋਕਾਂ ਨੂੰ ਲੈ ਕੇ ਤੀਜੀ ਚਾਰਟਰਡ ਉਡਾਣ ਚੰਡੀਗੜ੍ਹ ਪਹੁੰਚੀ
  • PublishedJuly 22, 2020

ਪ੍ਰੇਸ਼ਾਨੀ ‘ਚ ਮੌਤ ਨੂੰ ਗਲੇ ਲਾ ਰਹੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਹਾਂ : ਡਾ.ਓਬਰਾਏ

ਟਰੱਸਟ ਵੱਲੋਂ ਵਾਪਸ ਪਰਤਣ ਵਾਲਿਆਂ ਲਈ ‘ਹੁਨਰ ਵਿਕਾਸ ਕੇਂਦਰ’ ਖੋਲ੍ਹਣ ਸਬੰਧੀ ਸਰਕਾਰ ਨਾਲ ਗੱਲਬਾਤ ਜਾਰੀ

ਮੋਹਾਲੀ/ਚੰਡੀਗੜ੍ਹ , 22 ਜੁਲਾਈ – ਅਰਬ ਦੇਸ਼ਾਂ ‘ਚੋਂ ਸੈਂਕੜੇ ਮਾਵਾਂ ਦੇ ਪੁੱਤਾਂ ਨੂੰ ਮੌਤ ਦੇ ਮੂੰਹ ਵਿਚੋਂ ਬਚਾ ਕੇ ਹਜ਼ਾਰਾਂ ਘਰ ਉਜੜਨ ਤੋਂ ਬਚਾਉਣ ਵਾਲੇ ਦੁਬਈ ਦੇ ਵੱਡੇ ਦਿਲ ਵਾਲੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਇੱਕ ਵਾਰ ਫਿਰ ਯੂ.ਏ.ਈ.ਅੰਦਰ ਫਸੇ ਹਜ਼ਾਰਾਂ ਭਾਰਤੀਆਂ ‘ਚੋਂ 177 ਲੋਕਾਂ ਨੂੰ ਆਪਣੇ ਖਰਚ ‘ਤੇ ਬੁੱਕ ਕੀਤੇ ਤੀਸਰੇ ਵਿਸ਼ੇਸ਼ ਸਾਲਮ (ਚਾਰਟਰਡ) ਜਹਾਜ਼ ਰਾਹੀਂ
ਵਤਨ ਲਿਆ ਕੇ ਆਪਣੀ ਸੇਵਾ ਦੇ ਖੇਤਰ ਦੀ ਬੇਮਿਸਾਲ ਕਿਤਾਬ ਅੰਦਰ ਮੁੜ ਇੱਕ ਸੁਨਹਿਰੀ ਪੰਨਾ ਜੋੜ ਦਿੱਤਾ ਹੈ।

