ਸਹਿਕਾਰਤਾ ਮੰਤਰੀ ਨੇ ਭਾਈ ਲੌਂਗੋਵਾਲ ਨੂੰ ਪੱਤਰ ਲਿਖ ਕੇ ਸੂਬੇ ਦੇ ਦੁੱਧ ਉਤਪਾਦਕਾਂ ਦੇ ਹਿੱਤ ਵਿੱਚ ਫੈਸਲੇ ਉਤੇ ਮੁੜ ਗੌਰ ਕਰਨ ਦੀ ਅਪੀਲ ਕੀਤੀ
ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਅਤੇ ਕੜਾਹ ਪ੍ਰਸ਼ਾਦ ਲਈ ਦੇਸੀ ਘਿਓ ਤੇ ਸੁੱਕੇ ਦੁੱਧ ਦੀ ਸਪਲਾਈ ਮਿਲਕਫੈਡ ਨੂੰ ਛੱਡ ਕੇ ਪੁਣੇ ਦੀ ਪ੍ਰਾਈਵੇਟ ਕੰਪਨੀ ਸੋਨਾਈ ਡੇਅਰੀ ਨੂੰ ਦੇਣ ਦਾ ਮਾਮਲਾ
ਚੰਡੀਗੜ੍ਹ, 8 ਜੁਲਾਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਅਤੇ ਕੜਾਹ ਪ੍ਰਸ਼ਾਦ ਲਈ ਦੇਸੀ ਘਿਓ ਤੇ ਸੁੱਕੇ ਦੁੱਧ ਦੀ ਸਪਲਾਈ ਮਿਲਕਫੈਡ ਨੂੰ ਛੱਡ ਕੇ ਪੁਣੇ ਦੀ ਅਣਜਾਨ ਪ੍ਰਾਈਵੇਟ ਕੰਪਨੀ ਸੋਨਾਈ ਡੇਅਰੀ ਨੂੰ ਦੇਣ ਦਾ ਮਾਮਲੇ ਉਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਇਸ ਫੈਸਲੇ ਨਾਲ ਪੰਜਾਬ ਦੇ ਕਰੀਬ 3.5 ਲੱਖ ਦੁੱਧ ਉਤਪਾਦਕਾਂ ਦੇ ਢਿੱਡ ਉਤੇ ਲੱਤ ਵੱਜੀ ਹੈ। ਉਨ੍ਹਾਂ ਆਪਣੇ ਪੱਤਰ ਵਿੱਚ ਕਿਹਾ ਕਿ ਇਨ੍ਹਾਂ ਦੁੱਧ ਉਤਪਾਦਕਾਂ ਵਿੱਚੋਂ 99 ਫੀਸਦੀ ਸਿੱਖ ਹਨ ਜਦੋਂ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਨਿਰੋਲ ਨੁਮਾਇੰਦਾ ਜਥੇਬੰਦੀ ਹੈ ਜਿਸ ਤੋਂ ਅਜਿਹੇ ਫੈਸਲੇ ਦੀ ਆਸ ਵੀ ਨਹੀਂ ਕੀਤੀ ਜਾ ਸਕਦੀ ਸੀ।
ਨਵੇਂ ਇਕਰਾਰਨਾਮੇ ਤਹਿਤ ਪ੍ਰਾਈਵੇਟ ਕੰਪਨੀ ਨੂੰ ਕਰੀਬ 60 ਕਰੋੜ ਰੁਪਏ ਦੇ ਮੁੱਲ ਦੇ ਦੇਸੀ ਘਿਉ ਅਤੇ ਸੁੱਕੇ ਦੁੱਧ ਦੀ ਸਪਲਾਈ ਦਾ ਆਰਡਰ ਮਿਲ ਗਿਆ ਹੈ ਜੋ ਕਈ ਦਹਾਕਿਆਂ ਤੋਂ ਪੰਜਾਬ ਮਿਲਕਫੈਡ ਕੋਲ ਸੀ। ਉਨ੍ਹਾਂ ਭਾਈ ਲੌਂਗੋਵਾਲ ਨੂੰ ਇਸ ਫੈਸਲੇ ਉਤੇ ਮੁੜ ਗੌਰ ਕਰਨ ਦੀ ਅਪੀਲ ਕੀਤੀ ਹੈ।