ਇਸ ਸਬੰਧੀ ਅੱਜ ਇੱਥੇ ਜਾਣਕਾਰੀ ਸਾਂਝੀ ਕਰਦਿਆਂ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਕਾਰਨ ਅਰਬ ਦੇਸ਼ਾਂ ਅੰਦਰ ਹਜ਼ਾਰਾਂ ਹੀ ਅਜਿਹੇ ਭਾਰਤੀ ਫਸੇ ਹੋਏ ਹਨ ਜੋ ਆਪਣੇ ਦੇਸ਼ ਆਉਣ ਲਈ ਤਰਲੋਮੱਛੀ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਉੱਥੇ ਫਸੇ ਲੋਕ ਚਾਰ ਵੱਖ-ਵੱਖ ਵਰਗਾਂ ਨਾਲ ਸਬੰਧਤ ਹਨ ਅਤੇ ਉਹ ਵਰਗ ਜੋ ਸਭ ਤੋੰ ਵੱਧ ਗਿਣਤੀ ਭਾਵ ਹਜ਼ਾਰਾਂ ‘ਚ ਹੈ,ਉਹ ਅਜਿਹੇ ਕਾਮੇ ਹਨ ਜੋ ਕਰੋਨਾ ਮਹਾਂਮਾਰੀ ਦੌਰਾਨ ਕੰਪਨੀਆਂ ਬੰਦ ਹੋਣ ਕਾਰਨ ਸੜਕਾਂ ‘ਤੇ ਆ ਚੁੱਕੇ ਹਨ ਉਨ੍ਹਾਂ ਦੀ ਹਾਲਤ ਇੰਨੀ ਖ਼ਰਾਬ ਹੈ ਕਿ ਉਹ ਦੋ ਵਕਤ ਦੀ ਰੋਟੀ ਨੂੰ ਵੀ ਤਰਸ ਰਹੇ ਹਨ। ਉਨ੍ਹਾਂ ਦੱਸਿਆ ਕਿ ਦੁਬਈ ਅੰਦਰ ਉਨ੍ਹਾਂ ਦੀਆਂ ਨਿੱਜੀ ਰਿਹਾਇਸ਼ੀ ਪਨਾਹਗਾਹਾਂ ਅੰਦਰ ਜਿੰਨੀ ਜਗ੍ਹਾ ਖਾਲੀ ਸੀ,ਉਨ੍ਹਾਂ ਅੰਦਰ ਤਾਂ ਉਹ ਸੈੰਕੜੇ ਬੇਰੁਜ਼ਗਾਰ ਕਾਮਿਆਂ ਨੂੰ ਆਪਣੇ ਪੱਧਰ ‘ਤੇ ਮੁਫ਼ਤ ਰਿਹਾਇਸ਼ ਤੇ ਖਾਣਾ ਦੇ ਰਹੇ ਹਨ ਪਰ ਸਭ ਨੂੰ ਉੱਥੇ ਰੱਖਣਾ ਅਸੰਭਵ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੇਸ਼ੱਕ ਦੁਬਈ ਤੋਂ ਭਾਰਤ ਆਉਣ ਲਈ ਜਿਸਟਰਡ ਹੋਏ ਲੋਕਾਂ ਨੂੰ ਵਿਸ਼ੇਸ਼ ਜਹਾਜ਼ਾਂ ਰਾਹੀਂ ਵਾਪਸ ਲਿਆਂਦਾ ਜਾ ਰਿਹਾ ਹੈ ਪਰ ਸੀਮਿਤ ਉਡਾਣਾਂ ਹੋਣ ਕਾਰਨ ਬਹੁਤ ਸਮਾਂ ਲੱਗ ਰਿਹਾ ਹੈ,ਜਿਸ ਕਾਰਨ ਦਿਨ ਬਦਿਨ ਉੱਥੇ ਬੇਰੁਜ਼ਗਾਰ ਹੋਏ ਲੋਕਾਂ ਦੀ ਹਾਲਤ ਖ਼ਰਾਬ ਹੁੰਦੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਤਹਿਤ ਉਨ੍ਹਾਂ ਆਪਣੇ ਖਰਚ ‘ਤੇ ਬੁੱਕ ਕਰਵਾਈਆਂ 4 ਵਿਸ਼ੇਸ਼ ਉਡਾਣਾਂ ‘ਚੋਂ ਪਹਿਲੀ ਸਾਲਮ ਚਾਰਟਡ ਉਡਾਣ ਜੋ 7 ਜੁਲਾਈ ਨੂੰ ਰਾਸ ਅਲ ਖੇਮਾ (ਯੂ.ਏ.ਈ.) ਹਵਾਈ ਅੱਡੇ ਤੋਂ ਚੰਡੀਗੜ੍ਹ ਏਅਰਪੋਰਟ ਤੇ ਪਹੁੰਚੀ ਸੀ,ਉਸ ਰਾਹੀਂ 177 ਪੰਜਾਬੀਆਂ ਨੂੰ ਵਾਪਸ ਲਿਆਂਦਾ ਸੀ। ਦੂਜੀ ਵਿਸ਼ੇਸ਼ ਸਾਲਮ ਉਡਾਣ ਵੀ ਰਾਸ ਅਲ ਖੇਮਾ (ਯੂ.ਏ.ਈ.) ਹਵਾਈ ਅੱਡੇ ਤੋਂ ਚੱਲ ਕੇ 174 ਫਸੇ ਹੋਏ ਪੰਜਾਬ ਤੇ ਹਰਿਆਣਾ ਨਾਲ ਸਬੰਧਿਤ ਲੋਕਾਂ ਨੂੰ ਲੈ ਕੇ 13 ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਹਵਾਈ ਅੱਡੇ ਵਿਖੇ ਪਹੁੰਚੀ ਸੀ ਜਦ ਕਿ ਅੱਜ ਮੁੜ ਉੱਥੇ ਫਸੇ 177 ਲੋਕਾਂ ਨੂੰ ਲੈ ਕੇ ਤੀਸਰੀ ਸਾਲਮ (ਚਾਰਟਰਡ) ਉਡਾਣ ਚੰਡੀਗੜ੍ਹ ਵਿਖੇ ਪਹੁੰਚੀ ਹੈ,ਜਿਸ ‘ਚ 4 ਜਾਣੇ ਜੰਮੂ ਅਤੇ ਕਸ਼ਮੀਰ,16 ਜਾਣੇ ਹਿਮਾਚਲ ਜਦ ਕਿ ਬਾਕੀ ਪੰਜਾਬ ਨਾਲ ਸਬੰਧਿਤ ਹਨ। ਡਾ.ਓਬਰਾਏ ਨੇ ਦੱਸਿਆ ਕਿ ਵਾਪਿਸ ਪਰਤਣ ਵਾਲਿਆਂ ‘ਚੋਂ ਕੁਝ ਨੇ ਖੁਦ ਟਿਕਟ ਦੇ ਪੈਸੇ ਦਿੱਤੇ, ਕੁੱਝ ਨੇ 30 ਤੋਂ 50 ਫੀਸਦੀ ਪੈਸੇ ਦਿੱਤੇ ਹਨ ਪਰ ਬਹੁਗਿਣਤੀ ਉਨ੍ਹਾਂ ਲੋਕਾਂ ਦੀ ਹੈ ਜਿਨ੍ਹਾਂ ਦੀ ਟਿਕਟ ਦਾ ਸਾਰਾ ਖ਼ਰਚ ਟਰੱਸਟ ਵੱਲੋਂ ਕੀਤਾ ਗਿਆ ਹੈ। ਜਦ ਕਿ ਆਉਣ ਵਾਲੇ ਸਾਰੇ ਲੋਕਾਂ ਦਾ ਕਰੋਨਾ ਟੈਸਟ ਕਰਵਾਉਣ ਦਾ ਖ਼ਰਚਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕੀਤਾ ਗਿਆ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਮੁੱਖ ਮੰਤਵ ਉੱਥੇ ਫਸੇ ਬੇਰੁਜ਼ਗਾਰ ਤੇ ਬੇਵੱਸ ਲੋਕਾਂ ਨੂੰ ਮੁਫਤ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣਾ ਹੈ ਤਾਂ ਜੋ ਇਹ ਨੌਜਵਾਨ ਵਿਦੇਸ਼ ‘ਚ ਦਰ-ਦਰ ਦੀਆਂ ਠੋਕਰਾਂ ਖਾ ਕੇ ਖ਼ੁਦਕਸ਼ੀ ਦੇ ਰਾਹ ਨਾ ਪੈ ਜਾਣ ਜਾਂ ਮਜਬੂਰੀ ਵੱਸ ਕਿਤੇ ਅਪਰਾਧ ਦੀ ਦੁਨੀਆਂ ‘ਚ ਸ਼ਾਮਲ ਨਾ ਹੋ ਜਾਣ। ਇਸ ਲਈ ਹੀ ਉਹ ਖਾੜੀ ਮੁਲਕਾਂ ‘ਚੋਂ ਲਾਸ਼ਾਂ ਵਾਪਿਸ ਲਿਆਉਣ ਜਾਂ ਬਲੱਡ ਮਨੀ ਦੇ ਕੇ ਜੇਲ੍ਹਾਂ ‘ਚੋਂ ਛੁਡਵਾਉਣ ਦੀ ਬਜਾਏ ਇਹ ਖ਼ਰਚਾ ਕਰਕੇ ਜਿਉਂਦੇ ਜਾਗਦੇ ਨੌਜਵਾਨਾਂ ਨੂੰ ਵਾਪਸ ਵਤਨ ਲੈ ਕੇ ਆਉਣ ਲਈ ਯਤਨਸ਼ੀਲ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਖਾੜੀ ਦੇਸ਼ਾਂ ‘ਤੋਂ ਵਾਪਿਸ ਪਰਤੇ ਇਨ੍ਹਾਂ ਲੋਕਾਂ ਨੂੰ ਸਵੈਰੁਜ਼ਗਾਰ ਦੇ ਰਾਹ ਪਾਉਣ ਵਾਸਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਹਰੇਕ ਜ਼ਿਲ੍ਹੇ ‘ਚ ‘ਹੁਨਰ ਵਿਕਾਸ ਕੇਂਦਰ’ ਖੋਲ੍ਹੇ ਜਾਣ ਸਬੰਧੀ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ ਤਾਂ ਜੋ ਉਹ ਪਹਿਲਾਂ ਹੀ ਹੁਨਰਮੰਦ ਮਜ਼ਦੂਰਾਂ ਦੀ ਘਾਟ ਨਾਲ ਜੂਝ ਰਹੇ ਸੂਬੇ ਪੰਜਾਬ ਵਿੱਚ ਹੀ ਆਪਣੇ ਪੈਰਾਂ ‘ਤੇ ਖੜੇ ਹੋ ਕੇ ਵਿਦੇਸ਼ਾਂ ਦੀ ਝਾਕ ਨਾ ਰੱਖਣ।

ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਲੋੜ ਪਈ ਤਾਂ ਟਰੱਸਟ ਵੱਲੋਂ ਅਗਲੇ ਮਹੀਨੇ ਵੀ ਆਪਣੇ ਖਰਚ ‘ਤੇ 4 ਹੋਰ ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕੀਤਾ ਜਾਵੇਗਾ। ਟਰੱਸਟ ਵੱਲੋਂ ਬੁੱਕ ਕਰਵਾਏ ਗਏ ਸਾਲਮ (ਚਾਰਟਰਡ) ਜਹਾਜ਼ਾਂ ‘ਚੋਂ ਅਗਲੀ ਭਾਵ ਚੌਥੀ ਸਾਲਮ ਉਡਾਣ 30 ਜੁਲਾਈ ਨੂੰ ਮੁੜ ਅੰਮ੍ਰਿਤਸਰ ਵਿਖੇ ਪਹੁੰਚੇਗੀ। ਜਿਸ ਲਈ ਉੱਥੇ ਫਸੇ ਲੋਕ ਟਰੱਸਟ ਦੇ ਦੁਬਈ ਸਥਿਤ ਦਫਤਰ ‘ਚ ਆਪਣੇ ਨਾਂ ਦਰਜ ਕਰਵਾ ਰਹੇ ਹਨ।

ਜਿਕਰਯੋਗ ਹੈ ਕਿ ਡਾ.ਐੱਸ.ਪੀ. ਸਿੰਘ ਓਬਰਾਏ ਵੱਲੋਂ ਬੇਗ਼ਾਨੇ ਮੁਲਕ ‘ਚ ਫਸੇ ਲੋਕਾਂ ਦੀ ਵਤਨ-ਵਾਪਸੀ ਲਈ ਚੁੱਕੇ ਗਏ ਇਸ ਵੱਡੇ ਕਦਮ ਕਾਰਨ ਜਿੱਥੇ ਸਰਕਾਰਾਂ ਵੀ ਹੈਰਾਨ ਹਨ ਉੱਥੇ ਹੀ ਪੂਰੀ ਦੁਨੀਆ ਅੰਦਰ ਬੈਠਾ ਹਰੇਕ ਭਾਰਤੀ ਇਸ ਵੱਡੇ ਦਿਲ ਵਾਲੇ ਸਰਦਾਰ ‘ਤੇ ਮਾਣ ਮਹਿਸੂਸ ਕਰ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਆਈ.ਪੀ.ਐੱਸ.ਚੱਡਾ ਤੇ ਪੁਨੀਤ ਆਦਿ ਵੀ ਮੌਜੂਦ ਸਨ ।

Written By
The Punjab Wire