ਸ. ਰੰਧਾਵਾ ਨੇ ਆਪਣੇ ਪੱਤਰ ਵਿੱਚ ਲਿਖਿਆ, ”ਪ੍ਰਧਾਨ ਸਾਹਿਬ, ਮਿਲਕਫੈਡ ਪੰਜਾਬ ਦਾ ਉਹ ਸਹਿਕਾਰੀ ਅਦਾਰਾ ਹੈ ਜਿਸ ਦਾ ਮਕਸਦ ਮੁਨਾਫ਼ਾਖੋਰੀ ਨਾ ਹੋ ਕੇ ਸੂਬੇ ਦੇ ਦੁੱਧ ਉਤਪਾਦਕਾਂ ਨੂੰ ਦੁੱਧ ਦਾ ਸਹੀ ਭਾਅ ਦੇਣਾ ਅਤੇ ਆਪਣੇ ਉਪਭੋਗਤਾਵਾਂ ਨੂੰ ਉਚ ਮਿਆਰ ਦਾ ਦੁੱਧ, ਘਿਉ, ਪਨੀਰ ਅਤੇ ਦੁੱਧ ਤੋਂ ਬਣੀਆਂ ਹੋਰ ਵਸਤਾਂ ਮੁਹੱਈਆ ਕਰਾਉਣਾ ਹੈ। ਦਹਾਕਿਆਂ ਤੋਂ ਮਿਲਕਫੈਡ ਦਾ ਬਰਾਂਡ ਵੇਰਕਾ ਆਪਣੇ ਉਚ ਮਿਆਰ ਲਈ ਨਾ ਸਿਰਫ਼ ਪੰਜਾਬ ਬਲਕਿ ਪੂਰੇ ਮੁਲਕ ਵਿਚ ਜਾਣਿਆ ਜਾਂਦਾ ਹੈ। ਦਹਾਕਿਆਂ ਤੋਂ ਇਹ ਅਦਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਸੁੱਕਾ ਦੁੱਧ, ਦੇਸੀ ਘਿਉ ਅਤੇ ਪਨੀਰ ਮੁਹੱਈਆ ਕਰਦਾ ਆ ਰਿਹਾ ਹੈ। ਅੱਜ ਤੱਕ ਮਿਆਰ ਜਾਂ ਸਮੇਂ ਸਿਰ ਸਪਲਾਈ ਪੱਖੋਂ ਇੱਕ ਵੀ ਸ਼ਿਕਾਇਤ ਨਹੀਂ ਆਈ। ਦੂਜੇ ਪਾਸੇ, ਪੁਣੇ ਦੀ ਜਿਸ ਨਿੱਜੀ ਕੰਪਨੀ ‘ਸੋਨਾਈ ਡੇਅਰੀ’ ਨੂੰ ਕਰੀਬ 60 ਕਰੋੜ ਦੇ ਸੁੱਕੇ ਦੁੱਧ ਅਤੇ ਦੇਸੀ ਘਿਉ ਦੀ ਸਪਲਾਈ ਦਾ ਆਰਡਰ ਦਿੱਤਾ ਗਿਆ ਹੈ ਉਸ ਦਾ ਅੱਜ ਤੱਕ ਕਿਸੇ ਨੇ ਨਾਂ ਵੀ ਨਹੀਂ ਸੁਣਿਆ।”
ਸ. ਰੰਧਾਵਾ ਨੇ ਕਿਹਾ ਪੁਣੇ ਦੀ ਕੰਪਨੀ ਦਾ ਇੱਕੋ-ਇੱਕ ਮਕਸਦ ਮੁਨਾਫ਼ਾ ਕਮਾਉਣਾ ਹੈ। ਇਸ ਕੰਪਨੀ ਨੇ ਜਿਸ ਰੇਟ ਉਤੇ ਦੇਸੀ ਘਿਓ ਸਪਲਾਈ ਕਰਨ ਦਾ ਇਕਰਾਰਨਾਮਾ ਕੀਤਾ ਹੈ, ਉਸ ਰੇਟ ਉਤੇ ਕੋਈ ਵੀ ਅਦਾਰਾ ਉਚ ਮਿਆਰ ਦਾ ਦੇਸੀ ਘਿਓ ਅਤੇ ਸੁੱਕਾ ਦੁੱਧ ਮੁਹੱਈਆ ਨਹੀਂ ਕਰ ਸਕਦਾ ਜਿਸ ਤੋਂ ਸਪੱਸ਼ਟ ਹੈ ਕਿ ਮਿਆਰ ਨਾਲ ਸਮਝੌਤਾ ਹੋਵੇਗਾ। ਘਟੀਆ ਮਿਆਰ ਦੇ ਦੇਸੀ ਘਿਓ ਅਤੇ ਸੁੱਕੇ ਦੁੱਧ ਦੀ ਸਪਲਾਈ ਨਾਲ ਲੱਖਾਂ ਸ਼ਰਧਾਲੂਆਂ ਦੀ ਸ਼ਰਧਾ ਨਾਲ ਖਿਲਵਾੜ ਹੋਵੇਗਾ। ਇਹ ਫੈਸਲਾ ਉਨ੍ਹਾਂ ਲੱਖਾਂ ਪ੍ਰਾਣੀਆਂ ਦੀ ਸਿਹਤ ਨਾਲ ਵੀ ਖਿਲਵਾੜ ਸਿੱਧ ਹੋਵੇਗਾ ਜਿਹੜੇ ਸ੍ਰੀ ਦਰਬਾਰ ਸਾਹਿਬ ਵਿਚ ਧੰਨ ਸ੍ਰੀ ਗੁਰੂ ਰਾਮਦਾਸ ਲੰਗਰ ਅਤੇ ਹੋਰਨਾਂ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਲੰਗਰਾਂ ਵਿਚ ਪ੍ਰਸ਼ਾਦਾ ਛਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਮਿਲਕਫੈਡ ਨੇ ਕਦੇ ਵੀ ਮਿਆਰਾਂ ਨਾਲ ਸਮਝੌਤਾ ਨਹੀਂ ਕੀਤਾ। ਜੇ ਮਿਲਕਫੈਡ ਦੁੱਧ ਦੇ ਖ਼ਰੀਦ ਰੇਟ ਘਟਾਵੇਗਾ ਤਾਂ ਨਿੱਜੀ ਮਿਲਕ ਪਲਾਂਟ ਅਤੇ ਦੋਧੀ ਵੀ ਨਾਲ ਦੀ ਨਾਲ ਰੇਟ ਘਟਾ ਦੇਣਗੇ ਅਤੇ ਪੰਜਾਬ ਦੇ ਦੁੱਧ ਉਤਪਾਦਕਾਂ ਦਾ ਧੰਦਾ ਚੌਪਟ ਹੋ ਜਾਵੇਗਾ।
ਸਹਿਕਾਰਤਾ ਮੰਤਰੀ ਨੇ ਆਪਣੇ ਪੱਤਰ ਵਿੱਚ ਲਿਖਿਆ, ”ਪ੍ਰਧਾਨ ਸਾਹਿਬ, ਪੰਜਾਬ ਦੇ ਦੁੱਧ ਉਤਪਾਦਕ ਉਹੀ ਕਿਸਾਨ ਹਨ ਜਿਹੜੇ ਹਰ ਸਾਲ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨ ਦੇ ਲੰਗਰਾਂ ਲਈ ਲੱਖਾਂ ਟਨ ਕਣਕ, ਚਾਵਲ ਅਤੇ ਦਾਲਾਂ ਦਾਨ ਵਜੋਂ ਦਿੰਦੇ ਹਨ ਤਾਂ ਕਿ ਗੁਰਦਆਰਾ ਸਾਹਿਬਾਨ ਦੇ ਲੋਹ ਲੰਗਰ ਤਪਦੇ ਰਹਿਣਪਰ ਸ਼੍ਰੋਮਣੀ ਕਮੇਟੀ ਨੇ ਇੱਕ ਵਾਰੀ ਵੀ ਇਹ ਨਹੀਂ ਸੋਚਿਆ ਕਿ ਮਿਲਕਫੈਡ ਤੋਂ 60 ਕਰੋੜ ਦਾ ਆਰਡਰ ਖੋਹ ਕੇ ਕਿਸੇ ਨਿੱਜੀ ਕੰਪਨੀ ਨੂੰ ਦੇਣ ਨਾਲ ਪੰਜਾਬ ਦੇ ਇਨ੍ਹਾਂ ਦੁੱਧ ਉਤਪਾਦਕਾਂ ਦੇ ਢਿੱਡ ਵਿਚ ਹੀ ਲੱਤ ਵਜੇਗੀ।”